ਕਬੱਡੀ ਦੇ ਮੈਚ ਦੌਰਾਨ ਚੱਕਰ ਖਾ ਕੇ ਡਿੱਗੀ ਵਿਦਿਆਰਥਣ; ਡਾਕਟਰਾਂ ਨੇ ਮ੍ਰਿਤਕ ਐਲਾਨਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਵੇਰੇ 8 ਵਜੇ ਦੀ ਬਜਾਏ 10.30 ਵਜੇ ਧੁੱਪ ਵਿਚ ਸੁਰੂ ਹੋਇਆ ਸੀ ਮੁਕਾਬਲਾ

Girl student died during kabaddi match

 

ਚੁਰੂ: ਰਾਜਸਥਾਨ ਦੇ ਚੁਰੂ ਵਿਚ ਰਾਜੀਵ ਗਾਂਧੀ ਗ੍ਰਾਮੀਣ ਉਲੰਪਿਕ ਮੁਕਾਬਲੇ 'ਚ 13 ਸਾਲਾ ਵਿਦਿਆਰਥਣ ਕਬੱਡੀ ਖੇਡਦੇ ਹੋਏ ਜ਼ਮੀਨ 'ਤੇ ਡਿੱਗ ਗਈ। ਇਸ ਦੌਰਾਨ ਅਧਿਆਪਕ ਬੱਚੀ ਨੂੰ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਇਹ ਘਟਨਾ ਚੁਰੂ ਜ਼ਿਲ੍ਹੇ ਦੇ ਰਤਨਗੜ੍ਹ ਦੀ ਹੈ। ਸ਼ੁਕਰਵਾਰ ਨੂੰ ਇਥੇ ਬਲਾਕ ਪੱਧਰ ਦੇ ਮੈਚ ਖੇਡੇ ਜਾ ਰਹੇ ਸਨ। ਮੈਚ ਸਵੇਰੇ 8 ਵਜੇ ਸ਼ੁਰੂ ਹੋਣੇ ਸਨ ਪਰ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਸਵੇਰੇ 10.30 ਵਜੇ ਸ਼ੁਰੂ ਹੋਏ।

 ਇਹ ਵੀ ਪੜ੍ਹੋ: ਸਰਕਾਰ ਨੇ ਪਾਸਪੋਰਟ ਬਣਾਉਣ ਦਾ ਦਾਅਵਾ ਕਰਨ ਵਾਲੀਆਂ ਫਰਜ਼ੀ ਵੈੱਬਸਾਈਟਾਂ ’ਤੇ ਲਗਾਈ ਪਾਬੰਦੀ

ਮੁੱਖ ਜ਼ਿਲ੍ਹਾ ਸਿੱਖਿਆ ਅਫ਼ਸਰ (ਸੀ.ਡੀ.ਈ.ਓ.) ਜਗਬੀਰ ਸਿੰਘ ਯਾਦਵ ਨੇ ਦਸਿਆ ਕਿ ਇਹ ਮੁਕਾਬਲੇ ਰਾਮ ਗਿਆਨ ਭਵਨ ਦੇ ਖੇਡ ਮੈਦਾਨ ਵਿਚ ਚੱਲ ਰਹੇ ਸਨ। ਅਲਸਰ-ਬਚਰਾੜਾ ਮਹਿਲਾ ਕਬੱਡੀ ਮੈਚ ਸਵੇਰੇ 10.30 ਵਜੇ ਸ਼ੁਰੂ ਹੋਇਆ। ਅਲਸਰ ਦੀ ਇਕ ਵਿਦਿਆਰਥਣ ਰੇਡ ਕਰਨ ਗਈ ਸੀ ਕਿ ਉਸ ਦੀ ਟੀਮ ਦੀ ਮਾਨਵੀ ਸਵਾਮੀ ਪੁੱਤਰੀ ਪ੍ਰੇਮ ਕੁਮਾਰ ਸਵਾਮੀ ਹੇਠਾਂ ਡਿੱਗ ਪਈ। ਅਧਿਆਪਕ ਉਸ ਨੂੰ ਸਰਕਾਰੀ ਜਲਾਨ ਹਸਪਤਾਲ ਲੈ ਗਏ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।

 ਇਹ ਵੀ ਪੜ੍ਹੋ: ਕਾਰਗਿਲ ਜ਼ਿਲ੍ਹੇ 'ਚ ਸ਼ੱਕੀ ਧਮਾਕਾ; ਤਿੰਨ ਲੋਕਾਂ ਦੀ ਮੌਤ ਅਤੇ 10 ਤੋਂ ਵੱਧ ਜ਼ਖ਼ਮੀ

