ਪੰਜਾਬ ਵਿਚ ਹਾਕਮ ਪਾਰਟੀ ਦੀ ਫੁੱਟ ਨੂੰ ਲੈ ਕੇ ਪਾਰਟੀ ਹਾਈਕਮਾਨ ਵੀ ਹੋਇਆ ਗੰਭੀਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਸਲੇ ਦੇ ਹੱਲ ਲਈ ਦੋ-ਤਿੰਨ ਦਿਨ ਦਾ ਸਮਾਂ ਮੰਗਿਆ, ਫ਼ਿਲਹਾਲ ਵਖਰੀ ਮੁਹਿੰਮ ਰੋਕਣ ਲਈ ਕਿਹਾ

Punjab Congress

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਹਾਈ ਕੋਰਟ ਵਲੋਂ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਰੀਪੋਰਟ ਰੱਦ ਕਰ ਦੇਣ ਬਾਅਦ ਕੈਪਟਨ ਸਰਕਾਰ ਤੇ ਪੰਜਾਬ ਕਾਂਗਰਸ ਅੰਦਰ ਸ਼ੁਰੂ ਹੋਇਆ ਆਪਸੀ ਘਮਾਸਾਨ ਹੋਰ ਵਧ ਗਿਆ ਹੈ। ਹੁਣ ਪੰਜਾਬ ਕਾਂਗਰਸ ਦੇ ਅੰਦਰੂਨੀ ਕਾਟੋ-ਕਲੇਸ਼ ਦੇ ਗੰਭੀਰ ਹੋਣ ਬਾਅਦ ਪਾਰਟੀ ਹਾਈ ਕਮਾਨ ਵੀ ਸਰਗਰਮ ਹੋਇਆ ਹੈ। ਪਰ ਇਸ ਦੇ ਬਾਵਜੂਦ ਪੰਜਾਬ ਕਾਂਗਰਸ ਅੰਦਰ ਬਗ਼ਾਵਤੀ ਸੁਰਾਂ ਤਿੱਖੀਆਂ ਹੀ ਨਹੀਂ ਹੋ ਰਹੀਆਂ ਬਲਕਿ ਇਨ੍ਹਾਂ ਦੀ ਗਿਣਤੀ ਵਧ ਰਹੀ ਹੈ ਭਾਵੇਂ ਸਰਕਾਰੀ ਧਿਰ ਇਸ ਨੂੰ ਗ਼ਲਤ ਦਸ ਰਹੀ ਹੈ।

ਕਾਂਗਰਸ ਹਾਈ ਕਮਾਨ ਵਲੋਂ ਰਾਹੁਲ ਗਾਂਧੀ ਦੀਆਂ ਹਦਾਇਤਾਂ ਬਾਅਦ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਲਗਾਤਾਰ ਮੁੱਖ ਮੰਤਰੀ ਤੋਂ ਨਾਰਾਜ਼ ਹੋ ਕੇ ਵਖਰੀ ਮੁਹਿੰਮ ਚਲਾ ਰਹੇ  ਮੰਤਰੀਆਂ, ਵਿਧਾਇਕਾਂ ਤੇ ਪ੍ਰਮੁੱਖ ਆਗੂਆਂ ਨੂੰ ਫ਼ੋਨ ਕਰ ਕੇ ਫ਼ਿਲਹਾਲ ਇਨ੍ਹਾਂ ਸਰਗਰਮੀਆਂ ਨੂੰ ਦੋ-ਤਿੰਨ ਦਿਨ ਲਈ ਰੋਕ ਦੇਣ ਅਤੇ ਛੇਤੀ ਹੀ ਪੈਦਾ ਹੋਏ ਸੰਕਟ ਦਾ ਹਾਈ ਕਮਾਨ ਵਲੋਂ ਹੱਲ ਕਰਨ ਦਾ ਭਰੋਸਾ ਦੇ ਰਹੇ ਹਨ।

