ਕਰਨਾਟਕ ਵਿਚ ਕੁੱਤਾ ਮਰੇ ਤੇ ਤੁਸੀਂ ਮੋਦੀ ਕੋਲੋਂ ਬਿਆਨ ਦੀ ਉਮੀਦ ਕਰਦੇ ਹੋ : ਸ੍ਰੀਰਾਮ ਸੈਨਾ ਮੁਖੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੱਤਰਕਾਰ ਗੌਰੀ ਲੰਕੇਸ਼ ਦੀ ਹਤਿਆ ਦੇ ਮਾਮਲੇ ਵਿਚ ਸ੍ਰੀਰਾਮ ਸੈਨਾ ਦੇ ਮੁਖੀ ਪ੍ਰਮੋਦ ਮੁਥਾਲਿਕ ਨੇ ਕਿਹਾ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਇਸ ਗੱਲ ਦੀ ...

Sri Ram

ਬੰਗਲੌਰ,  ਪੱਤਰਕਾਰ ਗੌਰੀ ਲੰਕੇਸ਼ ਦੀ ਹਤਿਆ ਦੇ ਮਾਮਲੇ ਵਿਚ ਸ੍ਰੀਰਾਮ ਸੈਨਾ ਦੇ ਮੁਖੀ ਪ੍ਰਮੋਦ ਮੁਥਾਲਿਕ ਨੇ ਕਿਹਾ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਇਸ ਗੱਲ ਦੀ ਉਮੀਦ ਕੀਤੀ ਜਾਵੇ ਕਿ ਜਦ ਵੀ ਕਰਨਾਟਕ ਵਿਚ ਕੋਈ ਕੁੱਤਾ ਮਰੇ ਤਾਂ ਉਹ ਇਸ ਬਾਰੇ ਕੁੱਝ ਕਹਿਣ। ਮੁਥਾਲਿਕ ਨੇ ਇਥੇ ਜਨਤਕ ਸਮਾਗਮ ਵਿਚ ਇਹ ਟਿਪਣੀ ਕੀਤੀ।

ਉਧਰ, ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਕਿਹਾ ਕਿ ਇਕ ਪੱਤਰਕਾਰ ਦੀ ਤੁਲਨਾ ਕੁੱਤੇ ਨਾਲ ਕਰਨਾ ਬਹੁਤ ਘਟੀਆਪਣ ਹੈ। ਉਨ੍ਹਾਂ ਪੁਛਿਆ ਕਿ ਕੀ ਮੋਦੀ ਇਨ੍ਹਾਂ ਟਿਪਣੀਆ ਦੀ ਨਿੰਦਾ ਕਰਨਗੇ ਜਾਂ ਨਹੀਂ?ਮੁਥਾਲਿਕ ਨੇ ਕਿਹਾ, 'ਹਰ ਕੋਈ ਕਹਿ ਰਿਹਾ ਹੈ ਕਿ ਗੌਰੀ ਲੰਕੇਸ਼ ਦੀ ਹਤਿਆ ਦੀ ਸਾਜ਼ਸ਼ ਹਿੰਦੂ ਗਰੁਪਾਂ ਨੇ ਰਚੀ ਪਰ ਮਹਾਰਾਸ਼ਟਰ ਵਿਚ ਦੋ ਹਤਿਆਵਾਂ ਹੋਈਆਂ, ਕਰਨਾਟਕ ਵਿਚ ਦੋ ਹਤਿਆਵਾਂ ਹੋਈਆਂ, ਉਹ ਕਾਂਗਰਸ ਦੇ ਸ਼ਾਸਨ ਵਿਚ ਹੋਈਆਂ।'

ਉਨ੍ਹਾਂ ਕਿਹਾ, 'ਕਾਂਗਰਸ ਸਰਕਾਰ ਦੀ ਨਾਕਾਮੀ 'ਤੇ ਕੋਈ ਸਵਾਲ ਨਹੀਂ ਚੁਕਦਾ। ਇਸ ਦੀ ਬਜਾਏ ਖੱਬੇਪੱਖੀ ਬੁੱਧੀਜੀਵੀ ਪ੍ਰਧਾਨ ਮੰਤਰੀ ਨੂੰ ਦਿੰਦੇ ਹਨ ਕਿ ਉਹ ਗੌਰੀ ਲੰਕੇਸ਼ ਬਾਰੇ ਕੁੱਝ ਬੋਲਣ। ਕਰਨਾਟਕ ਵਿਚ ਹਰ ਵਾਰ ਕਿਸੇ ਕੁੱਤੇ ਦੇ ਮਰਨ ਬਾਰੇ ਤੁਸੀਂ ਮੋਦੀ ਕੋਲੋਂ ਪ੍ਰਤੀਕਰਮ ਦੀ ਉਮੀਦ ਕਰਦੇ ਹੋ।' ਬਾਅਦ ਵਿਚ ਉਸ ਨੇ ਸਪੱਸ਼ਟੀਕਰਨ ਦਿਤਾ ਕਿ ਉਹ ਗੌਰੀ ਤੁਲਨਾ ਕੁੱਤੇ ਨਾਲ ਨਹੀਂ ਕਰਨਾ ਚਾਹੁੰਦਾ ਸੀ ਸਗੋਂ ਉਹ ਸਿਰਫ਼ ਏਨਾ ਜਾਣਨਾ ਚਾਹ ਰਿਹਾ ਸੀ ਕਿ ਪ੍ਰਧਾਨ ਮੰਤਰੀ ਨੂੰ ਹਰ ਮੌਤ ਬਾਰੇ ਪ੍ਰਤੀਕਰਮ ਦੇਣਾ ਚਾਹੀਦਾ ਹੈ ਜਾਂ ਨਹੀਂ?

ਉਨ੍ਹਾਂ ਕਿਹਾ ਕਿ ਗੌਰੀ ਕਾਂਡ ਵਿਚ ਫੜੇ ਗਏ ਵਾਘਮਾਰੇ ਅਤੇ ਸ੍ਰੀਰਾਮ ਸੈਨਾ ਵਿਚਾਲੇ ਕੋਈ ਸਬੰਧ ਨਹੀਂ। ਤਿਵਾੜੀ ਨੇ ਕਿਹਾ, 'ਇਹ ਘਿਨੌਣਾ ਅਤੇ ਦਮਨਕਾਰੀ ਹੈ। ਸ੍ਰੀ ਰਾਮ ਸੈਨਾ ਦੇ ਮੁਖੀ ਪ੍ਰਮੋਦ ਮੁਥਾਲਿਕ ਨੇ ਪੱਤਰਕਾਰ ਗੌਰੀ ਲੰਕੇਸ਼ ਦੀ ਤੁਲਨਾ ਕੁੱਤੇ ਨਾਲ ਕੀਤੀ ਹੈ।' ਉਨ੍ਹਾਂ ਕਿਹਾ, 'ਸ੍ਰੀਮਾਨ ਪ੍ਰਧਾਨ ਮੰਤਰੀ ਤੁਸੀਂ ਗੌਰੀ ਲੰਕੇਸ਼ ਦੀ ਹਤਿਆ ਦੀ ਨਿੰਦਾ ਤਾਂ ਨਹੀਂ ਕੀਤੀ ਸੀ ਪਰ ਹੁਣ ਕੀ ਇਸ ਟਿਪਣੀ ਬਾਰੇ ਵੀ ਕੁੱਝ ਨਹੀਂ ਕਹੋਗੇ?   (ਏਜੰਸੀ)