ਭਰਤਪੁਰ ਦੇ ਸਾਬਕਾ ਸ਼ਾਹੀ ਪਰਵਾਰ ਦਾ ਕਲੇਸ਼ ਜਗ-ਜ਼ਾਹਰ, ਪਤਨੀ ਤੇ ਬੇਟੇ ਵਿਰੁਧ ਅਦਾਲਤ ਪੁੱਜੇ ਰਾਜਸਥਾਨ ਦੇ ਸਾਬਕਾ ਮੰਤਰੀ
ਮਹਿਲ ਦੇ ਅੰਦਰ ਲੰਮੇ ਸਮੇਂ ਤਕ ਤਸੀਹੇ ਦੇਣ ਦਾ ਦੋਸ਼ ਲਾਇਆ
ਜੈਪੁਰ: ਰਾਜਸਥਾਨ ਦੇ ਸਾਬਕਾ ਕੈਬਨਿਟ ਮੰਤਰੀ ਵਿਸ਼ਵੇਂਦਰ ਸਿੰਘ ਨੇ ਅਪਣੀ ਪਤਨੀ ਅਤੇ ਬੇਟੇ ਵਿਰੁਧ ਸਬ-ਡਵੀਜ਼ਨਲ ਮੈਜਿਸਟਰੇਟ (ਐਸ.ਡੀ.ਐਮ.) ਦੀ ਅਦਾਲਤ ’ਚ ਅਰਜ਼ੀ ਦਾਇਰ ਕਰ ਕੇ ਗੁਜ਼ਾਰਾ-ਪੋਸ਼ਣ ਦਾ ਖ਼ਰਚਾ ਮੰਗਿਆ ਹੈ | ਉਨ੍ਹਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਪਤਨੀ ਅਤੇ ਬੇਟਾ ਉਨ੍ਹਾਂ ਨਾਲ ਕੁੱਟਮਾਰ ਕਰਦੇ ਸਨ ਅਤੇ ਉਨ੍ਹਾਂ ਨੂੰ ਪੇਟ ਭਰ ਕੇ ਖਾਣਾ ਵੀ ਨਹੀਂ ਮਿਲਦਾ ਸੀ, ਜਿਸ ਕਾਰਨ ਉਹ ਤੰਗ ਆ ਕੇ ਘਰੋਂ ਚਲੇ ਗਏ।
ਇਸ ਦੇ ਜਵਾਬ ’ਚ ਉਨ੍ਹਾਂ ਦੀ ਪਤਨੀ ਅਤੇ ਬੇਟੇ ਨੇ ਵਿਸ਼ਵੇਂਦਰ ਸਿੰਘ ’ਤੇ ਅਪਣੀ ਜੱਦੀ ਜਾਇਦਾਦ ਵੇਚਣ ਅਤੇ ਉਨ੍ਹਾਂ ਦਾ ਅਕਸ ਖਰਾਬ ਕਰਨ ਦਾ ਦੋਸ਼ ਲਾਇਆ।ਭਰਤਪੁਰ ਦੇ ਸਾਬਕਾ ਸ਼ਾਹੀ ਪਰਵਾਰ ਦੇ ਪਰਵਾਰਕ ਮੈਂਬਰ ਵਿਸ਼ਵੇਂਦਰ ਸਿੰਘ ਨੇ ਮਾਰਚ ’ਚ ਮਾਪਿਆਂ ਅਤੇ ਸੀਨੀਅਰ ਨਾਗਰਿਕਾਂ ਦੀ ਦੇਖਭਾਲ ਅਤੇ ਭਲਾਈ ਐਕਟ, 2007 ਦੇ ਤਹਿਤ ਐਸ.ਡੀ.ਐਮ. ਅਦਾਲਤ ’ਚ ਅਰਜ਼ੀ ਦਾਇਰ ਕੀਤੀ ਸੀ।
ਉਹ ਪਿਛਲੀ ਅਸ਼ੋਕ ਗਹਿਲੋਤ ਸਰਕਾਰ ’ਚ ਕੈਬਨਿਟ ਮੰਤਰੀ ਸਨ, ਜਦਕਿ ਉਨ੍ਹਾਂ ਦੀ ਪਤਨੀ ਭਰਤਪੁਰ ਤੋਂ ਲੋਕ ਸਭਾ ਮੈਂਬਰ ਸੀ। ਵਿਸ਼ਵੇਂਦਰ ਦੀ ਪਤਨੀ ਦਿਵਿਆ ਸਿੰਘ ਅਤੇ ਬੇਟੇ ਅਨਿਰੁਧ ਸਿੰਘ ਨੇ ਭਰਤਪੁਰ ’ਚ ਇਕ ਪ੍ਰੈਸ ਕਾਨਫਰੰਸ ਕਰ ਕੇ ਉਨ੍ਹਾਂ ’ਤੇ ਪਰੇਸ਼ਾਨ ਕਰਨ ਅਤੇ ਉਨ੍ਹਾਂ ਦਾ ਅਕਸ ਖਰਾਬ ਕਰਨ ਦਾ ਦੋਸ਼ ਲਾਇਆ।