ਭਾਵੇਂ ਕੈਬਨਿਟ ਮੰਤਰੀ ਚਰਨਜੀਤ ਚੰਨੀ ਵਲੋਂ ਕੀਤੀ ਜਾਣ ਵਾਲੀ ਪ੍ਰੈੱਸ ਕਾਨਫ਼ਰੰਸ ਤਾਂ ਰਾਵਤ ਦੀ ਅਪੀਲ ਬਾਅਦ ਫ਼ਿਲਹਾਲ ਰੱਦ ਕਰ ਦਿਤੀ ਗਈ ਸੀ ਪਰ ਕੁੱਝ ਮੰਤਰੀਆਂ ਅਤੇ ਵਿਧਾਇਕਾਂ ਨੇ ਮੰਤਰੀ ਚੰਨੀ ਦੀ ਸਕੱਤਰੇਤ ਸਥਿਤ ਰਿਹਾਇਸ਼ ’ਤੇ ਮੀਟਿੰਗ ਕੀਤੀ। ਇਸ ਵਿਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਸ਼ਾਮਲ ਸਨ। ਇਸ ਤੋਂ ਇਲਾਵਾ ਇਸ ਮੀਟਿੰਗ ’ਚ ਸ਼ਾਮਲ ਸੀਨੀਅਰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਧਾਇਕ ਪਰਗਟ ਸਿੰਘ ਦੀ ਹਾਜ਼ਰੀ ਵੀ ਖ਼ਾਸ ਤੌਰ ’ਤੇ ਜ਼ਿਕਰਯੋਗ ਹੈ। 

ਪਾਰਟੀ ਹਾਈ ਕਮਾਨ ਲੈ ਸਕਦਾ ਹੈ ਇਕੱਲੇ ਇਕੱਲੇ ਵਿਧਾਇਕ ਦੀ ਰਾਏ 

ਪੰਜਾਬ ਕਾਂਗਰਸ ਦੇ ਚੱਲ ਰਹੇ ਘਮਾਸਾਨ ’ਚ ਪਾਰਟੀ ਹਾਈ ਕਮਾਨ ਵਲੋਂ ਦਖ਼ਲ ਦੇਣ ਤੋਂ ਬਾਅਦ ਹੁਣ ਇਹ ਜਾਣਕਾਰੀ ਮਿਲ ਰਹੀ ਹੈ ਕਿ ਦਿੱਲੀ ਤੋਂ ਸੀਨੀਅਰ ਆਗੂਆਂ ਦਾ ਪੈਨਲ ਚੰਡੀਗੜ੍ਹ ਆ ਕੇ ਪਾਰਟੀ ਦੇ ਸਾਰੇ ਵਿਧਾਇਕਾਂ ਤੋਂ ਪੈਦਾ ਹੋਏ ਮੌਜੂਦਾ ਸੰਕਟ ਬਾਰੇ ਇਕੱਲੇ-ਇਕੱਲੇ ਦੀ ਰਾਏ ਪੁੱਛ ਕੇ ਕੋਈ ਅਗਲਾ ਫ਼ੈਸਲਾ ਸੁਣਾ ਸਕਦਾ ਹੈ। ਪਾਰਟੀ ਇੰਚਾਰਜ ਹਰੀਸ਼ ਰਾਵਤ ਵੀ ਇਕ-ਦੋ ਦਿਨ ’ਚ ਚੰਡੀਗੜ੍ਹ ਪਹੁੰਚ ਰਹੇ ਹਨ ਕਿਉਂਕਿ ਪੰਜਾਬ ਕਾਂਗਰਸ ’ਚ ਬਣੀ ਸਾਰੀ ਮੌਜੂਦਾ ਸਥਿਤੀ ਦੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਪੂਰੀ ਜਾਣਕਾਰੀ ਮਿਲ ਚੁੱਕੀ ਹੈ।

ਬੇਅਦਬੀ ਤੇ ਗੋਲੀ ਕਾਂਡ ਦੇ ਮਾਮਲੇ ਨੂੰ ਭਟਕਾਇਆ ਜਾ ਰਿਹੈ : ਰੰਧਾਵਾ

ਮੀਟਿੰਗ ਤੋਂ ਬਾਅਦ ਚੰਨੀ ਦੀ ਰਿਹਾਇਸ਼ ਤੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਸਿੱਧੇ ਤੌਰ ’ਤੇ ਮੁੱਖ ਮੰਤਰੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਡੀ ਲੜਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਗੋਲੀ ਕਾਂਡ ਦੇ ਨਿਆਂ ਦੀ ਹੈ ਪਰ ਇਸ ਨੂੰ ਹੋਰ ਗੱਲਾਂ ਕਰ ਕੇ ਭਟਕਾਇਆ ਜਾ ਰਿਹਾ ਹੈ। ਬੜੀ ਮੰਦਭਾਗੀ ਗੱਲ ਹੈ ਕਿ ਪਤਾ ਨਹੀਂ ਕਿਹੜੇ ਲੋਕ ਸਾਜ਼ਸ਼ਾਂ ਕਰ ਕੇ ਇਸ ਲੜਾਈ ਨੂੰ ਕਿਸੇ ਹੋਰ ਪਾਸੇ ਲਿਜਾ ਰਹੇ ਹਨ।  

