Heatwave in Delhi : ਦਿੱਲੀ 'ਚ ਜਾਨਲੇਵਾ ਹੋਈ ਗਰਮੀ ! ਪਿਛਲੇ 72 ਘੰਟਿਆਂ 'ਚ ਹੀਟਵੇਵ ਕਾਰਨ 5 ਲੋਕਾਂ ਦੀ ਮੌਤ
51 ਡਿਗਰੀ ਤੱਕ ਪਹੁੰਚਿਆ ਹੀਟ ਇੰਡੈਕਸ
Heatwave in Delhi : ਰਾਜਧਾਨੀ ਦਿੱਲੀ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਚਿੰਤਾ ਦੀ ਗੱਲ ਹੈ ਕਿ ਦਿੱਲੀ ਵਿੱਚ ਹੀਟਵੇਵ ਜਾਨਲੇਵਾ ਬਣ ਗਈ ਹੈ। ਗਰਮੀ ਨੇ ਹਾਲਾਤ ਬਦ ਤੋਂ ਬਦਤਰ ਕਰ ਦਿੱਤੇ ਹਨ। ਹਾਲਾਤ ਅਜਿਹੇ ਹਨ ਕਿ ਲੋਕਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ। ਰਾਜਧਾਨੀ 'ਚ ਪਿਛਲੇ 72 ਘੰਟਿਆਂ 'ਚ ਹੀਟ ਵੇਵ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ। ਦਿੱਲੀ ਦੇ ਤਿੰਨ ਵੱਖ-ਵੱਖ ਹਸਪਤਾਲਾਂ ਵਿੱਚ ਹੀਟ ਸਟ੍ਰੋਕ ਕਾਰਨ ਪੰਜ ਮੌਤਾਂ ਹੋਣ ਦੀ ਸੂਚਨਾ ਮਿਲੀ ਹੈ।
ਖ਼ਬਰਾਂ ਮੁਤਾਬਿਕ ਮਰਨ ਵਾਲਿਆਂ ਵਿੱਚ ਇੱਕ 50 ਸਾਲਾ ਵਿਅਕਤੀ ਸ਼ਾਮਲ ਹੈ, ਜਿਸ ਨੂੰ 17 ਜੂਨ ਦੀ ਸ਼ਾਮ ਨੂੰ ਸਫਦਰਜੰਗ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਅਗਲੀ ਸਵੇਰ ਉਸਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਉਸੇ ਦਿਨ ਦਾਖਲ ਇਕ 60 ਸਾਲਾ ਬਜ਼ੁਰਗ ਔਰਤ ਦੀ ਮੰਗਲਵਾਰ ਸਵੇਰੇ ਮੌਤ ਹੋ ਗਈ ਹੈ।
ਰਾਮ ਮਨੋਹਰ ਲੋਹੀਆ ਹਸਪਤਾਲ ਨੇ ਸੋਮਵਾਰ ਨੂੰ ਇੱਕ 40 ਸਾਲਾ ਮਹਿਲਾ ਮਜ਼ਦੂਰ ਅਤੇ ਮੰਗਲਵਾਰ ਸ਼ਾਮ ਨੂੰ 60 ਸਾਲਾ ਪੁਰਸ਼ ਸੁਰੱਖਿਆ ਗਾਰਡ ਦੀ ਮੌਤ ਦੀ ਸੂਚਨਾ ਦਿੱਤੀ। ਇਕ ਹੋਰ ਮੌਤ ਲੋਕ ਨਾਇਕ ਹਸਪਤਾਲ ਵਿਚ ਹੋਈ, ਜਿੱਥੇ ਜਨਕਪੁਰੀ ਦੇ ਰਹਿਣ ਵਾਲੇ 39 ਸਾਲਾ ਕਾਰ ਮਕੈਨਿਕ ਨੂੰ 15 ਜੂਨ ਨੂੰ 106 ਡਿਗਰੀ ਫਾਰਨਹੀਟ ਬੁਖਾਰ ਨਾਲ ਦਾਖਲ ਕਰਵਾਇਆ ਗਿਆ ਸੀ ਅਤੇ ਅਗਲੇ ਦਿਨ ਉਸ ਦੀ ਮੌਤ ਹੋ ਗਈ।
ਦਿੱਲੀ ਵਿੱਚ 50 ਡਿਗਰੀ ਤੋਂ ਪਾਰ ਹੀਟ ਇੰਡੈਕਸ
ਦਿੱਲੀ 'ਚ ਮੰਗਲਵਾਰ ਨੂੰ ਹੀਟ ਇੰਡੈਕਸ 51 ਡਿਗਰੀ ਨੂੰ ਛੂਹ ਗਿਆ। ਆਈਐਮਡੀ ਦੇ ਅਨੁਸਾਰ ਹੀਟ ਇੰਡੈਕਸ ਤੋਂ ਇਨਸਾਨਾਂ ਨੂੰ ਮਹਿਸੂਸ ਹੋਣ ਵਾਲੇ ਤਾਪਮਾਨ ਦੀ ਰੇਂਜ ਦਾ ਪਤਾ ਚੱਲਦਾ ਹੈ। ਇਹ ਦਰਸਾਉਂਦਾ ਹੈ ਕਿ ਤਾਪਮਾਨ ਦੇ ਨਾਲ-ਨਾਲ ਤੁਹਾਡੇ ਆਲੇ ਦੁਆਲੇ ਦੇ ਵਾਤਾਵਰਣ ਵਿੱਚ ਕਿੰਨੀ ਗਰਮੀ ਹੈ। ਜੇਕਰ ਸਰਲ ਭਾਸ਼ਾ ਵਿੱਚ ਸਮਝਿਆ ਜਾਵੇ ਤਾਂ ਹੀਟ ਇੰਡੈਕਸ ਉਹ ਤਾਪਮਾਨ ਹੈ ਜੋ ਤੁਹਾਨੂੰ ਮਹਿਸੂਸ ਹੁੰਦਾ ਹੈ।