62 ਸਾਲ ਦੇ ਵਿਸ਼ਵੇਂਦਰ ਸਿੰਘ ਨੇ ਅਦਾਲਤ ’ਚ ਅਪਣੀ ਅਰਜ਼ੀ ’ਚ ਕਿਹਾ ਸੀ ਕਿ ਉਹ ਦਿਲ ਦੇ ਮਰੀਜ਼ ਹਨ ਅਤੇ ਡਿਪਰੈਸ਼ਨ ਦਾ ਸਾਹਮਣਾ ਨਹੀਂ ਕਰ ਸਕਦੇ।ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ 2021 ਅਤੇ 2022 ਵਿਚ ਦੋ ਵਾਰ ਕੋਵਿਡ-19 ਨਾਲ ਬਿਮਾਰ ਹੋਣ ਦੇ ਬਾਵਜੂਦ, ਉਨ੍ਹਾਂ ਦੀ ਪਤਨੀ ਅਤੇ ਬੇਟਾ ਉਸ ਦੀ ਸਹਾਇਤਾ ਕਰਨ ਜਾਂ ਉਸ ਦੀ ਦੇਖਭਾਲ ਕਰਨ ਵਿਚ ਅਸਫਲ ਰਹੇ।
ਉਨ੍ਹਾਂ ਕਿਹਾ, ‘‘ਪਿਛਲੇ ਕੁੱਝ ਸਾਲਾਂ ਤੋਂ, ਮੇਰੀ ਪਤਨੀ ਅਤੇ ਬੇਟੇ ਨੇ ਮੇਰੇ ਵਿਰੁਧ ਬਗਾਵਤ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਨੇ ਮੇਰੇ ’ਤੇ ਹਮਲਾ ਕੀਤਾ। ਉਨ੍ਹਾਂ ਨੇ ਮੇਰੇ ਦਸਤਾਵੇਜ਼ ਅਤੇ ਕਪੜੇ ਸਾੜ ਦਿਤੇ ਅਤੇ ਮੇਰੇ ਨਾਲ ਜ਼ੁਬਾਨੀ ਬਦਸਲੂਕੀ ਕੀਤੀ। ਉਨ੍ਹਾਂ ਨੇ ਖਾਣਾ ਦੇਣਾ ਵੀ ਬੰਦ ਕਰ ਦਿਤਾ।’’
ਉਨ੍ਹਾਂ ਕਿਹਾ, ‘‘ਮੈਨੂੰ ਕਿਸੇ ਨੂੰ ਮਿਲਣ ਦੀ ਮਨਾਹੀ ਸੀ ਅਤੇ ਉਨ੍ਹਾਂ ਨੇ ਮੈਨੂੰ ਮਹਿਲ ਦੇ ਅੰਦਰ ਲੰਮੇ ਸਮੇਂ ਤਕ ਤਸੀਹੇ ਦਿਤੇ। ਆਖਰਕਾਰ, ਉਨ੍ਹਾਂ ਨੇ ਮੈਨੂੰ ਘਰੋਂ ਬਾਹਰ ਕੱਢ ਦਿਤਾ ਅਤੇ ਮੈਂ ਕਈ ਸਾਲਾਂ ਤੋਂ ਕਿਤੇ ਹੋਰ ਰਹਿ ਰਿਹਾ ਹਾਂ।’’
ਉਨ੍ਹਾਂ ਅੱਗੇ ਕਿਹਾ, ‘‘ਜਦੋਂ ਤੋਂ ਮੈਨੂੰ ਮਹਿਲ ਤੋਂ ਬਾਹਰ ਕਢਿਆ ਗਿਆ ਹੈ, ਉਦੋਂ ਤੋਂ ਮੈਂ ਖਾਨਾਬਦੋਸ਼ ਜ਼ਿੰਦਗੀ ਜੀ ਰਿਹਾ ਹਾਂ। ਸ਼ੁਰੂ ’ਚ ਮੈਂ ਜੈਪੁਰ ’ਚ ਅਪਣੀ ਸਰਕਾਰੀ ਰਿਹਾਇਸ਼ ’ਚ ਰਿਹਾ, ਅਤੇ ਬਾਅਦ ’ਚ ਮੈਂ ਇਕ ਹੋਟਲ ’ਚ ਰਿਹਾ।’’
