ਮਾਮੂਲੀ ਝਗੜੇ ਦੌਰਾਨ ਕੱਟਿਆ ਦਲਿਤ ਨੌਜੁਆਨ ਦਾ ਗੁਪਤ ਅੰਗ?
ਗਰਭਵਤੀ ਪਤਨੀ ਨਾਲ ਵੀ ਕੁੱਟਮਾਰ ਕਰਨ ਦੇ ਇਲਜ਼ਾਮ, ਦੋ ਵਿਰੁਧ ਮਾਮਲਾ ਦਰਜ
ਏਟਾ: ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ ਵਿਚ ਦਲਿਤ ਨੌਜੁਆਨ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਕ 32 ਸਾਲਾ ਦਲਿਤ ਨੌਜੁਆਨ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਕਥਿਤ ਤੌਰ 'ਤੇ ਉੱਚ ਜਾਤੀ ਦੇ ਲੋਕਾਂ ਉਪਰ ਦੋਸ਼ ਲੱਗਿਆ ਹੈ ਕਿ ਉਸ ਦੀ ਜ਼ਮੀਨ 'ਤੇ ਦਰੱਖਤ ਕੱਟਣ 'ਤੇ ਇਤਰਾਜ਼ ਕਰਨ 'ਤੇ ਉਸ ਦਾ ਗੁਪਤ ਅੰਗ ਕੱਟ ਦਿਤਾ ਗਿਆ।
ਪੀੜਤ ਸਤੇਂਦਰ ਕੁਮਾਰ ਨੇ ਦਸਿਆ ਕਿ ਉਸ ਦੀ ਚਾਰ ਮਹੀਨਿਆਂ ਦੀ ਗਰਭਵਤੀ ਪਤਨੀ ਨੂੰ ਵੀ ਕੁਹਾੜੀ ਨਾਲ ਮਾਰਿਆ ਗਿਆ ਅਤੇ ਬੁਰੀ ਤਰ੍ਹਾਂ ਕੁੱਟਿਆ ਗਿਆ। ਸ਼ਿਕਾਇਤਕਰਤਾ ਅਜੇ ਵੀ ਸਦਮੇ ਵਿਚ ਹੈ। ਉਸ ਨੇ ਦਾਅਵਾ ਕੀਤਾ ਕਿ ਉਸ ਦੇ ਗੁਪਤ ਅੰਗ ਦੇ ਅੱਧੇ ਤੋਂ ਵੱਧ ਹਿੱਸੇ ਨੂੰ ਕੱਟ ਦਿਤਾ ਗਿਆ ਹੈ। ਘਟਨਾ ਦੇ ਦੋ ਦਿਨ ਬਾਅਦ, 16 ਜੂਨ ਨੂੰ, ਦੋ ਦੋਸ਼ੀਆਂ ਵਿਕਰਮ ਸਿੰਘ ਠਾਕੁਰ ਅਤੇ ਸਤੇਂਦਰ ਉਰਫ਼ ਭੂਰੇ ਠਾਕੁਰ ਵਿਰੁਧ ਆਈ.ਪੀ.ਸੀ. ਅਤੇ ਐਸ.ਸੀ./ਐਸ.ਟੀ. (ਅੱਤਿਆਚਾਰ ਰੋਕਥਾਮ) ਐਕਟ ਦੀਆਂ ਧਾਰਾਵਾਂ ਤਹਿਤ ਐਫ਼.ਆਈ.ਆਰ. ਦਰਜ ਕੀਤੀ ਗਈ ਸੀ।
ਏਟਾ ਦੀ ਇਸ ਘਟਨਾ ਨੇ ਮਾਹੌਲ ਗਰਮ ਕਰ ਦਿਤਾ ਹੈ। ਇਸ ਸਬੰਧੀ ਥਾਣਾ ਕੋਤਵਾਲੀ ਦੇਹਾਤ ਦੇ ਐਸ.ਐਚ.