ਇਸ ਵਾਰ ਅਮਰਨਾਥ ਯਾਤਰਾ 'ਤੇ ਮੰਡਰਾ ਰਹੇ ਹਨ 'ਤਿੰਨ ਵੱਡੇ ਖ਼ਤਰੇ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਵਾਰ 29 ਜੂਨ ਤੋਂ ਸ਼ੁਰੂ ਹੋ ਰਹੀ ਸਾਲਾਨਾ ਅਮਰਨਾਥ ਯਾਤਰਾ 'ਤੇ ਇਕੱਲਾ ਅਤਿਵਾਦੀਆਂ ਦਾ ਨਹੀਂ ਬਲਕਿ ਕਈ ਖ਼ਤਰੇ ਮੰਡਰਾ ਰਹੇ ਹਨ

Amarnaath yatra

ਜੰਮੂ ਕਸ਼ਮੀਰ : ਇਸ ਵਾਰ 29 ਜੂਨ ਤੋਂ ਸ਼ੁਰੂ ਹੋ ਰਹੀ ਸਾਲਾਨਾ ਅਮਰਨਾਥ ਯਾਤਰਾ 'ਤੇ ਇਕੱਲਾ ਅਤਿਵਾਦੀਆਂ ਦਾ ਨਹੀਂ ਬਲਕਿ ਕਈ ਖ਼ਤਰੇ ਮੰਡਰਾ ਰਹੇ ਹਨ। ਇਕ ਖ਼ਤਰਾ ਅਤਿਵਾਦੀ ਹਮਲੇ ਦਾ, ਦੂਜਾ ਵੱਖਵਾਦੀਆਂ ਦੇ ਵਿਰੋਧ ਦਾ ਅਤੇ ਤੀਜਾ ਮੌਸਮ ਦਾ ਖ਼ਤਰਾ ਵੀ ਇਸ ਵਾਰ ਅਮਰਨਾਥ ਯਾਤਰਾ ਵਿਚ ਵੱਡੀ ਰੁਕਾਵਟ ਪੈਦਾ ਕਰ ਸਕਦਾ ਹੈ, ਜਿਸ ਦੀ ਭਵਿੱਖਬਾਣੀ ਮੌਸਮ ਵਿਭਾਗ ਵਲੋਂ ਕੀਤੀ ਗਈ ਹੈ....ਕਿਉਂਕਿ ਮੌਸਮ ਦੀ ਮਾਰ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਵੈਸੇ ਸਰਕਾਰ ਨੇ ਅਮਰਨਾਥ ਯਾਤਰੀਆਂ ਦੀ ਸੁਰੱਖਿਆ ਲਈ ਪੁਖ਼ਤਾ ਇੰਤਜ਼ਾਮ ਕੀਤੇ ਹਨ। ਇਸ ਲਈ ਅਮਰਨਾਥ ਯਾਤਰੀਆਂ ਨੂੰ ਘਬਰਾਉਣ ਦੀ ਲੋੜ ਨਹੀਂ। ਪਰ ਇਹਤਿਆਤ ਜ਼ਰੂਰ ਵਰਤਣੀ ਪਏਗੀਕਿਉਂਕਿ ਜੋ ਵੀ ਇਹਤਿਆਤੀ ਕਦਮ ਸਰਕਾਰ ਵਲੋਂ ਦੱਸੇ ਜਾਣਗੇ। ਉਨ੍ਹਾਂ 'ਤੇ ਅਮਲ ਕਰਨਾ ਪਵੇਗਾ, ਫਿਰ ਕੋਈ ਖ਼ਤਰਾ ਨਹੀਂ। ਅਸਲ ਵਿਚ ਅਮਰਨਾਥ ਯਾਤਰੀ 'ਤੇ ਅਤਿਵਾਦੀ ਹਮਲੇ ਦਾ ਡਰ ਤਾਂ ਹਰ ਸਾਲ ਬਣਿਆ ਰਹਿੰਦਾ ਹੈ ਪਰ ਇਸ ਵਾਰ ਕਿਉਂਕਿ ਵੱਖਵਾਦੀਆਂ ਵਲੋਂ ਯਾਤਰਾ ਦੇ ਸਮੇਂ ਨੂੰ ਘੱਟ ਕਰਨ ਦੀ ਮੰਗ ਕਰਦਿਆਂ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਵਾਰ ਯਾਤਰਾ 'ਤੇ ਪੱਥਰਬਾਜ਼ਾਂ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ। 

