'ਤਾਤੀ ਵਾਉ ਨ ਲਗਈ' ਲਾਈਂਟ ਐਂਡ ਸਾਊਂਡ ਸ਼ੋਅ ਕਰਵਾਇਆ
'ਤਾਤੀ ਵਾਉ ਨ ਲਗਈ' ਲਾਈਟ ਐਂਡ ਸਾਊਂਡ ਸ਼ੋਅ ਰਾਹੀਂ ਗੁਰੂ ਅਰਜਨ ਸਾਹਿਬ ਦੀ ਲਾਸਾਨੀ ਸ਼ਹਾਦਤ ਬਾਰੇ ਵਿਖਾਇਆ ਗਿਆ....
ਨਵੀਂ ਦਿੱਲੀ : 'ਤਾਤੀ ਵਾਉ ਨ ਲਗਈ' ਲਾਈਟ ਐਂਡ ਸਾਊਂਡ ਸ਼ੋਅ ਰਾਹੀਂ ਗੁਰੂ ਅਰਜਨ ਸਾਹਿਬ ਦੀ ਲਾਸਾਨੀ ਸ਼ਹਾਦਤ ਬਾਰੇ ਵਿਖਾਇਆ ਗਿਆ। ਨਾਟਕ ਰਾਹੀਂ ਦਸਿਆ ਗਿਆ ਕਿ ਕਿਸ ਤਰ੍ਹਾਂ ਸਮੇਂ ਦੇ ਬਾਦਸ਼ਾਹ ਜਹਾਂਗੀਰ ਨੇ ਫ਼ਿਰਕੂ ਜਨੂੰਨ ਦੀ ਅੱਗ ਵਿਚ ਅੰਨ੍ਹੇ ਹੋ ਕੇ, ਗੁਰੂ ਸਾਹਿਬ ਨੂੰ ਸ਼ਹੀਦ ਕਰ ਦਿਤਾ ਸੀ। ਇਥੋਂ ਦੇ ਦਿੱਲੀ ਹਾਟ, ਜਨਕਪੁਰੀ ਦੇ ਆਡੀਟੋਰੀਅਮ ਵਿਖੇ ਪੰਜਾਬੀ ਅਕਾਦਮੀ ਤੇ ਸਾਹਿਬ ਫ਼ਾਊਂਡੇਸ਼ਨ ਵਲੋਂ ਸ਼ਨਿਚਰਵਾਰ ਸ਼ਾਮ ਨੂੰ ਸਾਂਝੇ ਤੌਰ 'ਤੇ ਕਰਵਾਏ ਗਏ ਨਾਟਕ 'ਚ ਵੱਡੀ ਗਿਣਤੀ ਵਿਚ ਦਰਸ਼ਕ ਸ਼ਾਮਲ ਹੋਏ।
ਨਾਟਕ 'ਚ ਸਾਈਂ ਮੀਆਂ ਮੀਰ ਨੇ ਬਾਦਸ਼ਾਹ ਜਹਾਂਗੀਰ ਨੂੰ ਬੜਾ ਸਮਝਾਇਆ ਕਿ ਗੁਰੂ ਸਾਹਿਬ ਰੂਹਾਨੀਅਤ ਦੇ ਮੁਜੱਸਮੇ ਹਨ। ਆਦਿ ਗ੍ਰੰਥ ਦੀ ਸੰਪਾਦਨਾ ਕਰ ਕੇ ਤੇ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾ ਕੇ, ਉਨ੍ਹਾਂ ਸਰਬ ਸਾਂਝੀਵਾਲਤਾ ਦਾ ਉਪਦੇਸ਼ ਦਿੜ੍ਹ ਕਰਵਾਇਆ, ਪਰ ਜਹਾਂਗੀਰ ਨੇ ਇਕ ਨਾ ਸੁਣੀ ਤੇ ਗੁਰੂ ਸਾਹਿਬ ਨੂੰ ਸ਼ਹੀਦ ਕਰ ਦਿਤਾ। ਪਿਛੋਂ ਜਹਾਂਗੀਰ ਨੂੰ ਪਛਤਾਵੇ ਦੀ ਅੱਗ ਵਿਚ ਸੜ੍ਹਦਾ ਵਿਖਾਇਆ ਗਿਆ। ਪ੍ਰਸਿੱਧ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਖੇਡੇ ਗਏ ਨਾਟਕ ਨੇ ਦਰਸ਼ਕਾਂ ਨੂੰ ਖ਼ਾਸਾ ਪ੍ਰਭਾਵਤ ਕੀਤਾ।
