ਕੋਵਿਡ 19 : ਪਿਛਲੇ 24 ਘੰਟਿਆਂ ’ਚ 34 ਹਜ਼ਾਰ ਤੋਂ ਵਧੇਰੇ ਮਾਮਲੇ ਸਾਹਮਣੇ ਆਏ, 671 ਹੋਰ ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 34,884 ਨਵੇਂ ਮਾਮਲੇ ਸਾਹਮਣੇ ਆਏ ਅਤੇ 671 ਮੌਤਾਂ ਹੋਈਆਂ ਹਨ।

Corona Virus

ਨਵੀਂ ਦਿੱਲੀ, 18 ਜੁਲਾਈ : ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 34,884 ਨਵੇਂ ਮਾਮਲੇ ਸਾਹਮਣੇ ਆਏ ਅਤੇ 671 ਮੌਤਾਂ ਹੋਈਆਂ ਹਨ। ਵੱਧ ਰਹੇ ਪੀੜਤ ਮਾਮਲਿਆਂ ਦੀ ਗਿਣਤੀ ਕਾਰਨ ਦੇਸ਼ ਵਿਚ ਪਾਜ਼ੇਟਿਵ ਮਾਮਲਿਆਂ ਦੀ ਕੁੱਲ ਗਿਣਤੀ 10,38,716 ਹੋ ਗਈ ਹੈ। ਰਾਹਤ ਦੀ ਖ਼ਬਰ ਇਹ ਵੀ ਹੈ ਕਿ ਜਿਵੇਂ-ਜਿਵੇਂ ਮਾਮਲੇ ਵੱਧ ਰਹੇ ਹਨ, ਠੀਕ ਹੋਣ ਵਾਲੀਆਂ ਦੀ ਗਿਣਤੀ ਵੀ ਵੱਧ ਰਹੀ ਹੈ। 

ਕੇਂਦਰੀ ਸਿਹਤ ਮੰਤਰਾਲੇ ਦੇ ਸਨਿਚਰਵਾਰ ਸਵੇਰੇ ਅੱਠ ਵਜੇ ਤਕ ਇਕੱਠੇ ਕੀਤੇ ਅੰਕੜਿਆਂ ਮੁਤਾਬਕ ਹੁਣ ਤਕ 6,53,751 ਲੋਕ ਠੀਕ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਹਸਪਤਾਲਾਂ ’ਚੋਂ ਛੁੱਟੀ ਦਿਤੀ ਜਾ ਚੁੱਕੀ ਹੈ। ਦੇਸ਼ ’ਚ ਇਸ ਸਮੇਂ 3,58,692 ਪੀੜੀਤ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਦੇਸ਼ ’ਚ ਹੁਣ ਤਕ ਕੋਰੋਨਾ ਕਾਰਨ ਮੌਤਾਂ ਦਾ ਅੰਕੜਾ 26,273 ’ਤੇ ਪੁੱਜ ਗਿਆ ਹੈ। 

ਮੰਤਰਾਲਾ ਮੁਤਾਬਕ ਇਸ ਖ਼ਤਰਨਾਕ ਮਹਾਮਾਰੀ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਤ ਸੂਬਾ ਮਹਾਰਾਸ਼ਟਰ ਹੈ, ਜਿਥੇ ਕੁੱਲ 2,92,589 ਕੋਰੋਨਾ ਦੇ ਮਾਮਲੇ ਹਨ ਅਤੇ ਜਦਕਿ 11,452 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੂਜੇ ਨੰਬਰ ’ਤੇ ਤਾਮਿਲਨਾਡੂ ਬਣਿਆ ਹੋਇਆ ਹੈ, ਜਿਥੇ 1,60,907 ਮਾਮਲੇ ਹਨ ਅਤੇ 2,315 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸੇ ਤਰ੍ਹਾਂ ਦਿੱਲੀ ਵਿਚ ਕੁੱਲ 1,20,107 ਮਾਮਲੇ ਹਨ ਅਤੇ ਲਾਗ ਕਾਰਨ 3,517 ਮੌਤਾਂ ਹੋਈਆਂ ਹਨ। ਇਸ ਦਰਮਿਆਨ ਭਾਰਤੀ ਮੈਡੀਕਲ ਖੋਜ ਪਰੀਸ਼ਦ (ਆਈ. ਸੀ. ਐੱਮ. ਆਰ.) ਨੇ ਕਿਹਾ ਕਿ ਕੋਵਿਡ-19 ਦੇ ਨਮੂਨਿਆਂ ਦੀ ਜਾਂਚ ’ਚ ਤੇਜ਼ੀ ਆਈ ਹੈ।

ਪਿਛਲੇ 24 ਘੰਟਿਆਂ ਦੌਰਾਨ 671 ਮੌਤਾਂ ਹੋਈਆਂ, ਜਿਨ੍ਹਾਂ ਵਿਚੋਂ ਮਹਾਰਾਸ਼ਟਰ ’ਚ 258, ਕਰਨਾਟਕ’ਚ 115, ਤਾਮਿਲਨਾਡੁ ’ਚ 79, ਆਂਧਰ ਪ੍ਰਦੇਸ਼ ’ਚ 42, ਉਤਰ ਪ੍ਰਦੇਸ਼ ’ਚ 38, ਪਛਮੀ ਬੰਗਾਲ ਦੇ ਦਿੱਲੀ ’ਚ 26-26, ਗੁਜਰਾਤ ’ਚ 17, ਜੰਮੂ ਕਸ਼ਮੀਰ ਅਤੇ ਪੰਜਾਬ ’ਚ 9-9, ਰਾਜਸਥਾਨ ਤੇ ਮੱਧ ਪ੍ਰਦੇਸ਼ ’ਚ 8-8, ਤੇਲੰਗਾਨਾ ’ਚ 7, ਹਰਿਆਣਾ ’ਚ 5, ਝਾਰਖੰਡ, ਬਿਹਾਰ, ਉੜੀਸਾ ’ਚ 4-4, ਆਸਾਮ ਤੇ ਪੁਡੁਚੇਰੀ ’ਚ 3-3, ਛੱਤੀਸਗੜ੍ਹ ਤੇ ਗੋਆ ’ਚ 2-2 ਅਤੇ ਕੇਰਲ ਤੇ ਉਤਰਾਖੰਡ ’ਚ 1-1 ਵਿਅਕਤੀ ਦੀ ਮੌਤ ਹੋਈ।    (ਪੀਟੀਆਈ)