ਸੁਰੱਖਿਆ ਏਜੰਸੀਟਾਂ ਦੀ ਨਵੀਂ ਪਰੇਸ਼ਾਨੀ ਇਹ ਹੈ ਕਿ ਕੇਂਦਰ ਸਰਕਾਰ ਯਾਤਰਾ ਲਈ ਓਨਾ ਸੁਰੱਖਿਆ ਬਲ ਦੇਣ ਲਈ ਫਿਲਹਾਲ ਰਾਜ਼ੀ ਨਹੀਂ ਹੈ, ਜਿੰਨੇ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਅਮਰਨਾਥ ਯਾਤਰਾ ਦੌਰਾਨ ਬੰਦ ਹੜਤਾਲਾਂ ਅਤੇ ਪੱਥਰਬਾਜ਼ਾਂ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ। ਵੱਖਵਾਦੀ ਯਾਤਰਾ ਦੇ ਸਮੇਂ ਨੂੰ ਘੱਟ ਕਰਵਾਉਣਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਨੇ ਕਸ਼ਮੀਰ ਬੰਦ ਦੀ ਧਮਕੀ ਵੀ ਦਿਤੀ ਹੈ।

ਜੰਮੂ ਕਸ਼ਮੀਰ ਪੁਲਿਸ ਦੇ ਡੀਜੀਪੀ ਐਸਪੀ ਵੈਦ ਨੇ ਕਿਹਾ ਕਿ ਕਸ਼ਮੀਰ ਆਉਣ ਵਾਲੇ ਅਮਰਨਾਥ ਯਾਤਰੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਸਰਕਾਰ ਨੇ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਹੋਏ ਹਨ। ਸਿਰਫ਼ ਯਾਤਰੀਆਂ ਨੂੰ ਇਹਤਿਆਤ ਵਜੋਂ ਬਣਾਏ ਗਏ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ, ਫਿਰ ਕੋਈ ਖ਼ਤਰਾ ਨਹੀਂ ਹੋਵੇਗਾ। ਉਂਝ ਵੱਖਵਾਦੀ ਨੇਤਾ ਸਈਦ ਅਲੀ ਸ਼ਾਹ ਗਿਲਾਨੀ ਨੇ ਸਪੱਸ਼ਟ ਕੀਤਾ ਹੈ ਕਿ ਅਮਰਨਾਥ ਯਾਤਰੀ ਉਨ੍ਹਾਂ ਦੇ ਮਹਿਮਾਨ ਹਨ ਪਰ ਫਿਰ ਵੀ ਵੱਖਵਾਦੀਆਂ ਦੇ ਵਿਰੋਧ ਦਾ ਖ਼ਤਰਾ ਬਣਿਆ ਹੋਵੇਗਾ।

ਇਸ ਤੋਂ ਇਲਾਵਾ ਫ਼ੌਜ ਦੀ ਚਿਤਾਵਨੀ ਅਜਿਹੇ ਸਮੇਂ ਆਈ ਹੈ ਜਦੋਂ ਕਸ਼ਮੀਰ ਵਿਚ ਫ਼ੌਜ ਅਤਿਵਾਦ ਦਾ ਲੱਕ ਤੋੜਨ ਦਾਅਵਾ ਕਰ ਚੁੱਕੀ ਹੈ ਅਤੇ ਉਸ ਨੇ ਇਸ ਸਾਲ 70 ਅਤਿਵਾਦੀਆਂ ਨੂੰ ਮੌਤ ਦੇ ਘਾਟ ਉਤਾਰਿਆ ਹੈ। ਇਹ ਖ਼ਤਰਾ ਇਸ ਲਈ ਵੀ ਵਧਿਆ ਹੈ ਕਿਉਂਕਿ ਅਤਿਵਾਦੀ ਸੰਗਠਨਾਂ ਲਸ਼ਕਰ ਏ ਤੋਇਬਾ ਅਤੇ ਜੈਸ਼ ਏ ਮੁਹੰਮਦ ਵਿਚਕਾਰ ਤਾਜ਼ਾ-ਤਾਜ਼ਾ ਗਠਜੋੜ ਹੋਇਆ ਹੈ,ਜੋ ਅਮਰਨਾਥ ਯਾਤਰੀਆਂ ਨੂੰ ਨਿਸ਼ਾਨਾ ਬਣਾ ਸਕਦੇ ਹਨ।

ਖ਼ੈਰ! ਫ਼ੌਜ ਦੇ ਉਚ ਅਧਿਕਾਰੀਆਂ ਵਲੋਂ ਯਾਤਰਾ ਦੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ...ਅਤੇ ਸੁਰੱਖਿਆ ਪ੍ਰਬੰਧ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਵੀ ਕੀਤੇ ਗਏ ਹਨ ਪਰ ਫਿਰ ਵੀ ਸਰਕਾਰ ਅਤੇ ਸੁਰੱਖਿਆ ਬਲਾਂ ਦੇ ਸਾਹਮਣੇ ਅਮਰਨਾਥ ਯਾਤਰਾ ਨੂੰ ਸ਼ਾਂਤੀਪੂਵਰਕ ਸੰਪੰਨ ਕਰਵਾਉਣ ਦੀ ਚੁਣੌਤੀ ਇਸ ਵਾਰ ਕੁੱਝ ਜ਼ਿਆਦਾ ਹੋਵੇਗੀ।