ਸ਼ਹੀਦ ਔਰੰਗਜ਼ੇਬ ਦੇ ਪਰਵਾਰ ਨੂੰ ਮਿਲੇ ਫ਼ੌਜ ਮੁਖੀ
ਫ਼ੌਜ ਮੁਖੀ ਜਨਰਲ ਬਿਪਨ ਰਾਵਤ ਨੇ ਰਾਈਫ਼ਲਮੈਨ ਔਰੰਗਜ਼ੇਬ ਦੇ ਮਾਤਾ-ਪਿਤਾ ਅਤੇ ਪਰਵਾਰ ਦੇ ਹੋਰ ਜੀਆਂ ਨਾਲ ਮੁਲਾਕਾਤ ਕੀਤੀ। ਪਿਛਲੇ ਹਫ਼ਤੇ ਦਖਣੀ ਕਸ਼ਮੀਰ...
ਜੰਮੂ, ਫ਼ੌਜ ਮੁਖੀ ਜਨਰਲ ਬਿਪਨ ਰਾਵਤ ਨੇ ਰਾਈਫ਼ਲਮੈਨ ਔਰੰਗਜ਼ੇਬ ਦੇ ਮਾਤਾ-ਪਿਤਾ ਅਤੇ ਪਰਵਾਰ ਦੇ ਹੋਰ ਜੀਆਂ ਨਾਲ ਮੁਲਾਕਾਤ ਕੀਤੀ। ਪਿਛਲੇ ਹਫ਼ਤੇ ਦਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਅਤਿਵਾਦੀਆਂ ਨੇ ਔਰੰਗਜ਼ੇਬ ਨੂੰ ਅਗ਼ਵਾ ਕਰ ਲਿਆ ਸੀ ਅਤੇ ਬਾਅਦ ਵਿਚ ਉਸ ਦੀ ਹਤਿਆ ਕਰ ਦਿਤੀ ਸੀ। ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨਾਲ ਜਨਰਲ ਰਾਵਤ ਪੁੰਛ ਜ਼ਿਲ੍ਹੇ ਦੇ ਸੁਦੂਰ ਸਲਾਨੀ ਪਿੰਡ ਵਿਚ ਗਏ ਅਤੇ ਰਾਈਫ਼ਲਮੈਨ ਦੇ ਪਰਵਾਰ ਨੂੰ ਇਸ ਗੱਲ ਤੋਂ ਜਾਣੂੰ ਕਰਾਇਆ ਕਿ ਫ਼ੌਜ ਦੁੱਖ ਦੀ ਇਸ ਘੜੀ ਵਿਚ ਉਨ੍ਹਾਂ ਨਾਲ ਖੜੀ ਹੈ।
ਰਾਸ਼ਟਰੀ ਰਾਈਫ਼ਲਜ਼ ਦਾ 44 ਸਾਲਾ ਜਵਾਨ ਔਰੰਗਜ਼ੇਬ ਈਦ ਲਈ ਘਰ ਜਾ ਰਿਹਾ ਸੀ। ਇਸੇ ਦੌਰਾਨ ਅਤਿਵਾਦੀਆਂ ਨੇ ਉਸ ਨੂੰ ਅਗ਼ਵਾ ਕਰ ਲਿਆ। ਅਧਿਕਾਰੀਆਂ ਨੇ ਦਸਿਆ ਕਿ ਜਨਰਲ ਰਾਵਤ ਦਿੱਲੀ ਤੋਂ ਜਹਾਜ਼ ਰਾਹੀਂ ਜੰਮੂ ਪਹੁੰਚੇ ਜਿਥੇ ਉੱਤਰੀ ਕਮਾਨ ਦੇ ਮੁਖੀ ਲੈਫ਼ਟੀਨੈਂਟ ਜਨਰਲ ਰਣਵੀਰ ਸਿੰਘ ਨੇ ਉਨ੍ਹਾਂ ਦੀ ਅਗਵਾਈ ਕੀਤੀ। ਜੰਮੂ ਤੋਂ ਉਹ ਹੋਰ ਅਧਿਕਾਰੀਆਂ ਨਾਲ ਪੁੰਛ ਗਏ।
ਰਾਵਤ ਨੇ ਸ਼ਹੀਦ ਫ਼ੌਜੀ ਦੇ ਪਰਵਾਰ ਨਾਲ ਮੁਲਾਕਾਤ ਕੀਤੀ ਅਤੇ ਔਰੰਗਜ਼ੇਬ ਦੇ ਮਾਤਾ ਪਿਤਾ ਨਾਲ 30 ਮਿੰਟ ਰਹੇ। ਇਸ ਤੋਂ ਪਹਿਲਾਂ ਸ਼ਹੀਦ ਦੇ ਪਰਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦ, ਜੰਮੂ ਕਸ਼ਮੀਰ ਸਰਕਾਰ ਅਤੇ ਫ਼ੌਜ ਨੂੰ ਰਾਜ ਵਿਚ ਅਤਿਵਾਦ ਨੂੰ ਖ਼ਤਮ ਕਰਨ ਅਤੇ ਔਰੰਗਜ਼ੇਬ ਦੀ ਸ਼ਹਾਦਤ ਦਾ ਬਦਲਾ ਲੈਣ ਦੀ ਭਾਵੁਕ ਅਪੀਲ ਕੀਤੀ ਸੀ। (ਏਜੰਸੀ)