ਦਿੱਲੀ 'ਚ ਹੁਣ 2400 ਰੁਪਏ 'ਚ ਹੋਵੇਗੀ ਕੋਰੋਨਾ ਦੀ ਜਾਂਚ
ਦਿੱਲੀ ਸਰਕਾਰ ਨੇ ਕੋਵਿਡ-19 ਆਰ.ਟੀ.-ਪੀ.ਸੀ.ਆਰ. ਜਾਂਚ ਲਈ 2400 ਰੁਪਏ ਦੀ ਕੀਮਤ ਤੈਅ ਕਰਨ ਦਾ ਫ਼ੈਸਲਾ ਕੀਤਾ ਹੈ।
ਨਵੀਂ ਦਿੱਲੀ, 18 ਜੂਨ : ਦਿੱਲੀ ਸਰਕਾਰ ਨੇ ਕੋਵਿਡ-19 ਆਰ.ਟੀ.-ਪੀ.ਸੀ.ਆਰ. ਜਾਂਚ ਲਈ 2400 ਰੁਪਏ ਦੀ ਕੀਮਤ ਤੈਅ ਕਰਨ ਦਾ ਫ਼ੈਸਲਾ ਕੀਤਾ ਹੈ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀਰਵਾਰ ਨੂੰ ਟਵੀਟ ਕੀਤਾ,''ਦਿੱਲੀ ਸਰਕਾਰ ਨੇ ਕੋਵਿਡ ਆਰ.ਟੀ.-ਪੀ.ਸੀ.ਆਰ. (ਰਿਵਰਸ ਟਰਾਂਸਕ੍ਰਿਪਸ਼ਨ ਪਾਲੀਮਰੇਜ ਚੇਨ ਰਿਐਕਸ਼ਨ) ਜਾਂਚ ਲਈ 2400 ਰੁਪਏ ਦੀ ਕੀਮਤ ਤੈਅ ਕਰਨ ਦਾ ਫ਼ੈਸਲਾ ਕੀਤਾ ਹੈ।''
ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਐਤਵਾਰ ਨੂੰ ਗ੍ਰਹਿ ਮੰਤਰੀ ਵਲੋਂ ਗਠਿਤ ਉਚ ਪੱਧਰੀ ਕਮੇਟੀ ਦੇ ਸੁਝਾਅ ਤੋਂ ਬਾਅਦ ਦਿੱਲੀ 'ਚ ਕੋਵਿਡ-19 ਦੀ ਜਾਂਚ ਲਈ 2400 ਰੁਪਏ ਕੀਮਤ ਤੈਅ ਕੀਤੀ ਗਈ ਹੈ ਅਤੇ ਹੁਣ 'ਰੈਪਿਡ ਏਂਟੀਜਨ' ਨਾਲ ਜਾਂਚ ਹੋਵੇਗੀ। ਮੰਤਰਾਲੇ ਦੇ ਬੁਲਾਰੇ ਨੇ ਕਿਹਾ ਸੀ ਕਿ ਦਿੱਲੀ ਦੇ ਬਲੌਕ ਖੇਤਰਾਂ 'ਚ ਪੀੜਤ ਮਰੀਜ਼ ਦੇ ਸੰਪਰਕ 'ਚ ਆਏ ਲੋਕਾਂ ਦਾ ਪਤਾ ਲਗਾਉਣ ਦੀ ਮੁਹਿੰਮ ਤੇਜ਼ ਕੀਤੀ ਗਈ ਹੈ। ਦਿੱਲੀ ਦੇ 242 ਬਲੌਕ ਖੇਤਰਾਂ 'ਚ ਕੁੱਲ 2,30,466 ਦੀ ਆਬਾਦੀ 'ਚ 15-16 ਜੂਨ ਦਰਮਿਆਨ 1,77,692 ਲੋਕਾਂ ਦੀ ਸਿਹਤ ਜਾਂਚ ਕੀਤੀ ਗਈ। ਬਾਕੀ ਲੋਕਾਂ ਦਾ ਸਰਵੇਖਣ 20 ਜੂਨ ਤਕ ਹੋ ਜਾਵੇਗਾ। (ਏਜੰਸੀ)