ਕੋਰੋਨਾ ਨਾਲ ਜੂਝ ਰਹੇ ਭਾਰਤ ਲਈ ਇਕ ਹੋਰ ਬੁਰੀ ਖ਼ਬਰ, 5 ਸਾਲਾਂ ਵਿਚ 12 ਫੀਸਦੀ ਵਧਣਗੇ ਕੈਂਸਰ ਦੇ ਮਾਮਲੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਨਾਲ ਜੂਝ ਰਹੇ ਦੇਸ਼ ਲਈ ਇਕ ਹੋਰ ਬੁਰੀ ਖ਼ਬਰ ਹੈ।

Cancer

ਨਵੀਂ ਦਿੱਲੀ: ਕੋਰੋਨਾ ਵਾਇਰਸ ਨਾਲ ਜੂਝ ਰਹੇ ਦੇਸ਼ ਲਈ ਇਕ ਹੋਰ ਬੁਰੀ ਖ਼ਬਰ ਹੈ। ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਹੁਣ ਕੈਂਸਰ ਵੀ ਲੋਕਾਂ ਦੀਆਂ ਜਾਨਾਂ ਲੈਣ ਲਈ ਤਿਆਰ ਹੈ ਕਿਉਂਕਿ ਭਾਰਤ ਵਿਚ ਆਉਣ ਵਾਲੇ 5 ਸਾਲਾਂ ਵਿਚ ਕੈਂਸਰ ਦੇ ਮਾਮਲੇ 12 ਫੀਸਦੀ ਤੱਕ ਵਧ ਜਾਣਗੇ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਅਤੇ ਰਾਸ਼ਟਰੀ ਰੋਗ ਸੂਚਨਾ ਵਿਗਿਆਨ ਅਤੇ ਖੋਜ ਕੇਂਦਰ (NCDIR) ਨੇ ਕਿਹਾ ਹੈ ਕਿ ਇਸ ਸਾਲ ਭਾਰਤ ਵਿਚ ਕੈਂਸਰ ਦੇ ਮਾਮਲੇ 13.9 ਲੱਖ ਰਹਿਣ ਦੀ ਸੰਭਾਵਨਾ ਹੈ, ਜੋ 2025 ਤੱਕ 15.7 ਲੱਖ ਤੱਕ ਪਹੁੰਚ ਸਕਦੇ ਹਨ।

ਆਈਸੀਐਮਆਰ ਨੇ ਕਿਹਾ ਕਿ ਨੈਸ਼ਨਲ ਕੈਂਸਰ ਰਜਿਸਟਰੀ ਪ੍ਰੋਗਰਾਮ ਰਿਪੋਰਟ 2020 ਵਿਚ ਦਿੱਤਾ ਗਿਆ ਇਹ ਅਨੁਮਾਨ 28 ਆਬਾਦੀ ਅਧਾਰਤ ਕੈਂਸਰ ਰਜਿਸਟਰੀ (PBCRs) ਤੋਂ ਮਿਲੀ ਸੂਚਨਾ ‘ਤੇ ਅਧਾਰਤ ਹੈ। ਬਿਆਨ ਅਨੁਸਾਰ ਤੰਬਾਕੂ ਨਾਲ ਹੋਣ ਵਾਲੇ ਕੈਂਸਰ ਦੇ ਮਾਮਲੇ 3.7 ਲੱਖ ਰਹਿਣ ਦੀ ਸੰਭਾਵਨਾ ਹੈ, ਜੋ 2020 ਦੇ ਕੈਂਸਰ ਦੇ ਕੁੱਲ ਮਾਮਲਿਆਂ ਦਾ 27.1 ਫੀਸਦੀ ਹੋਵੇਗਾ।

ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਉੱਤਰ ਪੂਰਬੀ ਇਲਾਕਿਆਂ ਵਿਚ ਇਸ ਕੈਂਸਰ ਦਾ ਪ੍ਰਭਾਵ ਜ਼ਿਆਦਾ ਦਿਖੇਗਾ। ਬਿਆਨ ਵਿਚ ਕਿਹਾ ਗਿਆ ਹੈ ਕਿ, ‘ਔਰਤਾਂ ਵਿਚ ਛਾਤੀ ਦੇ ਕੈਂਸਰ ਦੇ ਮਾਮਲੇ 2 ਲੱਖ (ਯਾਨੀ 14.8 ਫੀਸਦੀ), ਬੱਚੇਦਾਨੀ ਦੇ ਕੈਂਸਰ ਦੇ 0.75 ਲੱਖ (ਯਾਨੀ 5.4 ਫੀਸਦੀ), ਔਰਤਾਂ ਅਤੇ ਮਰਦਾਂ ਵਿਚ ਅੰਤੜੀਆਂ ਦੇ ਕੈਂਸਰ ਦੇ 2.7 ਲੱਖ ਮਾਮਲੇ (ਯਾਨੀ 19.7 ਫੀਸਦੀ) ਰਹਿਣ ਦਾ ਅਨੁਮਾਨ ਹੈ।

ਦੱਸ ਦਈਏ ਕਿ ਇਕ ਪਾਸੇ ਜਿੱਥੇ ਮਰਦਾਂ ਵਿਚ ਫੇਫੜੇ, ਮੂੰਹ, ਪੇਟ ਦੇ ਕੈਂਸਰ ਸਭ ਤੋਂ ਆਮ ਹੁੰਦੇ ਹਨ, ਉੱਥੇ ਹੀ ਔਰਤਾਂ ਵਿਚ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਸਭ ਤੋਂ ਆਮ ਹਨ। ਅਧਿਐਨ ਨੇ ਇਹ ਵੀ ਖੁਲਾਸਾ ਹੋਇਆ ਹੈ ਕਿ ਪੁਰਸ਼ ਸਭ ਤੋਂ ਵੱਧ ਮੂੰਹ ਦੇ ਕੈਂਸਰ ਦਾ ਸ਼ਿਕਾਰ ਹੁੰਦੇ ਹਨ।