ਹੈਲਮਟ-ਸੀਟ ਬੈਲਟ ਬਚਾ ਸਕਦੇ ਹਨ 40 ਫੀਸਦੀ ਜਾਨਾਂ
ਫਿੱਕੀ ਤੇ ਅਰਨਸਟ ਐਂਡ ਯੰਗ ਦੀ ਰਿਪੋਰਟ 'ਚ ਕੀਤਾ ਗਿਆ ਦਾਅਵਾ
ਨਵੀਂ ਦਿੱਲੀ : ਦੇਸ਼ ਵਿਚ ਸੜਕ ਹਾਦਸਿਆਂ ਵਿਚ ਹੋਣ ਵਾਲੀਆਂ 40 ਫੀਸਦੀ ਮੌਤਾਂ ਨੂੰ ਸਿਰਫ਼ ਸੀਟ ਬੈਲਟ ਅਤੇ ਹੈਲਮੇਟ ਪਹਿਨਣ ਨਾਲ ਹੀ ਰੋਕਿਆ ਜਾ ਸਕਦਾ ਹੈ। ਇਹ ਸਿੱਟਾ FICCI ਅਤੇ ਅਰਨਸਟ ਐਂਡ ਯੰਗ ਦੀ ਇੱਕ ਰਿਪੋਰਟ ਵਿੱਚ ਸਾਹਮਣੇ ਆਇਆ ਹੈ, ਜਿਸ ਵਿਚ ਟ੍ਰੈਫਿਕ ਨਿਯਮਾਂ ਅਤੇ ਜੋਖਮ ਪ੍ਰਤੀ ਜਾਗਰੂਕਤਾ ਦੀ ਲੋੜ ਦਾ ਸੰਕੇਤ ਮਿਲਦਾ ਹੈ।
ਇਸ ਮੁਤਾਬਕ 30 ਫੀਸਦੀ ਮੌਤਾਂ ਹੈਲਮਟ ਨਾ ਪਹਿਨਣ ਕਾਰਨ ਅਤੇ 11 ਫੀਸਦੀ ਸੀਟ ਬੈਲਟ ਲਗਾਉਣ 'ਚ ਅਣਗਹਿਲੀ ਕਾਰਨ ਹੋਈਆਂ ਹਨ। ਜੇਕਰ ਇਨ੍ਹਾਂ ਸੁਰੱਖਿਆ ਉਪਾਵਾਂ ਨੂੰ ਲਾਜ਼ਮੀ ਤੌਰ 'ਤੇ ਅਪਣਾਇਆ ਜਾਵੇ ਤਾਂ ਸੜਕ ਹਾਦਸਿਆਂ 'ਚ ਕਾਫੀ ਕਮੀ ਆ ਸਕਦੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੇਸ਼ ਵਿਚ ਹਰ ਸਾਲ 15 ਲੱਖ ਲੋਕ ਸੜਕ ਹਾਦਸਿਆਂ ਕਾਰਨ ਮਰਦੇ ਹਨ, ਜੋ ਕਿ ਇਸ ਕਾਰਨ ਦੁਨੀਆਂ ਵਿਚ ਹੋਣ ਵਾਲੀਆਂ ਮੌਤਾਂ ਦਾ 11 ਫੀਸਦੀ ਹੈ।
ਇਹ ਸੰਖਿਆ ਸੜਕੀ ਆਵਾਜਾਈ ਮੰਤਰਾਲੇ ਦੁਆਰਾ ਜਾਰੀ ਕੀਤੀ ਗਈ 2021 ਦੀ ਰਿਪੋਰਟ ਤੋਂ ਲਗਭਗ 10 ਗੁਣਾ ਵੱਧ ਹੈ। ਮੰਤਰਾਲੇ ਨੇ ਕਿਹਾ ਹੈ ਕਿ ਹਰ ਸਾਲ ਕਰੀਬ 1.5 ਲੱਖ ਲੋਕ ਸੜਕ ਹਾਦਸਿਆਂ ਕਾਰਨ ਮਰਦੇ ਹਨ। ਮੰਗਲਵਾਰ ਨੂੰ ਜਾਰੀ ਫਿੱਕੀ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਰ 24 ਸਕਿੰਟਾਂ ਵਿਚ ਇੱਕ ਵਿਅਕਤੀ ਦੀ ਦੁਰਘਟਨਾ ਵਿਚ ਮੌਤ ਹੋ ਜਾਂਦੀ ਹੈ। WHO ਨੇ ਸੜਕ ਹਾਦਸਿਆਂ ਨੂੰ ਮੌਤ ਦਾ ਅੱਠਵਾਂ ਸੱਭ ਤੋਂ ਵੱਡਾ ਕਾਰਨ ਦਸਿਆ ਹੈ।
