ਮਹਿੰਗੇ ਹੋਣਗੇ ਡਰਾਈ ਫਰੂਟਸ, ਤਾਲਿਬਾਨ ਨੇ ਭਾਰਤ ਨਾਲ ਆਯਾਤ-ਨਿਰਯਾਤ ਕੀਤਾ ਬੰਦ
'ਭਾਰਤ ਵਪਾਰ ਦੇ ਮਾਮਲੇ ਵਿੱਚ ਅਫਗਾਨਿਸਤਾਨ ਦਾ ਸਭ ਤੋਂ ਵੱਡਾ ਭਾਈਵਾਲ'
ਨਵੀਂ ਦਿੱਲੀ: ਅਫਗਾਨਿਸਤਾਨ ਤੇ ਤਾਲਿਬਾਨ ਦਾ ਕਬਜ਼ਾ ਹੋਣ ਦੇ ਨਾਲ ਉਸ ਦੇ ਗੁਆਂਢੀ ਜਾਂ ਇਸਦੇ ਨਾਲ ਦੂਜੇ ਦੇਸ਼ਾਂ ਦੇ ਸਬੰਧ ਵੀ ਬਦਲਣੇ ਸ਼ੁਰੂ ਹੋ ਗਏ ਹਨ। ਭਾਰਤ ਅਤੇ ਅਫਗਾਨਿਸਤਾਨ ਕਰੀਬੀ ਦੋਸਤ ਰਹੇ ਹਨ, ਪਰ ਤਾਲਿਬਾਨ ਨੇ ਸੱਤਾ ਵਿੱਚ ਆਉਂਦੇ ਹੀ ਭਾਰਤ ਨਾਲ ਆਯਾਤ ਅਤੇ ਨਿਰਯਾਤ ਦੋਵੇਂ ਬੰਦ ਕਰ ਦਿੱਤੇ ਹਨ।
ਫੈਡਰੇਸ਼ਨ ਆਫ ਇੰਡੀਆ ਐਕਸਪੋਰਟ ਆਰਗੇਨਾਈਜੇਸ਼ਨ ਦੇ ਡਾ.ਅਜੈ ਸਹਾਏ ਨੇ ਇਸਦੀ ਪੁਸ਼ਟੀ ਕੀਤੀ ਹੈ। ਡਾ.ਅਜੈ ਸਹਾਏ ਨੇ ਕਿਹਾ ਕਿ ਤਾਲਿਬਾਨ ਨੇ ਇਸ ਸਮੇਂ ਮਾਲ ਦੀ ਢੋਆ-ਢੁਆਈ ਨੂੰ ਰੋਕ ਦਿੱਤਾ ਹੈ। ਸਾਡਾ ਸਾਮਾਨ ਅਕਸਰ ਪਾਕਿਸਤਾਨ ਰਾਹੀਂ ਸਪਲਾਈ ਕੀਤਾ ਜਾਂਦਾ ਸੀ, ਜਿਸਨੂੰ ਹੁਣ ਰੋਕ ਦਿੱਤਾ ਗਿਆ ਹੈ।
ਅਸੀਂ ਅਫਗਾਨਿਸਤਾਨ ਦੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ, ਤਾਂ ਜੋ ਅਸੀਂ ਸਪਲਾਈ ਸ਼ੁਰੂ ਕਰ ਸਕੀਏ ਪਰ ਇਸ ਵੇਲੇ, ਤਾਲਿਬਾਨ ਨੇ ਨਿਰਯਾਤ-ਆਯਾਤ ਨੂੰ ਰੋਕ ਦਿੱਤਾ ਹੈ। ਭਾਰਤ ਵਪਾਰ ਦੇ ਮਾਮਲੇ ਵਿੱਚ ਅਫਗਾਨਿਸਤਾਨ ਦਾ ਸਭ ਤੋਂ ਵੱਡਾ ਭਾਈਵਾਲ ਹੈ।
ਸਾਲ 2021 ਵਿੱਚ, ਸਾਡਾ ਨਿਰਯਾਤ 835 ਮਿਲੀਅਨ ਡਾਲਰ ਸੀ, ਜਦੋਂ ਕਿ 510 ਮਿਲੀਅਨ ਡਾਲਰ ਦਾ ਆਯਾਤ ਹੈ। ਆਯਾਤ-ਨਿਰਯਾਤ ਤੋਂ ਇਲਾਵਾ, ਭਾਰਤ ਨੇ ਅਫਗਾਨਿਸਤਾਨ ਵਿੱਚ ਵੀ ਭਾਰੀ ਨਿਵੇਸ਼ ਕੀਤਾ ਹੈ, ਜਿਸ ਵਿੱਚ ਲਗਭਗ 400 ਯੋਜਨਾਵਾਂ ਵਿੱਚ ਲਗਭਗ 3 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਗਿਆ ਹੈ।