ਅਤਿਵਾਦ ਫੰਡਿੰਗ ਕੇਸ ’ਚ ਯਾਸੀਨ ਮਲਿਕ ਦੋਸ਼ੀ ਕਰਾਰ, ਸਜ਼ਾ 'ਤੇ NIA ਅਦਾਲਤ 'ਚ 25 ਮਈ ਤੋਂ ਹੋਵੇਗੀ ਬਹਿਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਲਿਕ ਨੇ ਅਦਾਲਤ ਨੂੰ ਕਿਹਾ ਕਿ ਉਹ ਆਪਣੇ 'ਤੇ ਲਗਾਏ ਗਏ ਦੋਸ਼ਾਂ ਨੂੰ ਚੁਣੌਤੀ ਨਹੀਂ ਦੇਵੇਗਾ।

Yasin Malik Convicted In Terror Funding Case

 

ਨਵੀਂ ਦਿੱਲੀ: ਕਸ਼ਮੀਰੀ ਵੱਖਵਾਦੀ ਨੇਤਾ ਯਾਸੀਨ ਮਲਿਕ ਨੂੰ ਟੈਰਰ ਫੰਡਿੰਗ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਮਲਿਕ ਦੀ ਸਜ਼ਾ ਤੈਅ ਕਰਨ ਲਈ ਐਨਆਈਏ ਅਦਾਲਤ ਵਿਚ ਸਜ਼ਾ ਬਾਰੇ ਬਹਿਸ 25 ਮਈ ਤੋਂ ਸ਼ੁਰੂ ਹੋਵੇਗੀ। ਦਿੱਲੀ ਦੀ ਇਕ ਅਦਾਲਤ 'ਚ ਯਾਸੀਨ ਮਲਿਕ ਨੇ ਅਤਿਵਾਦ ਦੇ ਵਿੱਤ ਪੋਸ਼ਣ ਮਾਮਲੇ 'ਚ ਦੋਸ਼ ਸਵੀਕਾਰ ਕਰ ਲਏ ਸਨ, ਜਿਸ ਤੋਂ ਬਾਅਦ ਅੱਜ ਅਦਾਲਤ ਨੇ ਮਲਿਕ ਨੂੰ ਦੋਸ਼ੀ ਕਰਾਰ ਦਿੱਤਾ ਹੈ।

Yasin Malik

ਮਲਿਕ ਨੇ ਹਾਲ ਹੀ ਵਿਚ 2017 'ਚ ਕਸ਼ਮੀਰ ਘਾਟੀ 'ਚ ਅਸ਼ਾਂਤੀ ਪੈਦਾ ਕਰਨ ਵਾਲੇ ਕਥਿਤ ਅਤਿਵਾਦੀ ਅਤੇ ਵੱਖਵਾਦੀ ਗਤੀਵਿਧੀਆਂ ਨਾਲ ਜੁੜੇ ਇਕ ਮਾਮਲੇ 'ਚ ਦਿੱਲੀ ਦੀ ਇਕ ਅਦਾਲਤ ਦੇ ਸਾਹਮਣੇ ਯੂਏਪੀਏ ਅਤੇ ਵੱਖ-ਵੱਖ ਧਾਰਾਵਾਂ ਦੇ ਤਹਿਤ ਉਸ 'ਤੇ ਲਗਾਏ ਗਏ ਸਾਰੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਸੀ। ਮਲਿਕ ਨੇ ਅਦਾਲਤ ਨੂੰ ਕਿਹਾ ਕਿ ਉਹ ਆਪਣੇ 'ਤੇ ਲਗਾਏ ਗਏ ਦੋਸ਼ਾਂ ਨੂੰ ਚੁਣੌਤੀ ਨਹੀਂ ਦੇਵੇਗਾ। ਮਾਮਲੇ ਦੀ ਸੁਣਵਾਈ ਕਰ ਰਹੇ ਵਿਸ਼ੇਸ਼ ਜੱਜ ਪ੍ਰਵੀਨ ਸਿੰਘ ਨੇ ਐਨਆਈਏ ਅਧਿਕਾਰੀਆਂ ਨੂੰ ਯਾਸੀਨ ਮਲਿਕ ਦੀ ਵਿੱਤੀ ਹਾਲਤ ਦਾ ਮੁਲਾਂਕਣ ਕਰਨ ਦੇ ਨਿਰਦੇਸ਼ ਦਿੱਤੇ ਹਨ।

Yasin Malik

ਇਸ ਮਾਮਲੇ ਵਿਚ ਅਦਾਲਤ ਨੇ ਫਾਰੂਕ ਅਹਿਮਦ ਡਾਰ ਉਰਫ਼ ਬਿੱਟਾ ਕਰਾਟੇ, ਸ਼ਬੀਰ ਸ਼ਾਹ, ਮਸਰਤ ਆਲਮ, ਮੁਹੰਮਦ ਯੂਸਫ਼ ਸ਼ਾਹ, ਆਫ਼ਤਾਬ ਅਹਿਮਦ ਸ਼ਾਹ, ਅਲਤਾਫ਼ ਅਹਿਮਦ ਸ਼ਾਹ, ਨਈਮ ਖ਼ਾਨ, ਮੁਹੰਮਦ ਅਕਬਰ ਖ਼ਾਂਡੇ, ਰਾਜਾ ਮਹਿਰਾਜੂਦੀਨ ਕਲਵਲ, ਬਸ਼ੀਰ ਅਹਿਮਦ ਭੱਟ, ਜ਼ਹੂਰ ਅਹਿਮਦ ਵਟਾਲੀ, ਸ਼ਬੀਰ ਅਹਿਮਦ ਸ਼ਾਹ, ਅਬਦੁਲ ਰਸ਼ੀਦ ਸ਼ੇਖ, ਅਤੇ ਨਵਲ ਕਿਸ਼ੋਰ ਕਪੂਰ ਸਮੇਤ ਹੋਰ ਕਸ਼ਮੀਰੀ ਵੱਖਵਾਦੀ ਨੇਤਾਵਾਂ ਵਿਰੁੱਧ ਰਸਮੀ ਤੌਰ 'ਤੇ ਇਲਜ਼ਾਮ ਤੈਅ ਕੀਤੇ ਗਏ ਹਨ। ਲਸ਼ਕਰ-ਏ-ਤੋਇਬਾ ਦੇ ਸੰਸਥਾਪਕ ਹਾਫਿਜ਼ ਸਈਦ ਅਤੇ ਹਿਜ਼ਬੁਲ ਮੁਜਾਹਿਦੀਨ ਦੇ ਮੁਖੀ ਸਈਦ ਸਲਾਹੁਦੀਨ ਵਿਰੁੱਧ ਵੀ ਕੇਸ ਦਰਜ ਕੀਤਾ ਗਿਆ ਸੀ, ਜਿਨ੍ਹਾਂ ਨੂੰ ਇਸ ਮਾਮਲੇ ਵਿਚ ਭਗੌੜਾ ਐਲਾਨਿਆ ਗਿਆ ਹੈ।