ਭਾਜਪਾ ਨੇ ਮੰਨਿਆ ਕਿ ਰਾਜਸਥਾਨ ਵਿਚ ਉਸ ਨੇ ਖ਼ਰੀਦੋ-ਫ਼ਰੋਖ਼ਤ ਕੀਤੀ : ਕਾਂਗਰਸ
ਪਾਇਲਟ ਅਤੇ ਬਾਗ਼ੀ ਵਿਧਾਇਕਾਂ ਲਈ ਅੱਜ ਵੀ ਖੁਲ੍ਹੇ ਹਨ ਕਾਂਗਰਸ ਦੇ ਦਰਵਾਜ਼ੇ : ਖੇੜਾ
ਨਵੀਂ ਦਿੱਲੀ, 18 ਜੁਲਾਈ : ਕਾਂਗਰਸ ਨੇ ਰਾਜਸਥਾਨ ’ਚ ਆਡੀਉ ਕਲਿੱਪ ਮਾਮਲੇ ਦੀ ਭਾਜਪਾ ਵਲੋਂ ਸੀਬੀਆਈ ਜਾਂਚ ਦੀ ਮੰਗ ਕੀਤੇ ਜਾਣ ਦੇ ਬਾਅਦ ਸਨਿਚਰਵਾਰ ਨੂੰ ਕਿਹਾ ਕਿ ਕੇਂਦਰ ’ਚ ਸੱਤਾਧਿਰ ਪਾਰਟੀ ਨੇ ਖੁੱਲ੍ਹ ਕੇ ਸਵੀਕਾਰ ਕਰ ਲਿਆ ਹੈ ਕਿ ਉਸ ਨੇ ਅਸ਼ੋਕ ਗਹਿਲੋਤ ਸਰਕਾਰ ਨੂੰ ਅਸਥਿਰ ਕਰਨ ਲਈ ਵਿਧਾਇਕਾਂ ਦੀ ਖ਼ਰੀਰੋ-ਫ਼ਰੋਖ਼ਤ ਕੀਤੀ। ਪਾਰਟੀ ਬੁਲਾਰੇ ਪਵਨ ਖੇੜਾ ਨੇ ਇਹ ਵੀ ਕਿਹਾ ਕਿ ਕਾਂਗਰਸ ਦੇ ਦਰਵਾਜੇ ਅੱਜ ਵੀ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਅਤੇ ਬਾਗ਼ੀ ਵਿਧਾਇਕਾਂ ਲਈ ਖੁੱਲ੍ਹੇ ਹਨ।
ਉਨ੍ਹਾਂ ਡਿਜੀਟਲ ਪ੍ਰੈਸ ਕਾਨਫਰੰਸ ਵਿਚ ਕਿਹਾ, ‘‘ ਰਾਜਸਥਾਨ ’ਚ ਲੋਕਤੰਤਰ ਦਾ ਕਤਲ ਕਰਨ ਦੀਆਂ ਕੋਸ਼ਿਸ਼ਾਂ ਦੀ ਖੁੱਲ੍ਹੀ ਖੇਡ ਪਿਛਲੇ ਕੁੱਝ ਦਿਨਾਂ ਤੋਂ ਜਾਹਿਰ ਹੋ ਰਹੀ ਸੀ। ਅੱਜ ਭਾਜਪਾ ਨੇ ਸਵੀਕਾਰ ਕਰ ਲਿਆ ਕਿ ਖ਼ਰੀਦੋ ਫ਼ਿਰੋਖ਼ਤ ਹੋਈ, ਲੋਕਤੰਤਰ ਦਾ ਕਤਲ ਹੋਇਆ ਅਤੇ ਸੰਵਿਧਾਨ ਨੂੰ ਕੁਚਲਿਆ ਗਿਆ। ਉਨ੍ਹਾਂ ਨੂੰ ਇਤਰਾਜ ਸਿਰਫ਼ ਇਸ ਗੱਲ ਦਾ ਹੈ ਕਿ ਜਦੋਂ ਇਹ ਸਭ ਹੋ ਰਿਹਾ ਸੀ ਤਾਂ ਰਿਕਾਰਡਿੰਗ ਕਿਉਂ ਹੋਈ?’’ ਉਨ੍ਹਾਂ ਨੇ ਦਾਅਵਾ ਕੀਤਾ, ‘‘ਇਹ ਵੀ ਸਪਸ਼ਟ ਹੋ ਗਿਆ ਹੈ ਕਿ ਚੋਰ ਡਰਿਆ ਹੋਇਆ ਹੈ। ਚੋਰ ਨੂੰ ਪਤਾ ਹੈ ਕਿ ਇਸ ਮਾਮਲੇ ’ਚ ਕਈ ਵੱਡੇ ਆਗੂ ਫਸਨ ਵਾਲੇ ਹਨ।’’