ਓ. ਸ਼ੰਭੂਨਾਥ ਸਿੰਘ ਨੇ ਦਸਿਆ ਕਿ ਦੋ ਮੁਲਜ਼ਮ ਫ਼ਰਾਰ ਹਨ ਜਿਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੋ ਬੱਚਿਆਂ ਦੇ ਪਿਤਾ ਪੀੜਤ ਸਤੇਂਦਰ ਨੇ ਦਸਿਆ ਕਿ 14 ਜੂਨ ਨੂੰ ਉੱਚ ਜਾਤੀ ਦੇ ਲੋਕ ਮੇਰੀ ਜ਼ਮੀਨ 'ਤੇ ਦਰੱਖਤ ਕੱਟ ਰਹੇ ਸਨ। ਜਦੋਂ ਮੈਂ ਇਤਰਾਜ਼ ਕੀਤਾ ਤਾਂ ਉਸ ਨੇ ਮੇਰੇ ਨਾਲ ਦੁਰਵਿਵਹਾਰ ਕੀਤਾ। ਜਾਤੀਗਤ ਗਾਲਾਂ ਦਿਤੀਆਂ ਗਈਆਂ। ਪੀੜਤ ਨੇ ਦਸਿਆ ਕਿ ਫਿਰ ਵਿਕਰਮ ਅਤੇ ਭੂਰੇ ਨੇ ਮੈਨੂੰ ਫੜ ਲਿਆ ਅਤੇ ਬੇਰਹਿਮੀ ਨਾਲ ਕੁੱਟਿਆ। ਵਿਕਰਮ ਨੇ ਚਾਕੂ ਕੱਢ ਕੇ ਮੇਰਾ ਪ੍ਰਾਈਵੇਟ ਪਾਰਟ ਕੱਟਣ ਦੀ ਕੋਸ਼ਿਸ਼ ਕੀਤੀ। ਇਸ 'ਚ ਮੇਰਾ ਪ੍ਰਾਈਵੇਟ ਪਾਰਟ ਕੱਟਿਆ ਗਿਆ। ਡਾਕਟਰਾਂ ਨੂੰ ਜ਼ਖ਼ਮ 'ਤੇ 12 ਟਾਂਕੇ ਲਗਾਉਣੇ ਪਏ।
ਪੀੜਤ ਸਤੇਂਦਰ ਵਲੋਂ ਉਸ ਦੀ ਪਤਨੀ 'ਤੇ ਵੀ ਮੁਲਜ਼ਮਾਂ ਵਲੋਂ ਹਮਲਾ ਕਰਨ ਦਾ ਦੋਸ਼ ਲਾਇਆ ਹੈ। ਸਤੇਂਦਰ ਨੇ ਦਸਿਆ ਕਿ ਜਦੋਂ ਉਸ ਦੀ ਚਾਰ ਮਹੀਨਿਆਂ ਦੀ ਗਰਭਵਤੀ ਪਤਨੀ ਮਦਦ ਲਈ ਆਈ ਤਾਂ ਭੂਰੇ ਨੇ ਉਸ ’ਤੇ ਕੁਹਾੜੀ ਨਾਲ ਹਮਲਾ ਕੀਤਾ, ਜਿਸ ਨਾਲ ਉਸ ਦੀ ਖੱਬੀ ਬਾਹਨ ਜ਼ਖ਼ਮੀ ਹੋ ਗਈ। ਜਦੋਂ ਉਨ੍ਹਾਂ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਘਰ ਵਿਚ ਦਾਖ਼ਲ ਕੇ ਉਸ ਦੀ ਪਤਨੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਤੋਂ ਇਲਾਵਾ ਮੁਲਜ਼ਮਾਂ ਨੇ ਪੁਲਿਸ ਨੂੰ ਮਾਮਲੇ ਬਾਰੇ ਜਾਣਕਾਰੀ ਦੇਣ ਤੋਂ ਵਰਜਿਆ ਅਤੇ ਜਾਨੋਂ ਮਾਰਨ ਦੀ ਧਮਕੀ ਵੀ ਦਿਤੀ।
ਉਧਰ ਇਸ ਮਾਮਲੇ ਬਾਰੇ ਡੀ.ਐਸ.ਪੀ. ਵਿਕਰਾਂਤ ਦਿਵੇਦੀ ਨੇ ਕਿਹਾ ਕਿ ਸਤੇਂਦਰ ਦੇ ਪ੍ਰਾਈਵੇਟ ਪਾਰਟ 'ਤੇ ਚਾਕੂ ਨਾਲ ਵਾਰ ਕਰਨ ਦਾ ਦੋਸ਼ ਗ਼ਲਤ ਹੈ। ਝਗੜੇ
ਦੌਰਾਨ ਸਿਰ ਵਿਚ ਸੱਟਾਂ ਲੱਗੀਆਂ ਸਨ। ਮੈਡੀਕਲ ਜਾਂਚ 'ਚ ਇਹ ਮਾਮਲਾ ਸਪੱਸ਼ਟ ਹੋ ਗਿਆ ਹੈ। ਪ੍ਰਾਈਵੇਟ ਪਾਰਟ ਦਾ ਕੋਈ ਹਿੱਸਾ ਵੱਖ ਨਹੀਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।