ਮੁਹੰਮਦ ਕੈਫ਼ ਨੇ ਸਿਆਸੀ ਪਾਰੀ ਤੋਂ ਕੀਤੀ ਤੋਬਾ, ਪਰਵਾਰ ਨਾਲ ਬਿਤਾਉਣਾ ਚਾਹੁੰਦੇ ਨੇ ਸਮਾਂ
ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਚੁਕੇ ਸਾਬਕਾ ਕੌਮਾਂਤਰੀ ਕ੍ਰਿਕਟਰ ਮੁਹੰਮਦ ਕੈਫ਼ ਨੇ ਰਾਜਨੀਤੀ ਤੋਂ ਤੋਬਾ ਕਰ ਲਈ ਹੈ। ਹਾਲਾਂ ਕਿ ਉਹ ਉਤਰ ਪ੍ਰਦੇਸ਼ 'ਚ ...
ਲਖਨਊ, ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਚੁਕੇ ਸਾਬਕਾ ਕੌਮਾਂਤਰੀ ਕ੍ਰਿਕਟਰ ਮੁਹੰਮਦ ਕੈਫ਼ ਨੇ ਰਾਜਨੀਤੀ ਤੋਂ ਤੋਬਾ ਕਰ ਲਈ ਹੈ। ਹਾਲਾਂ ਕਿ ਉਹ ਉਤਰ ਪ੍ਰਦੇਸ਼ 'ਚ ਨੌਜਵਾਨ ਖਿਡਾਰੀਆਂ ਲਈ ਕੁਝ ਕਰਨਾ ਚਾਹੁੰਦੇ ਹਨ ਅਤੇ ਸੂਬੇ ਦੇ ਕ੍ਰਿਕਟ ਢਾਂਚੇ 'ਚ ਬਦਲਾਅ 'ਚ ਵੀ ਭੂਮਿਕਾ ਨਿਭਾਉਣਾ ਚਾਹੁੰਦੇ ਹਨ।
ਜ਼ਿਕਰਯੋਗ ਹੈ ਕਿ 37 ਸਾਲ ਦੇ ਕ੍ਰਿਕਟਰ ਸਾਲ 2014 'ਚ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ ਸਨ। ਉਤਰ ਪ੍ਰਦੇਸ਼ ਦੀ ਫੂਲਪੁਰ ਲੋਕਸਭਾ ਸੀਟ 'ਤੇ ਕਾਂਗਰਸ ਨੇ ਉਨ੍ਹਾਂ ਨੂੰ ਉਮੀਦਵਾਰ ਬਣਾਇਆ ਸੀ। ਇੱਥੇ ਉਨ੍ਹਾਂ ਦਾ ਮੁਕਾਬਲਾ ਮੌਜੂਦਾ ਉਪ-ਮੁੱਖ ਮੰਤਰੀ ਕੇਸ਼ਵ ਪ੍ਰਸ਼ਾਦ ਮੌਰਿਆ ਨਾਲ ਸੀ।
ਅਪਣੀ ਬੱਲੇਬਾਜ਼ੀ ਨਾਲ ਵੱਡੇ-ਵੱਡੇ ਗੇਂਦਬਾਜ਼ਾਂ ਦੇ ਛਿੱਕੇ-ਛੁਡਾਉਣ ਵਾਲੇ ਕੈਫ਼ ਰਾਜਨੀਤੀ ਦੀ ਅਪਣੀ ਪਹਿਲੀ ਪਾਰੀ 'ਚ ਕਲੀਨ ਬੋਲਡ ਹੋ ਗਏ ਸਨ। ਚੋਣਾਂ 'ਚ ਮੌਰਿਆ ਨੂੰ ਜਿੱਥੇ ਪੰਜ ਲੱਖ ਤੋਂ ਜ਼ਿਆਦਾ ਵੋਟਾਂ ਮਿਲੀਆਂ ਸਨ, ਉਥੇ ਹੀ ਕੈਫ਼ ਕਰੀਬ 58 ਹਜ਼ਾਰ ਵੋਟਾਂ ਪਾ ਕੇ ਚੌਥੇ ਸਥਾਨ 'ਤੇ ਰਹੇ ਸਨ।ਕ੍ਰਿਕਟ ਤੋਂ ਸੰਨਿਆਸ ਲੈ ਚੁਕੇ ਕੈਫ਼ ਨੇ ਦਸਿਆ ਕਿ ਹੁਣ ਉਹ ਅਪਣੇ ਪਰਵਾਰ ਨਾਲ ਕੁਝ ਸਮਾਂ ਬਿਤਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਹਾਲਾਂ ਕਿ ਮੈਂ ਭਾਰਤੀ ਟੀਮ 'ਚ ਤਾਂ ਨਹੀਂ ਸੀ ਪਰ ਛੱਤੀਸਗੜ੍ਹ ਰਣਜੀ ਟੀਮ ਨਾਲ ਜੁੜਿਆ ਹੋਇਆ ਸੀ, ਜਿਸ ਕਾਰਨ ਸਾਲ 'ਚ ਪੰਜ ਮਹੀਨੇ ਮੈਂ ਘਰੋਂ ਬਾਹਰ ਰਹਿੰਦਾ ਸੀ। (ਏਜੰਸੀ)