ਜਿਹੜਾ ਉਪਾਅ ਭਾਰਤ ’ਚ ਚਲ ਗਿਆ, ਸਮਝੋ ਦੁਨੀਆਂ ’ਚ ਕਿਤੇ ਵੀ ਚੱਲ ਸਕਦੈ : ਪ੍ਰਧਾਨ ਮੰਤਰੀ ਮੋਦੀ
ਕਿਹਾ, ਏਨੀਆਂ ਵੰਨ-ਸੁਵੰਨਤਾਵਾਂ ਹੋਣ ਕਾਰਨ ਭਾਰਤ ਉਪਾਅ ਲੱਭਣ ਲਈ ਇਕ ਆਦਰਸ਼ ਤਜਰਬਾ ਪ੍ਰਯੋਗਸ਼ਾਲਾ
ਬੇਂਗਲੁਰੂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਕਿਹਾ ਹੈ ਕਿ ਭਾਰਤ ਕਿਸੇ ਵੀ ਉਪਾਅ ਨੂੰ ਲਾਗੂ ਕਰਨ ਲਈ ਇਕ ਆਦਰਸ਼ ਤਜਰਬਾ ਪ੍ਰਯੋਗਸ਼ਾਲਾ ਹੈ ਅਤੇ ਜੋ ਉਪਾਅ ਦੇਸ਼ ’ਚ ਸਫ਼ਲ ਸਾਬਤ ਹੁੰਦੇ ਹਨ ਉਨ੍ਹਾਂ ਨੂੰ ਕਿਤੇ ਵੀ ਆਸਾਨੀ ਨਾਲ ਲਾਗੂ ਕੀਤਾ ਜਾ ਸਕਦਾ ਹੈ।
ਬੇਂਗਲੁਰੂ ’ਚ ਜੀ-20 ਡਿਜੀਟਲ ਅਰਥਵਿਵਸਥਾ ਮੰਤਰੀ ਪੱਧਰੀ ਬੈਠਕ ਨੂੰ ਆਨਲਾਈਨ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦਾ ਡਿਜੀਟਲ ਜਨਤਕ ਬੁਨਿਆਦੀ ਢਾਂਚਾ ਕੌਮਾਂਤਰੀ ਚੁਨੌਤੀਆਂ ਨਾਲ ਨਜਿੱਠਣ ਲਈ ਇਕ ਸੁਰੱਖਿਅਤ ਅਤੇ ਸਮਾਵੇਸ਼ੀ ਉਪਾਅ ਪੇਸ਼ ਕਰਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ‘‘ਭਾਰਤ ਇਕ ਵੰਨ-ਸੁਵੰਨਤਾ ਨਾਲ ਭਰਪੂਰ ਦੇਸ਼ ਹੈ। ਸਾਡੀਆਂ ਦਰਜਨਾਂ ਭਾਸ਼ਾਵਾਂ ਅਤੇ ਸੈਂਕੜੇ ਬੋਲੀਆਂ ਹਨ। ਇਥੇ ਦੁਨੀਆਂ ਦੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ ਅਤੇ ਅਣਗਿਣਤ ਸਭਿਆਚਾਰਕ ਪ੍ਰਥਾਵਾਂ ਦਾ ਪਾਲਣ ਹੁੰਦਾ ਹੈ। ਭਾਰਤ ’ਚ ਪ੍ਰਾਚੀਨ ਪਰੰਪਰਾਵਾਂ ਤੋਂ ਲੈ ਕੇ ਆਧੁਨਿਕ ਤਕਨਾਲੋਜੀ ਤਕ, ਹਰ ਕਿਸੇ ਲਈ ਕੁਝ ਨਾ ਕੁਝ ਹੈ।’’
ਉਨ੍ਹਾਂ ਕਿਹਾ ਕਿ ਏਨੀਆਂ ਵੰਨ-ਸੁਵੰਨਤਾਵਾਂ ਹੋਣ ਕਾਰਨ ਭਾਰਤ ਉਪਾਅ ਲੱਭਣ ਲਈ ਇਕ ਆਦਰਸ਼ ਤਜਰਬਾ ਪ੍ਰਯੋਗਸ਼ਾਲਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਭਾਰਤ ’ਚ ਸਫ਼ਲ ਸਾਬਤ ਹੋਣ ਵਾਲੇ ਉਪਾਅ ਨੂੰ ਦੁਨੀਆਂ ਭਰ ’ਚ ਕਿਤੇ ਵੀ ਆਸਾਨੀ ਨਾਲ ਲਾਗੂ ਕੀਤਾ ਜਾ ਸਕਦਾ ਹੈ।’’
