ਨੋਇਡਾ ਵਿਚ ਦੋ ਇਮਾਰਤਾਂ ਡਿੱਗੀਆਂ, ਚਾਰ ਦੀ ਮੌਤ
ਨੋਇਡਾ 'ਚ ਦੋ ਇਮਾਰਤਾਂ ਦੇ ਢਹਿ ਜਾਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਤਿੰਨ ਹੋਰਾਂ ਨੂੰ ਹਸਪਤਾਲ ਵਿਚ ...
ਗ੍ਰੇਟਰ ਨੋਇਡਾ,ਨੋਇਡਾ 'ਚ ਦੋ ਇਮਾਰਤਾਂ ਦੇ ਢਹਿ ਜਾਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਤਿੰਨ ਹੋਰਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਵਿਚ ਇਕ ਮਹਿਲਾ ਅਤੇ ਦੋ ਪੁਰਸ਼ ਹਨ। ਮਲਬੇ ਹੇਠਾਂ ਕਈ ਹੋਰਾਂ ਦੇ ਦਬੇ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਪਿੰਡ ਸ਼ਾਹਬੇਰੀ ਵਿਖੇ ਵਾਪਰੀ ਇਸ ਘਟਨਾ ਦੇ ਮਾਮਲੇ ਵਿਚ ਬਿਲਡਰ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ-ਨਾਲ 18 ਵਿਰੁਧ ਗ਼ੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਬੀਤੀ ਰਾਤ ਲਗਭਗ 9:30 ਵਜੇ ਉਸਾਰੀ ਅਧੀਨ ਇਮਾਰਤ ਨਾਲ ਦੀ ਚਾਰ ਮੰਜ਼ਲਾ ਇਮਾਰਤ 'ਤੇ ਡਿੱਗ ਗਈ ਜਿਸ ਕਾਰਨ ਦੋਵੇਂ ਇਮਾਰਤਾਂ ਢਹਿ ਗਈਆਂ।
ਪੁਲਿਸ ਨੇ ਬਿਲਡਰ ਅਤੇ ਪ੍ਰਾਪਰਟੀ ਡੀਲਰ ਨੂੰ ਪੁੱਛ-ਪੜਤਾਲ ਲਈ ਹਿਰਾਸਤ ਵਿਚ ਲਿਆ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਯਾਨਾਥ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿਤੇ ਕਿ ਉਹ ਰਾਹਤ ਮੁਹਿੰਮ ਵਿਚ ਸਹਿਯੋਗ ਕਰਨ ਤਾਕਿ ਮਲਬੇ ਹੇਠਾਂ ਦਬੇ ਹੋਏ ਲੋਕਾਂ ਨੂੰ ਬਾਹਰ ਕਢਿਆ ਜਾ ਸਕੇ। ਸਥਾਨਕ ਲੋਕਾਂ ਨੇ ਕਿਹਾ ਕਿ ਮਲਬੇ ਹੇਠਾਂ ਲਗਭਗ 40 ਲੋਕ ਦਬੇ ਹੋਏ ਹਨ ਅਤੇ ਬਣੀ ਹੋਈ ਚਾਰ ਮੰਜ਼ਲਾ ਇਮਾਰਤ 'ਚ ਲਗਭਗ 18 ਪਰਵਾਰ ਰਹਿ ਰਹੇ ਸਨ ਜਿਨ੍ਹਾਂ ਵਿਚ 32 ਲੋਕਾਂ ਦੇ ਘਰ ਹੋਣ ਦੀ ਗੱਲ ਆਖੀ ਜਾ ਰਹੀ ਹੈ।
ਸ਼ੁਰੂਆਤੀ ਜਾਣਕਾਰੀ ਵਿਚ ਇਹ ਸਾਹਮਣੇ ਆਇਆ ਹੈ ਕਿ ਬਿਲਡਰ ਗ਼ੈਰ ਕਾਨੂੰਨੀ ਢੰਗ ਨਾਲ ਇਮਾਰਤ ਦੀ ਉਸਾਰੀ ਕਰਵਾ ਰਿਹਾ ਸੀ। ਲੋਕਾਂ ਨੇ ਦਸਿਆ ਕਿ ਢਹੀ ਇਮਾਰਤ ਦੋ ਸਾਲ ਪਹਿਲਾਂ ਹੀ ਬਣਾਈ ਗਈ ਹੈ ਜਿਸ ਦੇ ਕੁੱਝ ਫ਼ਲੈਟ ਖ਼ਾਲੀ ਪਏ ਸਨ। ਇਸ ਬਿਲਡਿੰਗ ਵਿਚ ਹਾਲੇ 12 ਘੰਟੇ ਪਹਿਲਾਂ ਹੀ ਇਕ ਪਰਵਾਰ ਸ਼ਿਫ਼ਟ ਹੋਇਆ ਸੀ। (ਏਜੰਸੀ)