ਖੇੜਾ ਨੇ ਦੋਸ਼ ਲਾਇਆ, ‘‘ਇਤਿਹਾਸ ’ਚ ਪਹਿਲੀ ਵਾਰ ਹੈ ਕਿ ਜਾਂਚ ਦੀ ਇਕ ਸਰਕਾਰੀ ਪਰੀਕਿਰਿਆ ਨੂੰ ਰੋਕਣ ਲਈ ਭਾਜਪਾ ਖੁੱਲ੍ਹ ਕੇ ਸਾਹਮਣੇ ਆੲ ਅਤੇ ਮਾਨੇਸਰ ਦੇ ਇਕ ਹੋਟਲ ’ਚ ਮੌਜੂਦ ਕਾਂਗਰਸ ਦੇ ਵਿਧਾਇਕਾਂ ਦੀ ਆਵਾਜ਼ ਦੇ ਨਮੂਨੇ ਨਹੀਂ ਲੈਣ ਦਿਤੇ ਗਏ।’’ ਉਨ੍ਹਾਂ ਨੇ ਸਵਾਲ ਕੀਤਾ, ‘‘ਪਾਇਲਟ ਜੀ, ਇਕ ਪਾਸੇ ਅਦਾਲਤ ’ਚ ਤੁਸੀ ਸਾਬਤ ਕਰ ਰਹੇ ਹੋ ਕਿ ਤੁਸੀਂ ਕਾਂਗਰਸ ਦਾ ਹਿੱਸਾ ਹੋ ਅਤੇ ਦੂਜੇ ਪਾਸੇ ਤੁਸੀ ਭਾਜਪਾ ਦੀ ਸੁਰੱਖਿਆ ਵਿਚ ਹਰਿਆਣਾ ’ਚ ਕਿਉਂ ਬੈਠੇ ਹੋ? ਇਕ ਸਵਾਲ ਦੇ ਜਵਾਬ ’ਚ ਕਾਂਗਰਸ ਬੁਲਾਰੇ ਨੇ ਕਿਹਾ, ‘‘ਕਾਂਗਰਸ ਨੇ ਖੁੱਲ੍ਹੇ ਮਨ ਨਾਲ ਪਾਇਲਟ ਅਤੇ ਉਨ੍ਹਾਂ ਵਿਧਾਇਕਾਂ ਲਈ ਅਪਣੇ ਦਰਵਾਜੇ ਖੁੱਲ੍ਹੇ ਰਖੇ ਹਨ ਜੋ ਭਾਜਪਾ ਦੇ ਜਾਲ ਵਿਚ ਫਸੇ ਹੋਏ ਨਜ਼ਰ ਆ ਰਹੇ ਹਨ।’’ (ਪੀਟੀਆਈ)
ਬੀ.ਟੀ.ਪੀ ਦੇ ਦੋ ਵਿਧਾਇਕਾਂ ਨੇ ਗਹਿਲੋਤ ਸਰਕਾਰ ਨੂੰ ਖੁਲ੍ਹਾ ਸਮਰਥਨ ਦਿਤਾ
ਜੈਪੁਰ, 18 ਜੁਲਾਈ : ਰਾਜਸਥਾਨ ’ਚ ਭਾਰਤੀ ਟ੍ਰਾਈਬਲ ਪਾਰਟੀ (ਬੀਟੀਪੀ) ਦੇ ਦੋਹਾਂ ਵਿਧਾਇਕਾਂ ਨੇ ਸੂਬੇ ਦੀ ਅਸ਼ੋਕ ਗਹਿਲੋਤ ਸਰਕਾਰ ਨੂੰ ਸਮਰਥਨ ਦੇਣ ਦਾ ਜਨਤਕ ਤੌਰ ’ਤੇ ਐਲਾਨ ਕੀਤਾ। ਇਨ੍ਹਾਂ ਵਿਧਾਇਕਾਂ ਨੇ ਕਿਹਾ ਕਿ ਉਹ ਅਪਣੀ ਪਾਰਟੀ ਦੇ ਹਾਈਕਮਾਨ ਦੀ ਇਜਾਜ਼ਤ ਨਾਲ ਅਸ਼ੋਕ ਗਹਿਲੋਤ ਦੇ ਸਮਰਥਨ ਵਿਚ ਹਨ। ਬੀਟੀਪੀ ਦੇ ਵਿਧਾਇਕਾਂ ਰਾਜਕੁਮਾਰ ਰੋਤ ਅਤੇ ਰਾਮ ਪ੍ਰਸਾਦ ਨੇ ਇਕੇ ਕਾਂਗਰਸ ਸੂਬਾ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਦੇ ਨਾਲ ਸਾਂਝੀ ਪ੍ਰੈਸ ਕਾਨਫਰੰਸ ਵਿਚ ਇਹ ਐਲਾਨ ਕੀਤਾ।