ਰੰਧਾਵਾ ਨੇ ਇਹ ਵੀ ਕਿਹਾ ਕਿ ਨਾ ਮੈਂ ਵਿਜੀਲੈਂਸ ਤੋਂ ਡਰਦਾ ਹਾਂ ਤੇ ਨਾ ਹੀ ਜੇਲ ਜਾਣ ਤੋਂ। ਚੰਨੀ ਵਿਰੁਧ ਮਹਿਲਾ ਕਮਿਸ਼ਨ ਦੇ ਮਾਮਲੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮਹਿਲਾ ਕਮਿਸ਼ਨ ਇਕ ਸੰਵਿਧਾਨਕ ਸੰਸਥਾ ਹੈ ਅਤੇ ਜਦੋਂ ਇਸ ਦਾ ਕੋਈ ਚੇਅਰਮੈਨ ਬਣ ਜਾਂਦਾ ਹੈ ਤਾਂ ਉਸ ਦਾ ਕਿਸੇ ਪਾਰਟੀ ਨਾਲ ਸਬੰਧ ਨਹੀਂ ਰਹਿ ਜਾਂਦਾ। ਉਨ੍ਹਾਂ ਪੰਜਾਬ ਮਹਿਲਾ ਕਮਿਸ਼ਨ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਚੁੱਕੇ। 

ਰੰਧਾਵਾ ਨੇ ਕਿਹਾ ਕਿ ਚੋਣ ਮੈਨੀਫ਼ੈਸਟੋ ’ਚ ਅਸੀਂ ਬੇਅਦਬੀ ਦੇ ਨਿਆਂ ਤੇ ਨਸ਼ੇ ਖ਼ਤਮ ਕਰਨ ਦੇ ਵੱਡੇ ਵਾਅਦੇ ਕੀਤੇ ਸਨ। ਮੈਂ ਤੇ ਤ੍ਰਿਪਤ ਰਜਿੰਦਰ ਬਾਜਵਾ ਬਰਗਾੜੀ ਖ਼ੁਦ ਸਰਕਾਰ ਵਲੋਂ ਮੋਰਚਾ ਖ਼ਤਮ ਕਰਵਾਉਣ ਗਏ ਸੀ ਅਤੇ ਸਾਨੂੰ ਖ਼ੁਦ ਮੁੱਖ ਮੰਤਰੀ ਨੇ ਭੇਜਿਆ ਸੀ। ਜੇ ਹੁਣ ਨਿਆਂ ਨਾ ਦੇ ਸਕੇ ਤਾਂ ਅੱਗੇ ਅਸੀਂ ਕਿਹੜੇ ਮੂੰਹ ਨਾਲ ਲੋਕਾਂ ’ਚ ਜਾਵਾਂਗੇ। ਉਨ੍ਹਾਂ ਕਿਹਾ ਕਿ ਬੜੀ ਮਾੜੀ ਗੱਲ ਹੈ ਕਿ ਅਸੀਂ ਜਿਨ੍ਹਾਂ ਵਿਰੁਧ ਕਾਰਵਾਈ ਦਾ ਵਾਅਦਾ ਕਰ ਕੇ ਆਏ ਸੀ ਪਰ ਇਸ ਦੇ ਉਲਟ ਅਪਣਿਆਂ ਵਿਰੁਧ ਹੀ ਐਸੀ ਕਾਰਵਾਈ ਲਈ ਤੁਰ ਪਏ ਹਾਂ।