ਵਿਸ਼ਵੇਂਦਰ ਸਿੰਘ ਨੇ ਅਪਣੀ ਅਰਜ਼ੀ ’ਚ ਕਿਹਾ, ‘‘ਉਹ ਲਗਾਤਾਰ ਮੈਨੂੰ ਮਹਿਲ ’ਚ ਦਾਖਲ ਹੋਣ ਤੋਂ ਇਨਕਾਰ ਕਰ ਰਹੇ ਹਨ।’’ ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੀ ਪਤਨੀ ਅਤੇ ਬੇਟੇ ਕੋਲ ਕਈ ਪੁਰਾਤਨ ਚੀਜ਼ਾਂ, ਟਰਾਫੀਆਂ, ਪੇਂਟਿੰਗਾਂ ਅਤੇ ਫਰਨੀਚਰ ਹਨ ਜੋ ਪੁਰਖਿਆਂ ਤੋਂ ਵਿਰਾਸਤ ’ਚ ਮਿਲੇ ਹਨ, ਜਿਨ੍ਹਾਂ ਦੀ ਕੀਮਤ ਕਰੋੜਾਂ ਰੁਪਏ ਹੈ।
ਵਿਸ਼ਵੇਂਦਰ ਸਿੰਘ ਨੇ ਅਪਣੇ ਬੇਟੇ ਅਤੇ ਪਤਨੀ ਤੋਂ ਗੁਜ਼ਾਰਾ ਭੱਤੇ ਦੇ ਦਾਅਵੇ ਵਜੋਂ ਪ੍ਰਤੀ ਮਹੀਨਾ 5 ਲੱਖ ਰੁਪਏ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮਹਿਲ ਦੀ ਮਲਕੀਅਤ ਅਤੇ ਉਸ ਦੀਆਂ ਸਾਰੀਆਂ ਜਾਇਦਾਦਾਂ ਨੂੰ ਉਸ ਨੂੰ ਤਬਦੀਲ ਕਰਨ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ, ‘‘ਮੈਂ ਅਪਣੇ ਬੇਟੇ ਅਤੇ ਪਤਨੀ ਤੋਂ ਗੁਜ਼ਾਰਾ ਭੱਤੇ ਲਈ ਅਰਜ਼ੀ ਦਾਇਰ ਕੀਤੀ ਹੈ। ਉਨ੍ਹਾਂ ਨੇ ਮੇਰੇ ਜੱਦੀ ਮਹਿਲ, ਸੋਨੇ ਅਤੇ ਮੇਰੀ ਸਾਰੀ ਜਾਇਦਾਦ ’ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਨੇ ਮੈਨੂੰ ਕੁੱਟਿਆ ਅਤੇ ਮੈਨੂੰ ਮਹਿਲ ਤੋਂ ਬਾਹਰ ਕੱਢ ਦਿਤਾ।’’
ਵਿਸ਼ਵੇਂਦਰ ਸਿੰਘ ਦੀ ਪਤਨੀ ਦਿਵਿਆ ਸਿੰਘ ਅਤੇ ਬੇਟੇ ਅਨਿਰੁਧ ਨੇ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਅਤੇ ਵਿਸ਼ਵੇਂਦਰ ਸਿੰਘ ’ਤੇ ਜੱਦੀ ਜਾਇਦਾਦ ਵੇਚਣ ਦਾ ਦੋਸ਼ ਲਾਇਆ।
ਦਿਵਿਆ ਨੇ ਕਿਹਾ, ‘‘ਮੇਰਾ ਬੇਟਾ ਅਨਿਰੁਧ ਸਿੰਘ ਮੇਰੀ ਦੇਖਭਾਲ ਕਰ ਰਿਹਾ ਹੈ। ਮੈਂ ਅਪਣੀ ਜਾਇਦਾਦ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਭਾਵੇਂ ਉਨ੍ਹਾਂ ਨੇ ਸੱਭ ਕੁੱਝ ਵੇਚ ਦਿਤਾ ਹੈ।’’
ਪਰਵਾਰਕ ਝਗੜਾ ਉਦੋਂ ਵਧਿਆ ਜਦੋਂ ਵਿਸ਼ਵੇਂਦਰ ਸਿੰਘ ਨੇ ਮੋਤੀ ਮਹਿਲ ਵੇਚਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੇ ਬੇਟੇ ਅਨਿਰੁਧ ਸਿੰਘ ਨੇ ਕਿਹਾ ਕਿ ਅਰਜ਼ੀ ਮਾਰਚ 2024 ’ਚ ਦਾਇਰ ਕੀਤੀ ਗਈ ਸੀ ਅਤੇ ਪਿਤਾ ਨੇ ਐਸ.ਡੀ.ਐਮ. ’ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।
ਉਨ੍ਹਾਂ ਨੇ ਅਪਣੇ ਪਿਤਾ ਦੇ ਦੋਸ਼ਾਂ ਨੂੰ ਝੂਠਾ ਕਰਾਰ ਦਿਤਾ ਕਿ ਉਨ੍ਹਾਂ ਦੇ ਪਿਤਾ ਪਿਛਲੀ ਸਰਕਾਰ ’ਚ ਕੈਬਨਿਟ ਮੰਤਰੀ ਸਨ ਅਤੇ ਉਨ੍ਹਾਂ ’ਤੇ ਕਿਸੇ ਹਮਲੇ ਦੀ ਕੋਈ ਸੰਭਾਵਨਾ ਨਹੀਂ ਹੈ। ਅਨਿਰੁਧ ਸਿੰਘ ਨੇ ਦਲੀਲ ਦਿਤੀ ਕਿ ਜਦੋਂ ਉਸ ਦੇ ਪਿਤਾ ’ਤੇ ਕਥਿਤ ਤੌਰ ’ਤੇ ਹਮਲਾ ਕੀਤਾ ਗਿਆ ਸੀ ਤਾਂ ਉਨ੍ਹਾਂ ਨੂੰ ਪੁਲਿਸ ਕੋਲ ਜਾਣਾ ਚਾਹੀਦਾ ਸੀ।
ਉਨ੍ਹਾਂ ਕਿਹਾ, ‘‘ਉਹ ਸਾਨੂੰ ਬਦਨਾਮ ਕਰਨ ਲਈ ਅਜਿਹੇ ਦੋਸ਼ ਲਗਾ ਰਹੇ ਹਨ। ਉਸ ਨੇ ਮਾਰਚ ’ਚ ਅਰਜ਼ੀ ਦਾਇਰ ਕੀਤੀ ਸੀ। ਸਾਡਾ ਵਕੀਲ ਹਰ ਸੁਣਵਾਈ ਦੀ ਨੁਮਾਇੰਦਗੀ ਕਰ ਰਿਹਾ ਹੈ ਜਦਕਿ ਉਹ ਹਰ ਵਾਰ ਤਰੀਕਾਂ ਦੀ ਮੰਗ ਕਰ ਰਿਹਾ ਹੈ। ਅਸੀਂ ਇਸ ਮਾਮਲੇ ਨੂੰ ਪੇਸ਼ੇਵਰ ਤਰੀਕੇ ਨਾਲ ਸੰਭਾਲ ਰਹੇ ਹਾਂ, ਜਦਕਿ ਉਹ ਸਿਰਫ ਐਸ.ਡੀ.ਐਮ. ’ਤੇ ਦਬਾਅ ਬਣਾਉਣਾ ਚਾਹੁੰਦੇ ਹਨ ਕਿ ਉਹ ਅਪਣੇ ਹੱਕ ’ਚ ਫੈਸਲਾ ਲੈਣ।’’