Maharashtra Accident : ਮਹਾਰਾਸ਼ਟਰ ਸੁੱਕੀ ਨਦੀ ਵਿਚ ਕਾਰ ਡਿੱਗਣ ਕਾਰਨ 5 ਦੀ ਮੌਤ, 2 ਜ਼ਖਮੀ
Maharashtra Accident : ਰਤਨਾਗਿਰੀ ’ਚ ਵਾਪਰਿਆ ਦਿਲ ਦਹਿਲਾ ਦੇਣ ਵਾਲਾ ਹਾਦਸਾ
5 dead, 2 injured as car falls into dry river in Maharashtra Latest News in Punjabi : ਮਹਾਰਾਸ਼ਟਰ ਦੇ ਰਤਨਾਗਿਰੀ ਵਿਚ ਇਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਹੈ। ਇੱਥੇ ਇਕ ਕਾਰ ਸੁੱਕੀ ਨਦੀ ਵਿਚ ਡਿੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਹਾਦਸੇ ਵਿਚ ਦੋ ਲੋਕ ਜ਼ਖ਼ਮੀ ਵੀ ਹੋਏ ਹਨ।
ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲ੍ਹੇ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਕਾਰ ਵਿਚ ਸਫ਼ਰ ਕਰ ਰਹੇ 5 ਲੋਕਾਂ ਦੀ ਮੌਤ ਹੋ ਗਈ, ਕਿਉਂਕਿ ਕਾਰ ਸੁੱਕੀ ਨਦੀ ਵਿਚ ਡਿੱਗ ਗਈ। ਇਸ ਤੋਂ ਇਲਾਵਾ ਦੋ ਲੋਕ ਜ਼ਖ਼ਮੀ ਵੀ ਹੋਏ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਕਿਹਾ ਹੈ ਕਿ ਉਹ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਆਉ ਜਾਣਦੇ ਹਾਂ ਇਸ ਦੁਖਦਾਈ ਹਾਦਸਾ ਕਦੋਂ ਤੇ ਕਿਵੇਂ ਵਾਪਰਿਆ।
ਦਰਅਸਲ, ਇਹ ਦੁਖਦਾਈ ਘਟਨਾ ਅੱਜ ਸਵੇਰੇ ਰਤਨਾਗਿਰੀ ਜ਼ਿਲ੍ਹੇ ਵਿਚ ਵਾਪਰੀ। ਪੁਲਿਸ ਵਲੋਂ ਦਿਤੀ ਗਈ ਜਾਣਕਾਰੀ ਅਨੁਸਾਰ ਇਹ ਸੜਕ ਹਾਦਸਾ ਸਵੇਰੇ 5:45 ਵਜੇ ਦੇ ਕਰੀਬ ਖੇੜ ਨੇੜੇ ਵਾਪਰਿਆ। ਗੱਡੀ ਪਹਿਲਾਂ ਡਿਵਾਈਡਰ ਨਾਲ ਟਕਰਾਈ ਅਤੇ ਫਿਰ ਸੁੱਕੀ ਜਗਬੁੜੀ ਨਦੀ ਵਿਚ ਡਿੱਗ ਗਈ। ਮਿਲੀ ਜਾਣਕਾਰੀ ਅਨੁਸਾਰ, ਹਾਦਸੇ ਦਾ ਸ਼ਿਕਾਰ ਹੋਈ ਕਾਰ ਪਾਲਘਰ ਜ਼ਿਲ੍ਹੇ ਦੇ ਨਾਲਾਸੋਪਾਰਾ ਤੋਂ ਦੇਵਰੁਖ ਸ਼ਹਿਰ ਵੱਲ ਜਾ ਰਹੀ ਸੀ।
ਪੁਲਿਸ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰਤਨਾਗਿਰੀ ਵਿਚ ਹੋਏ ਇਸ ਹਾਦਸੇ ਵਿਚ ਤਿੰਨ ਔਰਤਾਂ ਅਤੇ ਦੋ ਪੁਰਸ਼ਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਦੋ ਹੋਰ ਲੋਕ ਜ਼ਖ਼ਮੀ ਹੋ ਗਏ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿਤਾ ਗਿਆ। ਪੁਲਿਸ ਦੇ ਅਨੁਸਾਰ, ਕਿਉਂਕਿ ਨਦੀ ਸੁੱਕੀ ਸੀ, ਜਿਸ ਨਾਲ ਕਾਰ ਨਦੀ ’ਚ ਡਿੱਗਣ ਕਾਰਨ ਚੱਟਾਨਾਂ ਨਾਲ ਟਕਰਾ ਗਈ। ਇਸ ਕਾਰਨ ਕਾਰ ਵਿਚ ਸਵਾਰ ਕੁੱਝ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਲੋਕਾਂ ਦੀ ਪਛਾਣ ਦਾ ਖ਼ੁਲਾਸਾ ਹੋ ਗਿਆ ਹੈ। ਪੁਲਿਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਮਿਤਾਲੀ ਵਿਵੇਕ ਮੋਰੇ (43), ਮੇਘਾ ਪਰਾਡਕਰ (22), ਸੌਰਭ ਪਰਾਡਕਰ (22), ਨਿਹਾਰ ਮੋਰੇ (19) ਤੇ ਸ਼੍ਰੇਅਸ ਸਾਵੰਤ (23) ਵਜੋਂ ਹੋਈ ਹੈ। ਹਾਦਸੇ ਵਿਚ ਜ਼ਖ਼ਮੀ ਹੋਏ ਲੋਕਾਂ ਦਾ ਰਤਨਾਗਿਰੀ ਦੇ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਕਿਹਾ ਹੈ ਕਿ ਘਟਨਾ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।