WHO ਦੇ ਅਨੁਸਾਰ ਹਾਦਸਿਆਂ ਕਾਰਨ 1.3 ਬਿਲੀਅਨ ਲੋਕ ਆਪਣੀ ਜਾਨ ਗੁਆਚੁੱਕੇ ਹਨ, ਜਦੋਂ ਕਿ 50 ਮਿਲੀਅਨ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਹਨ। ਇਹ ਪੰਜ ਤੋਂ 29 ਸਾਲ ਦੀ ਉਮਰ ਦੇ ਬੱਚਿਆਂ ਅਤੇ ਨੌਜੁਆਨਾਂ ਦੀ ਮੌਤ ਦਾ ਮੁੱਖ ਕਾਰਨ ਹੈ। ਭਾਰਤ ਵਿਚ ਸੜਕ ਸੁਰੱਖਿਆ ਸਿਰਲੇਖ ਵਾਲੀ ਫਿੱਕੀ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਰ ਸਾਲ ਸਾਡਾ ਦੇਸ਼ ਸੜਕ ਹਾਦਸਿਆਂ ਕਾਰਨ ਐਸਟੋਨੀਆ ਦੀ ਕੁੱਲ ਆਬਾਦੀ ਦੇ ਬਰਾਬਰ ਲੋਕਾਂ ਨੂੰ ਗੁਆ ਦਿੰਦਾ ਹੈ।
ਭਾਰਤ ਬ੍ਰਾਸੀਲੀਆ ਘੋਸ਼ਣਾ ਪੱਤਰ 'ਤੇ ਹਸਤਾਖਰ ਕਰਨ ਵਾਲਾ ਹੈ, ਜਿਸ ਦਾ ਉਦੇਸ਼ 2030 ਤੱਕ ਦੁਨੀਆਂ ਵਿਚ ਸੜਕ ਹਾਦਸਿਆਂ ਅਤੇ ਮੌਤਾਂ ਦੀ ਗਿਣਤੀ ਨੂੰ ਅੱਧਾ ਕਰਨਾ ਹੈ। ਇਹ ਰਿਪੋਰਟ ਓਡੀਸ਼ਾ ਸਰਕਾਰ ਦੇ ਟਰਾਂਸਪੋਰਟ, ਜਲ ਸਰੋਤ ਅਤੇ ਵਣਜ ਮੰਤਰੀ, ਤੁਕੁਨੀ ਸਾਹੂ ਨੇ ਜਾਰੀ ਕੀਤੀ। ਇਸ ਮੁੱਦੇ ਅਤੇ ਚੁਣੌਤੀ ਨਾਲ ਨਜਿੱਠਣ ਲਈ ਸਰਕਾਰਾਂ ਅਤੇ ਉਦਯੋਗ ਘਰਾਣਿਆਂ ਦਰਮਿਆਨ ਸਹਿਯੋਗ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਹੈ ਕਿ ਸੀਟ ਬੈਲਟ ਅਤੇ ਹੈਲਮੇਟ ਦੀ ਵਰਤੋਂ ਹਾਈਵੇਅ 'ਤੇ ਹੀ ਨਹੀਂ ਸਗੋਂ ਸ਼ਹਿਰ ਦੇ ਅੰਦਰਲੇ ਮਾਰਗਾਂ 'ਤੇ ਵੀ ਕੀਤੀ ਜਾਵੇ।
ਇਸ ਮੌਕੇ 'ਤੇ ਬੋਲਦਿਆਂ ਸੰਸਦ ਮੈਂਬਰ ਅਤੇ ਫਿੱਕੀ ਫੋਰਮ ਆਫ ਪਾਰਲੀਮੈਂਟੇਰੀਅਨਜ਼ ਦੇ ਪ੍ਰਧਾਨ ਰਾਜੀਵ ਪ੍ਰਤਾਪ ਰੂਡੀ ਨੇ ਕਿਹਾ ਕਿ ਸੜਕ ਸੁਰੱਖਿਆ ਇਕ ਸਾਂਝੀ ਜ਼ਿੰਮੇਵਾਰੀ ਹੈ ਅਤੇ ਇਸ ਲਈ ਕਾਰਪੋਰੇਟ ਸਮੂਹਾਂ, ਨੀਤੀ ਨਿਰਮਾਤਾਵਾਂ ਅਤੇ ਨਾਗਰਿਕਾਂ ਨੂੰ ਠੋਸ ਉਪਰਾਲੇ ਕਰਨੇ ਪੈਣਗੇ।
------