ਗੁਰਬਾਣੀ ਸ਼ਬਦਾਂ ਤੇ ਧਾਰਮਕ ਗੀਤਾਂ ਨੇ ਵੀ ਦਰਸ਼ਕਾਂ 'ਤੇ ਅਪਣੀ ਡੂੰਘੀ ਛਾਪ ਛੱਡੀ। ਇਕ ਹਜ਼ਾਰ ਤੋਂ ਵੱਧ ਦਰਸ਼ਕ ਪੁੱਜੇ ਹੋਏ ਸਨ। ਸ਼ੁਰੂਆਤ ਵਿਚ ਅਕਾਦਮੀ ਦੇ ਮੀਤ ਪ੍ਰਧਾਨ ਪੱਤਰਕਾਰ ਜਰਨੈਲ ਸਿੰਘ ਨੇ ਗੁਰੂ ਸਾਹਿਬ ਦੀ ਸ਼ਹੀਦੀ ਤੇ ਮਹਾਨਤਾ ਦਾ ਚੇਤਾ ਕਰਵਾਇਆ ਤੇ ਸਕੱਤਰ ਸ.ਗੁਰਭੇਜ ਸਿੰਘ ਗੁਰਾਇਆ ਨੇ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਅਕੀਦਾ ਭੇਟ ਕਰਨਾ ਨਾਟਕ ਦਾ ਉਦੇਸ਼ ਹੈ। ਇਸ ਮੌਕੇ ਵਿਧਾਇਕ ਸ.ਜਗਦੀਪ ਸਿੰਘ, ਦਿੱਲੀ ਘੱਟ-ਗਿਣਤੀ ਕਮਿਸ਼ਨ ਦੇ ਮੈਂਬਰ ਸ.ਕਰਤਾਰ ਸਿੰਘ ਕੋਛੜ, ਦਿੱਲੀ ਗੁਰਦਵਾਰਾ ਕਮੇਟੀ ਦੇ ਮੈਂਬਰਾਂ ਸ.ਹਰਿੰਦਰਪਾਲ ਸਿੰਘ, ਸ.ਮਨਮੋਹਨ ਸਿੰਘ,
ਸ.ਕਰਤਾਰ ਸਿੰਘ ਚਾਵਲਾ, ਸ.ਕਰਤਾਰ ਸਿੰਘ ਕੋਛੜ, ਸ.ਮਲਕਿੰਦਰ ਸਿੰਘ ਤੇ ਸਾਬਕਾ ਮੈਂਬਰ ਭਾਈ ਤਰਸੇਮ ਸਿੰਘ ਸਣੇ ਪੰਜਾਬੀ ਅਕਾਦਮੀ ਦੇ ਮੈਂਬਰ ਸ.ਬਲਜੀਤ ਸਿੰਘ, ਸਾਹਿਬ ਫ਼ਾਊਂਡੇਸ਼ਨ ਦੇ ਪ੍ਰਧਾਨ ਸ.ਜਤਿੰਦਰ ਸਿੰਘ ਸੋਨੂੰ, ਸ਼੍ਰੋਮਣੀ ਯੂਥ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਰਮਨਦੀਪ ਸਿੰਘ ਫ਼ਤਿਹ ਨਗਰ ਸਣੇ ਡਾ.ਕੁਲਦੀਪ ਕੌਰ ਪਾਹਵਾ, ਡਾ.ਮਨਜੀਤ ਸਿੰਘ, ਡਾ.ਯਾਦਵਿੰਦਰ ਸਿੰਘ ਆਦਿ ਸ਼ਾਮਲ ਹੋਏ।
ਨਾਟਕ ਦੀ ਸਮਾਪਤੀ ਪਿਛੋਂ ਸਾਹਿਬ ਫ਼ਾਊਂਡੇਸ਼ਨ ਦੀ ਟੀਮ ਜਿਸ ਵਿਚ ਸ.ਹਰਜੋਤ ਸ਼ਾਹ ਸਿੰਘ, ਸ.ਬਲਵਿੰਦਰ ਸਿੰਘ ਬਾਈਸਨ, ਸ.ਜਤਿੰਦਰ ਸਿੰਘ ਸੋਨੂੰ ਤੇ ਹੋਰ ਸ਼ਾਮਲ ਸਨ, ਨੇ ਰੱਲ ਕੇ, ਦਰਸ਼ਕਾਂ ਨੂੰ ਚੌਲ ਤੇ ਰਾਜਮਾ ਦਾ ਲੰਗਰ ਤੇ ਠੰਢੇ ਮਿੱਠੀ ਜਲ ਦੀ ਛਬੀਲ ਵੀ ਛਕਾਈ।