ਮੇਰੇ ਉਤੇ ਹੋਏ ਹਮਲੇ ਦੀ ਨਿਆਂਇਕ ਜਾਂਚ ਹੋਵੇ : ਸਵਾਮੀ ਅਗਨੀਵੇਸ਼
ਸਮਾਜਕ ਕਾਰਕੁਨ ਸਵਾਮੀ ਅਗਨੀਵੇਸ਼ ਨੇ ਉਨ੍ਹਾਂ ਉਤੇ ਹੋਏ ਹਮਲੇ ਦੀ ਨਿਆਂਇਕ ਜਾਂਚ ਮੰਗੀ ਹੈ। ਕਲ ਭਾਜਪਾ ਯੁਵਾ ਮੋਰਚੇ ਦੇ ਕਾਰਕੁਨਾਂ ਨੇ ਕਥਿਤ ਤੌਰ 'ਤੇ ਸਵਾਮੀ...
ਰਾਂਚੀ, ਸਮਾਜਕ ਕਾਰਕੁਨ ਸਵਾਮੀ ਅਗਨੀਵੇਸ਼ ਨੇ ਉਨ੍ਹਾਂ ਉਤੇ ਹੋਏ ਹਮਲੇ ਦੀ ਨਿਆਂਇਕ ਜਾਂਚ ਮੰਗੀ ਹੈ। ਕਲ ਭਾਜਪਾ ਯੁਵਾ ਮੋਰਚੇ ਦੇ ਕਾਰਕੁਨਾਂ ਨੇ ਕਥਿਤ ਤੌਰ 'ਤੇ ਸਵਾਮੀ ਅਗਨੀਵੇਸ਼ ਦੀ ਕੁੱਟਮਾਰ ਕੀਤੀ ਸੀ ਅਤੇ ਕਪੜੇ ਪਾੜ ਦਿਤੇ ਸਨ।ਅਗਨੀਵੇਸ਼ ਨੇ ਕਿਹਾ ਕਿ ਉਹ ਅਜਿਹੇ ਹਮਲਿਆਂ ਤੋਂ ਨਹੀਂ ਡਰਨਗੇ। ਪੁਲਿਸ ਸੁਰੱਖਿਆ ਹੇਠ ਇਥੇ ਪਹੁੰਚੇ ਅਗਨੀਵੇਸ਼ ਨੇ ਘਟਨਾ ਦੀ ਨਿਆਂਇਕ ਜਾਂਚ ਕਰਾਉਣ ਦੀ ਮੰਗ ਕੀਤੀ।
ਕਾਂਗਰਸ ਨੇਤਾ ਸੁਬੋਧਕਾਤ ਸਹਾਏ ਅਤੇ ਝਾਰਖੰਡ ਵਿਕਾਸ ਮੋਰਚੇ ਦੇ ਪ੍ਰਧਾਨ ਬਾਬੂਲਾਲ ਮਰਾਂਡੀ ਨਾਲ ਪੱਤਰਕਾਰ ਸੰਮੇਲਨ ਵਿਚ ਅਗਨੀਵੇਸ਼ ਨੇ ਕਿਹਾ ਕਿ ਉਨ੍ਹਾਂ ਖ਼ੁਦ ਮੁੱਖ ਮੰਤਰੀ ਨੂੰ ਅਪਣੇ ਪ੍ਰੋਗਰਾਮ ਦੀ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਮਿਲਣ ਲਈ ਸਮਾਂ ਮੰਗਿਆ ਸੀ, ਇਸ ਤਰ੍ਹਾਂ ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪਾਕੁੜ ਜ਼ਿਲ੍ਹਾ ਪ੍ਰਸ਼ਾਸਨ ਦੀ ਸੀ। ਉਨ੍ਹਾਂ ਕਿਹਾ, 'ਮੈਂ ਅਜਿਹੀਆਂ ਘਟਨਾਵਾਂ ਤੋਂ ਡਰਨ ਵਾਲਾ ਨਹੀਂ ਹਾਂ। ਸੱਦਾ ਮਿਲਣ 'ਤੇ ਫਿਰ ਲਿਟਪਾੜਾ ਜਾਵਾਂਗਾ। ਫ਼ਾਸ਼ੀਵਾਦ ਵਿਰੁਧ ਸਾਨੂੰ ਇਕਜੁਟ ਹੋਣਾ ਪਵੇਗਾ। ਜਮਹੂਰੀਅਤ ਨੂੰ ਬਚਾਉਣ ਲਈ ਸਾਰੇ ਇਕਜੁਟ ਹੋਣ।' (ਏਜੰਸੀ)