Andhra Pradesh : MP ਦੀ ਬੇਟੀ ਨੇ ਕਾਰ ਹੇਠਾਂ ਦਰੜਿਆ ਇੱਕ ਸ਼ਰਾਬੀ ,ਹੋਈ ਮੌਤ, ਗ੍ਰਿਫਤਾਰੀ ਤੋਂ ਤੁਰੰਤ ਬਾਅਦ ਆਰੋਪੀ ਨੂੰ ਮਿਲੀ ਜ਼ਮਾਨਤ
ਪੁਲਸ ਮੁਤਾਬਕ ਆਰੋਪੀ ਵਾਈਐੱਸਆਰ ਕਾਂਗਰਸ ਦੇ ਸੰਸਦ ਮੈਂਬਰ ਬਿਦਾ ਮਸਤਾਨ ਰਾਓ ਦੀ ਬੇਟੀ ਮਾਧੁਰੀ ਹੈ
Andhra Pradesh : ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜਗਨ ਮੋਹਨ ਰੈਡੀ ਦੀ ਪਾਰਟੀ YSR ਕਾਂਗਰਸ ਦੇ ਸੰਸਦ ਮੈਂਬਰ ਦੀ ਬੇਟੀ ਨੇ ਆਪਣੀ ਕਾਰ ਨਾਲ ਇੱਕ ਬਜ਼ੁਰਗ ਸ਼ਰਾਬੀ ਵਿਅਕਤੀ ਨੂੰ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਸ ਘਟਨਾ ਤੋਂ ਬਾਅਦ ਸੰਸਦ ਮੈਂਬਰ ਦੀ ਬੇਟੀ ਮੌਕੇ ਤੋਂ ਫਰਾਰ ਹੋ ਗਈ ਸੀ, ਜਿਸ ਨੂੰ ਬਾਅਦ 'ਚ ਪੁਲਿਸ ਨੇ ਟਰੇਸ ਕਰਕੇ ਗ੍ਰਿਫਤਾਰ ਕਰ ਲਿਆ। ਹਾਲਾਂਕਿ ਥੋੜ੍ਹੇ ਸਮੇਂ ਵਿੱਚ ਹੀ ਉਸ ਨੂੰ ਥਾਣੇ ਵਿੱਚੋਂ ਹੀ ਜ਼ਮਾਨਤ ਮਿਲ ਗਈ।
ਪੁਲਿਸ ਮੁਤਾਬਕ ਆਰੋਪੀ YSR ਕਾਂਗਰਸ ਦੇ ਸੰਸਦ ਮੈਂਬਰ ਬੀਡਾ ਮਸਤਾਨ ਰਾਓ ਦੀ ਬੇਟੀ ਮਾਧੁਰੀ ਹੈ। ਮਾਧੁਰੀ ਦੀ ਕਾਰ ਨੇ ਬੇਸੰਤ ਨਗਰ ਇਲਾਕੇ ਵਿੱਚ ਸੜਕ ਕਿਨਾਰੇ ਇੱਕ ਬਜ਼ੁਰਗ ਸ਼ਰਾਬੀ ਵਿਅਕਤੀ ਨੂੰ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਸੜਕ ਕਿਨਾਰੇ ਪਿਆ ਸੀ ਵਿਅਕਤੀ
ਹਾਦਸੇ ਵਿੱਚ ਜਾਨ ਗਵਾਉਣ ਵਾਲੇ ਵਿਅਕਤੀ ਦਾ ਨਾਮ ਸੂਰਿਆ ਦੱਸਿਆ ਜਾ ਰਿਹਾ ਹੈ। ਚੇਨਈ ਦੇ ਬਸੰਤ ਨਗਰ ਇਲਾਕੇ 'ਚ ਸੋਮਵਾਰ ਸ਼ਾਮ ਨੂੰ ਸੂਰਿਆ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਫੁੱਟਪਾਥ ਕੋਲ ਸੜਕ ਕਿਨਾਰੇ ਲੇਟ ਗਿਆ ਸੀ। ਅਚਾਨਕ ਇੱਥੇ ਇੱਕ ਕਾਰ ਆਈ, ਜਿਸ ਵਿੱਚ ਮਾਧੁਰੀ ਅਤੇ ਉਸਦੀ ਦੋਸਤ ਸਫਰ ਕਰ ਰਹੇ ਸਨ। ਕਾਰ ਨੇ ਸੂਰਿਆ ਨੂੰ ਕੁਚਲ ਦਿੱਤਾ।
ਇਸ ਹਾਦਸੇ ਤੋਂ ਬਾਅਦ ਸਥਾਨਕ ਲੋਕ ਮੌਕੇ 'ਤੇ ਇਕੱਠੇ ਹੋ ਗਏ। ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਮਾਧੁਰੀ ਦੀ ਦੋਸਤ ਸਥਾਨਕ ਲੋਕਾਂ ਨਾਲ ਬਹਿਸ ਕਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਉਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਉਸ ਨੇ ਸੂਰਿਆ ਨੂੰ ਹਸਪਤਾਲ ਲਿਜਾਣ ਲਈ ਐਂਬੂਲੈਂਸ ਬੁਲਾਈ ਹੈ।
ਪਤਨੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ
ਚੇਨਈ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਐਮਪੀ ਦੀ ਧੀ ਅਤੇ ਉਸ ਦੀ ਦੋਸਤ ਨੂੰ ਉਸ ਨੰਬਰ ਰਾਹੀਂ ਟਰੈਕ ਕੀਤਾ ,ਜਿਸ ਤੋਂ ਉਨ੍ਹਾਂ ਨੇ ਐਂਬੂਲੈਂਸ ਲਈ ਕਾਲ ਕੀਤੀ ਸੀ। ਇਹ ਵੀ ਖੁਲਾਸਾ ਹੋਇਆ ਕਿ ਕਾਰ ਪੁਡੂਚੇਰੀ ਵਿੱਚ ਰਜਿਸਟਰਡ ਸੀ। ਪੁਲਸ ਨੇ ਮ੍ਰਿਤਕ ਸੂਰਿਆ ਦੀ ਪਤਨੀ ਵਨੀਤਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ।