ਵਿਰੋਧੀ ਧਿਰ ਨੇ ਸਰਕਾਰ ਵਿਰੁਧ ਲਿਆਂਦਾ ਬੇਭਰੋਸਗੀ ਮਤਾ, ਚਰਚਾ ਭਲਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿਛਲੇ ਚਾਰ ਸਾਲਾਂ ਵਿਚ ਵਿਰੋਧੀ ਧਿਰ ਵਲੋਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿਰੁਧ ਪੇਸ਼ ਕੀਤੇ ਗਏ ਪਹਿਲੇ ਬੇਭਰੋਸਗੀ ਮਤੇ 'ਤੇ ਲੋਕ ਸਭਾ ਵਿਚ ...

Rahul Gandhi

ਨਵੀਂ ਦਿੱਲੀ,  ਪਿਛਲੇ ਚਾਰ ਸਾਲਾਂ ਵਿਚ ਵਿਰੋਧੀ ਧਿਰ ਵਲੋਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿਰੁਧ ਪੇਸ਼ ਕੀਤੇ ਗਏ ਪਹਿਲੇ ਬੇਭਰੋਸਗੀ ਮਤੇ 'ਤੇ ਲੋਕ ਸਭਾ ਵਿਚ 20 ਜੁਲਾਈ ਨੂੰ ਚਰਚਾ ਅਤੇ ਵੋਟ ਵੰਡ ਹੋਵੇਗੀ। ਸਰਕਾਰ ਨੇ ਕਿਹਾ ਕਿ ਉਹ ਮਤੇ ਦਾ ਸਾਹਮਣਾ ਕਰਨ ਨੂੰ ਤਿਆਰ ਹੈ ਤਾਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇ। ਮੰਤਰੀ ਅਨੰਥ ਕੁਮਾਰ ਨੇ ਕਿਹਾ ਕਿ ਉਹ ਜੇਤੂ ਹੋ ਕੇ ਨਿਕਲਣਗੇ।

ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਕਿਹਾ, 'ਬੇਭਰੋਸਗੀ ਮਤੇ 'ਤੇ 20 ਜੁਲਾਈ ਨੂੰ ਚਰਚਾ ਹੋਵੇਗੀ। ਇਸ 'ਤੇ ਪੂਰੇ ਦਿਨ ਚਰਚਾ ਹੋਵੇਗੀ ਅਤੇ ਉਸੇ ਦਿਨ ਵੋਟਿੰਗ ਹੋਵੇਗੀ।' ਮੈਂਬਰਾਂ ਵਲੋਂ ਚਰਚਾ ਲਈ ਕੁੱਝ ਹੋਰ ਸਮਾਂ ਸਮਾਂ ਵਧਾਉਣ ਦੀ ਮੰਗ 'ਤੇ ਸਪੀਕਰ ਨੇ ਕਿਹਾ ਕਿ ਸੱਤ ਘੰਟਿਆਂ ਦਾ ਸਮਾਂ ਚਰਚਾ ਲਈ ਰਖਿਆ ਗਿਆ ਹੈ। ਇਸ ਦਿਨ ਪ੍ਰਸ਼ਨਕਾਲ ਨਹੀਂ ਚੱਲੇਗਾ ਅਤੇ ਗ਼ੈਰ-ਸਰਕਾਰੀ ਕੰਮਕਾਜ ਨਹੀਂ ਹੋਵੇਗਾ। 