ਧਮਕੀ ਤੇ ਵਿਜੀਲੈਂਸ ਮਾਮਲਿਆਂ ਬਾਰੇ ਮੁੱਖ ਮੰਤਰੀ ਖ਼ੁਦ ਸਪਸ਼ਟ ਕਰਨ : ਪ੍ਰਤਾਪ ਬਾਜਵਾ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਚੰਨੀ ਦੀ ਰਿਹਾਇਸ਼ ’ਤੇ ਮੀਟਿੰਗ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੀਟਿੰਗ ਦਾ ਕੋਈ ਖ਼ਾਸ ਏਜੰਡਾ ਨਹੀਂ ਸੀ ਅਤੇ ਚਲ ਰਹੇ ਮਾਮਲਿਆਂ ’ਤੇ ਹੀ ਵਿਚਾਰ ਹੋਈ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਪਰਗਟ ਸਿੰਘ ਨੂੰ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਰਾਹੀਂ ਧਮਕੀ ਅਤੇ ਨਵਜੋਤ ਸਿੱਧੂ ’ਤੇ ਵਿਜੀਲੈਂਸ ਕਾਰਵਾਈ ਦਾ ਮਾਮਲਾ ਬਹੁਤ ਗੰਭੀਰ ਹੈ। ਮੁੱਖ ਮੰਤਰੀ ਸਾਹਿਬ ਨੂੰ ਇਸ ਬਾਰੇ ਖ਼ੁਦ ਸਾਹਮਣੇ ਆ ਕੇ ਸਪਸ਼ਟ ਕਰਨਾ ਚਾਹੀਦਾ ਹੈ। ਉਹ ਦੱਸਣ ਕਿ ਇਹ ਉਨ੍ਹਾਂ ਦੀ ਮਰਜ਼ੀ ਨਾਲ ਹੋਇਆ ਜਾਂ ਬਿਨਾਂ ਮਰਜ਼ੀ ਦੇ। 

ਅਗਰ ਬਿਨਾਂ ਮਰਜ਼ੀ ਦੇ ਹੋਇਆ ਤਾਂ ਕਾਰਵਾਈ ਹੋਣੀ ਚਾਹੀਦੀ ਹੈ। ਵਿਜੀਲੈਂਸ ਬਿਊਰੋ ਬਾਰੇ ਉਨ੍ਹਾਂ ਕਿਹਾ ਕਿ ਇਸ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ। ਜੇ ਵਿਜੀਲੈਂਸ ਨੇ ਕੁੱਝ ਕਰਨਾ ਹੀ ਹੈ ਤਾਂ ਬਾਦਲ ਸਰਕਾਰ ਸਮੇਂ ਦੇ ਕਰੋੜਾਂ ਰੁਪਏ ਦੇ ਘੁਟਾਲਿਆਂ ਦੀ ਜਾਂਚ ਕਰੇ ਪਰ ਉਲਟਾ ਅਪਣਿਆਂ ’ਤੇ ਹੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। 

ਉਨ੍ਹਾਂ ਕਿਹਾ ਕਿ ਵਿਜੀਲੈਂਸ ਦੀ ਇਸ ਤਰ੍ਹਾਂ ਵਰਤੋਂ ਕੋਈ ਚੰਗੀ ਰੀਤ ਨਹੀਂ। ਇਹ ਸੱਭ ਕੁੱਝ ਬੰਦ ਹੋਣਾ ਚਾਹੀਦਾ ਹੈ। ਅਗਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਸਰਕਾਰ ਤੇ ਪਾਰਟੀ ਨੂੰ ਆਉਣ ਵਾਲੇ ਦਿਨਾਂ ’ਚ ਬਹੁਤ ਕੁੱਝ ਹੋ ਸਕਦਾ ਹੈ। ਬਾਜਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਤੇ ਸਰਕਾਰ ’ਚ ਪੈਦਾ ਹੋਈ ਸਥਿਤੀ ’ਤੇ ਹਰੀਸ਼ ਰਾਵਤ ਨੇ ਵੀ ਮੇਰੇ ਨਾਲ ਗੱਲਬਾਤ ਦੌਰਾਨ ਕਾਫ਼ੀ ਫ਼ਿਕਰਮੰਦੀ ਜ਼ਾਹਰ ਕੀਤੀ ਹੈ। ਉਨ੍ਹਾਂ 2-3 ਦਿਨ ’ਚ ਮਸਲੇ ਦੇ ਕਿਸੇ ਹੱਲ ਦੀ ਵੀ ਗੱਲ ਆਖੀ ਹੈ। ਚੰਨੀ ਦੇ ਮਾਮਲੇ ਬਾਰੇ ਬਾਜਵਾ ਨੇ ਕਿਹਾ ਕਿ ਇਸ ’ਚ ਕੁੱਝ ਵੀ ਨਹੀਂ ਤੇ ਪੁਰਾਣਾ ਮਾਮਲਾ ਹੈ, ਪਰ ਇਸ ਬਾਰੇ ਚੰਨੀ ਖ਼ੁਦ ਜਵਾਬ ਦੇ ਦੇਣਗੇ। ਉਹ ਅਪਣਾ ਪੱਖ ਰੱਖਣ ਦੇ ਸਮਰੱਥ ਹਨ।