ਗੰਨੇ ਦਾ ਮੁਲ 20 ਰੁਪਏ ਵੱਧ ਕੇ 275 ਰੁਪਏ ਕੁਇੰਟਲ ਹੋਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰ ਨੇ ਗੰਨੇ ਦਾ ਢੁਕਵਾਂ ਅਤੇ ਲਾਭਕਾਰੀ ਮੁਲ 20 ਰੁਪਏ ਵਧਾ ਕੇ 275 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਪ੍ਰਵਾਨਗੀ...

Sugarcane

ਨਵੀਂ ਦਿੱਲੀ, : ਸਰਕਾਰ ਨੇ ਗੰਨੇ ਦਾ ਢੁਕਵਾਂ ਅਤੇ ਲਾਭਕਾਰੀ ਮੁਲ 20 ਰੁਪਏ ਵਧਾ ਕੇ 275 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਪ੍ਰਵਾਨਗੀ ਦੇ ਦਿਤੀ ਹੈ।  ਕੇਂਦਰੀ ਮੰਤਰੀ ਮੰਡਲ ਦੀ ਆਰਥਕ ਮਾਮਲਿਆਂ ਦੀ ਕਮੇਟੀ ਦੀ ਬੈਠਕ ਵਿਚ ਸਾਲ 2018-19 ਲਈ ਗੰਨੇ ਦਾ ਯੋਗ ਅਤੇ ਲਾਭਕਾਰੀ ਮੁਲ 20 ਰੁਪਏ ਪ੍ਰਤੀ ਕੁਇੰਟਲ ਵਧਾਉਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿਤੀ ਗਈ। ਸਰਕਾਰ ਨੇ ਹਾਲ ਹੀ ਵਿਚ ਸਾਉਣੀ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁਲ ਵਿਚ ਫ਼ਸਲਾਂ ਦੀ ਲਾਗਤ ਦੇ ਡੇਢ ਗੁਣਾਂ ਤਕ ਵਾਧਾ ਕੀਤਾ ਹੈ। ਇਨ੍ਹਾਂ ਵਿਚ ਸਾਉਣੀ ਦੇ ਮੌਸਮ ਦੀ ਮੁੱਖ ਫ਼ਸਲ ਧਾਨ ਦਾ ਸਮਰਥਨ ਮੁਲ 200 ਰੁਪਏ ਵਧਾ ਕੇ 1750 ਰੁਪਏ ਕੁਇੰਟਲ ਕੀਤਾ ਗਿਆ।
     

 ਖੇਤੀ ਲਾਗਤ ਅਤੇ ਮੁਲ ਕਮਿਸ਼ਨ ਯਾਨੀ ਸੀਏਸੀਪੀ ਨੇ ਆਗਾਮੀ ਇਜਲਾਸ ਲਈ ਗੰਨੇ ਦਾ ਯੋਗ ਅਤੇ ਲਾਭਕਾਰੀ ਮੁਲ ਐਫ਼ਆਰਪੀ 20 ਰੁਪਏ ਵਧਾ ਕੇ 275 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਸਿਫ਼ਾਰਸ਼ ਕੀਤੀ ਸੀ। ਸੀਏਸੀਪੀ ਸਰਕਾਰ ਨੂੰ ਪ੍ਰਮੁੱਖ ਖੇਤੀ ਉਪਜਾਂ ਦੇ ਭਾਅ ਤੈਅ ਕਰਨ ਦੀ ਸਿਫ਼ਾਰਸ਼ ਕਰਦੀ ਹੈ। ਆਮ ਤੌਰ 'ਤੇ ਸਰਕਾਰ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਪ੍ਰਵਾਨ ਕਰ ਲੈਂਦੀ ਹੈ।

ਮੌਜੂਦਾ ਸਿਫ਼ਾਰਸ਼ ਮੁਤਾਬਕ ਏਐਫ਼ਆਰਪੀ ਭਾਅ ਗੰਨੇ ਤੋਂ 9.5 ਫ਼ੀ ਸਦੀ ਦੀ ਬੇਸਿਕ ਰਿਕਵਰੀ 'ਤੇ ਆਧਾਰਤ ਹੈ। ਇਸ ਤੋਂ ਜ਼ਿਆਦਾ ਰਿਕਵਰੀ ਹੋਣ 'ਤੇ ਹਰ 0.1 ਫ਼ੀ ਸਦੀ ਦੀ ਵਾਧੂ ਰਿਕਵਰੀ ਲਈ 2.68 ਰੁਪਏ ਪ੍ਰਤੀ ਕੁਇੰਟਲ ਦੀ ਪ੍ਰੀਮੀਅਮ ਕਿਸਾਨਾਂ ਨੂੰ ਦਿਤੀ ਜਾਵੇਗੀ। ਯੂਪੀ ਕੇਂਦਰ ਦੁਆਰਾ ਐਲਾਨੇ ਏਐਫ਼ਆਰਪੀ ਤੋਂ ਉਪਰ ਅਪਣਾ ਸਲਾਹ ਮੁਲ ਐਲਾਨਦਾ ਹੈ। ਯੂਪੀ ਤੋਂ ਇਲਾਵਾ ਪੰਜਾਬ, ਹਰਿਆਣਾ ਵੀ ਕੇਂਦਰ ਦੇ ਏਐਫ਼ਆਰਪੀ ਤੋਂ ਉਪਰ ਅਪਣਾ ਸਲਾਹ ਮੁਲ ਐਲਾਨਦੇ ਹਨ। (ਏਜੰਸੀ)