ਵਿਦਿਆਰਥੀਆਂ ਨੇ ਦਸਿਆ ਕਿ ਬਲਾਕ ਪਧਰੀ ਮੁਕਾਬਲੇ ਸਵੇਰੇ 8 ਵਜੇ ਸ਼ੁਰੂ ਹੋਣੇ ਸਨ ਪਰ ਸਵੇਰੇ 10.30 ਵਜੇ ਤੋਂ ਬਾਅਦ ਸ਼ੁਰੂ ਹੋਏ। ਇਸ ਦੌਰਾਨ ਤੇਜ਼ ਧੁੱਪ ਕਾਰਨ ਖਿਡਾਰੀ ਪਰੇਸ਼ਾਨ ਰਹੇ। ਇਥੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ। ਦਿਤੇ ਗਏ ਖਾਣੇ ਦੇ ਪੈਕੇਟ ਵੀ ਦੋ ਦਿਨ ਪਹਿਲਾਂ ਹੀ ਬਣਾਏ ਗਏ ਸਨ। ਬਦਬੂ ਕਾਰਨ ਉਨ੍ਹਾਂ ਨੂੰ ਸੁੱਟ ਦਿਤਾ ਗਿਆ। ਜਦੋਂ ਸੀ.ਡੀ.ਈ.ਓ. ਭੰਵਰਲਾਲ ਡੂਡੀ, ਏ.ਸੀ.ਬੀ.ਈ.ਓ. ਅਤੇ ਉਲੰਪਿਕ ਇੰਚਾਰਜ ਉਮੇਸ਼ ਜਾਖੜ ਤੋਂ ਇਸ ਬਾਰੇ ਜਾਣਕਾਰੀ ਮੰਗੀ ਤਾਂ ਉਨ੍ਹਾਂ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿਤਾ। ਸੀ.ਆਈ. ਸੁਭਾਸ਼ ਬਿਜਾਰਾਨੀਆ ਨੇ ਦਸਿਆ ਕਿ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ। ਉਧਰ ਵਿਦਿਆਰਥਣ ਦੀ ਮੌਤ ਨੂੰ ਮੰਦਭਾਗਾ ਦਸਦਿਆਂ ਵਿਰੋਧੀ ਧਿਰ ਦੇ ਆਗੂ ਰਾਜਿੰਦਰ ਰਾਠੌਰ ਨੇ ਕਿਹਾ ਕਿ ਇਹ ਸਰਕਾਰ ਦੇ ਮੱਥੇ ’ਤੇ ਕਲੰਕ ਹੈ। ਉਨ੍ਹਾਂ ਦੋਸ਼ ਲਾਇਆ ਕਿ ਖਿਡਾਰੀਆਂ ਨੂੰ ਦੂਸ਼ਿਤ ਭੋਜਨ ਅਤੇ ਪਾਣੀ ਦਿਤਾ ਜਾ ਰਿਹਾ ਹੈ।

 ਇਹ ਵੀ ਪੜ੍ਹੋ: ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ: ਅਜੇ ਤਕ ਅਦਾਲਤ ਵਿਚ ਪੇਸ਼ ਨਹੀਂ ਹੋਏ ਭਰਤ ਇੰਦਰ ਚਾਹਲ

ਜ਼ਿਲ੍ਹਾ ਕੁਲੈਕਟਰ ਸਿਧਾਰਥ ਸਿਹਾਗ ਨੇ ਦਸਿਆ ਕਿ ਮਾਨਵੀ ਸਵਾਮੀ ਦੇ ਪ੍ਰਵਾਰਕ ਮੈਂਬਰਾਂ ਨੂੰ ਮੁੱਖ ਮੰਤਰੀ ਰਾਹਤ ਫੰਡ ਵਿਚੋਂ 5 ਲੱਖ ਰੁਪਏ ਦੀ ਸਹਾਇਤਾ ਮਨਜ਼ੂਰ ਕੀਤੀ ਗਈ ਹੈ। ਇਥੇ ਵਿਦਿਆਰਥੀ ਦੇ ਪ੍ਰਵਾਰਕ ਮੈਂਬਰਾਂ ਨੇ 15 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਘਟਨਾ ਨੂੰ ਮੰਦਭਾਗਾ ਦਸਿਆ, ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਵਿਚ ਉਹ ਪੀੜਤ ਪ੍ਰਵਾਰ ਦੇ ਨਾਲ ਹਨ। ਰਤਨਗੜ੍ਹ ਦੀ ਐਸ.ਡੀ.ਐਮ. ਅਭਿਲਾਸ਼ਾ ਦਾ ਕਹਿਣਾ ਹੈ ਕਿ ਦੇਰ ਰਾਤ ਹੋਈ ਗੱਲਬਾਤ ਤੋਂ ਬਾਅਦ ਮਾਨਵੀ ਦੇ ਪਿਤਾ ਪੋਸਟਮਾਰਟਮ ਕਰਵਾਉਣ ਲਈ ਰਾਜ਼ੀ ਹੋ ਗਏ। ਪੋਸਟਮਾਰਟਮ ਲਈ ਮੈਡੀਕਲ ਬੋਰਡ ਦਾ ਗਠਨ ਕੀਤਾ ਗਿਆ ਹੈ।