’84 ਸਿੱਖ ਕਤਲੇਆਮ : ਸੱਜਣ ਕੁਮਾਰ ਵਿਰੁਧ ਸੁਣਵਾਈ 23 ਅਗੱਸਤ ਤਕ ਟਲੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੱਜ ਦੇ ਛੁੱਟੀ ’ਤੇ ਹੋਣ ਕਾਰਨ ਦੋਸ਼ ਨਹੀਂ ਹੋ ਸਕੇ ਤੈਅ 

Sajjan Kumar

ਨਵੀਂ ਦਿੱਲੀ: ਸਾਲ 1984 ’ਚ ਸਿੱਖ ਕਤਲੇਆਮ ਨਾਲ ਜੁੜੇ ਇਕ ਕੇਸ ’ਚ ਕਾਂਗਰਸ ਆਗੂ ਸੱਜਣ ਕੁਮਾਰ ਵਿਰੁਧ ਅੱਜ ਦੋਸ਼ ਤੈਅ ਨਹੀਂ ਹੋ ਸਕੇ। ਦਿੱਲੀ ’ਚ 1984 ’ਚ ਹੋਏ ਸਿੱਖ ਕਤਲੇਆਮ ਦੌਰਾਨ ਕਾਂਗਰਸ ਆਗੂ ਸੱਜਣ ਕੁਮਾਰ ਵਿਰੁਧ ਜਨਕਪੁਰੀ ’ਚ ਰਹਿਣ ਵਾਲੇ ਦੋ ਸਿੱਖਾਂ ਸੋਹਨ ਸਿੰਘ ਅਤੇ ਉਸ ਦੇ ਦਾਮਾਦ ਅਵਤਾਰ ਸਿੰਘ ਦੇ ਕਤਲ ਕਰਨ ਦਾ ਇਲਜ਼ਾਮ ਹੈ। 

ਦਰਅਸਲ ਰਾਊਜ਼ ਐਵੇਨਿਊ ਕੋਰਟ ਦੇ ਜੱਜ ਐਮ.ਕੇ. ਨਾਗਪਾਲ ਅੱਜ ਛੁੱਟੀ ’ਤੇ ਸਨ। ਇਸ ਕਾਰਨ ਮਾਮਲੇ ਦੀ ਸੁਣਵਾਈ 23 ਅਗੱਸਤ ਤਕ ਟਾਲ ਦਿਤੀ ਗਈ ਹੈ। ਅਦਾਲਤ ਇਸ ਮਾਮਲੇ ’ਚ ਹੁਣ ਬੁਧਵਾਰ ਨੂੰ ਸੁਣਵਾਈ ਕਰਦੇ ਹੋਏ ਕਾਂਗਰਸ ਆਗੂ ਵਿਰੁਧ ਦੋਸ਼ ਤੈਅ ਕਰੇਗੀ। 

ਜ਼ਿਕਰਯੋਗ ਹੈ ਕਿ 2015 ’ਚ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ ਸਿੱਖ ਦੰਗਾ ਮਾਮਲੇ ’ਚ ਸੱਜਣ ਕੁਮਾਰ ਵਿਰੁਧ ਜਨਕਪੁਰੀ ਅਤੇ ਵਿਕਾਸਪੁਰੀ ’ਚ ਐਫ਼.ਆਈ.ਆਰ. ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਸੀ। 

ਦਿੱਲੀ ’ਚ 1984 ’ਚ ਹੋਏ ਸਿੱਖ ਕਤਲੇਆਮ ਦੌਰਾਨ ਸੱਜਣ ਕੁਮਾਰ ਵਿਰੁਧ ਜਨਕਪੁਰੀ ’ਚ ਰਹਿਣ ਵਾਲੇ ਦੋ ਸਿੱਖਾਂ ਸੋਹਨ ਸਿੰਘ ਅਤੇ ਉਸ ਦੇ ਦਾਮਾਦ ਅਵਤਾਰ ਸਿੰਘ ਦਾ ਕਤਲ ਕਰਨ ਦਾ ਦੋਸ਼ ਹੈ। 1 ਨਵੰਬਰ 1984 ਨੂੰ ਦੋਹਾਂ ਦਾ ਕਤਲ ਕਰ ਦਿਤਾ ਗਿਆ ਸੀ। ਇਸ ਕੇਸ ’ਚ ਸੱਜਣ ਕੁਮਾਰ ਦਾ ਪੋਲੀਗ੍ਰਾਫ਼ੀ ਟੈਸਟ ਵੀ ਹੋਇਆ ਸੀ। ਅਦਾਲਤ ’ਚ ਸੱਜਣ ਕੁਮਾਰ ਦੇ ਵਕੀਲਾਂ ਨੇ ਦਲੀਲ ਦਿਤੀ ਸੀ ਕਿ ਐਸ.ਆਈ.ਟੀ. ਕੋਲ ਕੋਈ ਸਬੂਤ ਨਹੀਂ ਹੈ ਜਿਸ ਕਾਰਨ ਸੱਜਣ ਕੁਮਾਰ ਦਾ ਪੋਲੀਗ੍ਰਾਫ਼ੀ ਟੈਸਟ ਕੀਤਾ ਜਾ ਰਿਹਾ ਹੈ।