ਪ੍ਰਧਾਨ ਮੰਤਰੀ ਨੇ ਬੈਠਕ ’ਚ ਮੌਜੂਦ ਪ੍ਰਤੀਨਿਧੀਆਂ ਨੂੰ ਕਿਹਾ ਕਿ ਭਾਰਤ ਦੁਨੀਆਂ ਦੇ ਨਾਲ ਅਪਣੇ ਤਜਰਬੇ ਸਾਂਝੇ ਕਰਨ ਲਈ ਤਿਆਰ ਹੈ। ਮੋਦੀ ਨੇ ਕਿਹਾ ਕਿ ਕੋਈ ਪਿੱਛੇ ਨਾ ਛੁੱਟੇ ਇਹ ਯਕੀਨੀ ਕਰਨ ਲਈ ਦੇਸ਼ ਨੇ ਆਨਲਾਈਨ ਏਕੀਕ੍ਰਿਤ ਡਿਜੀਟਲ ਬੁਨਿਆਦੀ ਢਾਂਚਾ ‘ਇੰਡੀਆ ਸਟੈਕਸ’ ਬਣਾਇਆ ਹੈ।
ਪ੍ਰਧਾਨ ਮੰਤਰੀ ਨੇ ਬੈਠਕ ’ਚ ਹਾਜ਼ਰੀਨਾਂ ਨੂੰ ਡਿਜੀਟਲ ਹੁਨਰ ਨੂੰ ਲੈ ਕੇ ਇਕ ਆਨਲਾਈਲ ਕੇਂਦਰ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਕਰਨ ਦਾ ਸੱਦਾ ਦਿਤਾ।
ਉਨ੍ਹਾਂ ਡਿਜੀਟਲ ਅਰਥਵਿਵਸਥਾ ਦੇ ਵਧਣ ਦੇ ਨਾਲ ਹੀ ਇਸ ਦੇ ਸਾਹਮਣੇ ਆਉਣ ਵਾਲੀ ਸੁਰੱਖਿਆ ਸਬੰਧੀ ਚੁਨੌਤੀਆਂ ਪ੍ਰਤੀ ਜੀ20 ਪ੍ਰਤੀਨਿਧੀਆਂ ਨੂੰ ਚੌਕਸ ਕਰਦਿਆਂ ‘ਸੁਰੱਖਿਅਤ, ਭਰੋਸੇਯੋਗ ਅਤੇ ਲਚੀਲੀ ਡਿਜੀਟਲ ਅਰਥਵਿਵਸਥਾ ਲਈ ਜੀ20 ਉੱਚ ਪੱਧਰੀ ਸਿਧਾਂਤਾਂ’ ’ਤੇ ਸਰਬਸੰਮਤੀ ਬਣਾਉਣ ਦੀ ਜ਼ਰੂਰਤ ’ਤੇ ਜ਼ੋਰ ਦਿਤਾ।
ਪ੍ਰਧਾਨ ਮੰਤਰੀ ਨੇ ਕਿਹਾ, ‘‘ਜੀ20 ’ਚ ਸਾਡੇ ਕੋਲ ਇਕ ਸਮਾਵੇਸ਼ੀ, ਖ਼ੁਸ਼ਹਾਲ ਅਤੇ ਸੁਰਖਿਅਤ ਕੌਮਾਂਤਰੀ ਡਿਜੀਟਲ ਭਵਿੱਖ ਦੀ ਨੀਂਹ ਰੱਖਣ ਦਾ ਅਨੋਖਾ ਮੌਕਾ ਹੈ। ਅਸੀਂ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਰਾਹੀਂ ਵਿੱਤੀ ਸਮਾਵੇਸ਼ਨ ਅਤੇ ਉਤਪਾਦਕਤਾ ਨੂੰ ਸ਼ਾਮਲ ਕਰ ਸਕਦੇ ਹਾਂ।’’
ਡਿਜੀਟਲ ਅਰਥਵਿਵਸਥਾ ਦੇ ਮੋਰਚੇ ’ਤੇ ਭਾਰਤ ਸਰਕਾਰ ਵਲੋਂ ਕੀਤੇ ਪ੍ਰਯੋਗਾਂ ਬਾਰੇ ਪ੍ਰਧਾਨ ਮੰਤਰੀ ਨੇ ਕਹਿਾ ਕਿ ਜਨਧਨ ਖਾਤੇ, ਆਧਾਰ ਅਤੇ ਮੋਬਾਈਲ ਫ਼ੋਨ ਨੇ ਵਿੱਤੀ ਲੈਣ-ਦੇਣ ’ਚ ਕ੍ਰਾਂਤੀ ਲਿਆ ਦਿਤੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ‘‘ਅਸੀਂ ਬਨਾਉਟੀ ਬੁੱਧੀ ਅਧਾਰਤ ਭਾਸ਼ਾ ਅਨੁਸਾਰ ਮੰਚ ‘ਭਾਸ਼ਿਣੀ’ ਤਿਆਰ ਕਰ ਰਹੇ ਹਾਂ, ਇਹ ਭਾਰਤ ਦੀਆਂ ਵੱਖੋ-ਵੱਖ ਭਾਸ਼ਾਵਾਂ ਦੇ ਡਿਜੀਟਲ ਸਮਾਵੇਸ਼ ਨੂੰ ਸਹਿਯੋਗ ਦੇਵੇਗਾ।’’