ਸਿਰਫ਼ ਬੇਭਰੋਸਗੀ ਮਤੇ ਬਾਰੇ ਚਰਚਾ ਹੋਵੇਗੀ। ਇਸ ਤੋਂ ਪਹਿਲਾਂ ਲੋਕ ਸਭਾ ਵਿਚ ਮੋਦੀ ਸਰਕਾਰ ਵਿਰੁਧ ਪੇਸ਼ ਬੇਭਰੋਸਗੀ ਮਤੇ ਦਾ ਨੋਟਿਸ ਪ੍ਰਵਾਨ ਹੋ ਗਿਆ ਹਾਲਾਂਕਿ ਸਦਨ ਵਿਚ ਤ੍ਰਿਣਮੂਲ ਕਾਂਗਰਸ ਦੇ ਦਿਨੇਸ਼ ਤ੍ਰਿਵੇਦੀ ਨੇ ਕਿਹਾ ਕਿ ਪਛਮੀ ਬੰਗਾਲ ਵਿਚ ਅਸੀਂ 21 ਜੁਲਾਈ ਨੂੰ ਸ਼ਹੀਦ ਦਿਵਸ ਮਨਾਉਂਦੇ ਹਨ ਅਤੇ ਇਸੇ ਕਾਰਨ 20 ਜੁਲਾਈ ਨੂੰ ਤ੍ਰਿਣਮੂਲ ਦਾ ਇਕ ਵੀ ਸੰਸਦ ਮੈਂਬਰ ਸਦਨ ਵਿਚ ਨਹੀਂ ਰਹੇਗਾ, ਇਸ ਲਈ ਸ਼ੁਕਰਵਾਰ ਦੀ ਜਗ੍ਹਾ ਚਰਚਾ ਸੋਮਵਾਰ ਨੂੰ ਕਰਾਈ ਜਾਏ। 

ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਬੇਭਰੋਸਗੀ ਮਤਾ ਪੇਸ਼ ਕਰਨ ਮਗਰੋਂ ਕਿਸੇ ਵੀ ਪਲ ਚਰਚਾ ਲਈ ਤਿਆਰ ਰਹਿਦਾ ਚਾਹੀਦਾ ਹੈ। ਬੇਭਰੋਸਗੀ ਮਤਾ ਅਹਿਮ ਹੈ ਅਤੇ ਮੈਂਬਰਾਂ ਨੂੰ ਹੋਰ ਕੋਈ ਵੀ ਪ੍ਰੋਗਰਾਮ ਛੱਡ ਕੇ ਉਸ ਵਿਚ ਭਾਗ ਲੈਣਾ ਚਾਹੀਦਾ ਹੈ। ਲੋਕ ਸਭਾ ਸਪੀਕਰ ਨੇ ਕਿਹਾ ਕਿ ਮੈਂਬਰ ਸ਼ੁਕਰਵਾਰ ਨੂੰ ਚਰਚਾ ਵਿਚ ਭਾਗ ਲੈ ਕੇ ਵੀ ਮੁੜ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਵਿਸ਼ੇ 'ਤੇ ਹੁਣ ਚਰਚਾ ਨਹੀਂ ਹੋ ਸਕਦੀ।

ਉਹ ਵਿਵਸਥਾ ਦੇ ਚੁਕੀ ਹੈ। ਸਦਨ ਵਿਚ ਪ੍ਰਸ਼ਨਕਾਲ ਖ਼ਤਮ ਹੋਣ ਮਗਰੋਂ ਲੋਕ ਸਭਾ ਸਪੀਕਰ ਨੇ ਸਰਕਾਰ ਵਿਰੁਧ ਬੇਭਰੋਸਗੀ ਪ੍ਰਸਤਾਵ ਦਾ ਨੋਟਿਸ ਦੇਣ ਵਾਲੇ ਸਾਰੇ ਮੈਂਬਰਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਮੈਂਬਰਾਂ ਦੀ ਗਿਣਤੀ 50 ਤੋਂ ਵੱੱਧ ਹੈ, ਇਸ ਲਈ ਮਤਾ ਪ੍ਰਵਾਨ ਹੁੰਦਾ ਹੈ। ਕਾਂਗਰਸ ਦੇ ਮਲਿਕਾਅਰਜੁਨ ਖੜਗੇ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਨੋਟਿਸ ਦਿਤਾ ਸੀ ਅਤੇ ਇਹ ਨੋਟਿਸ ਰੱਖਣ ਦਾ ਮੌਕਾ ਪਹਿਲਾਂ ਸਾਨੂੰ ਦਿਤਾ ਜਾਣਾ ਚਾਹੀਦਾ ਸੀ। (ਏਜੰਸੀ)