ਹੁਣ 85 ਫੀਸਦੀ ਸਮਰੱਥਾ ਨਾਲ ਕੀਤੀ ਜਾ ਸਕਦੀ ਹੈ ਹਵਾਈ ਯਾਤਰਾ
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦਿੱਤੀ ਇਜਾਜ਼ਤ
ਨਵੀਂ ਦਿੱਲੀ: ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਸ਼ਨੀਵਾਰ ਨੂੰ ਏਅਰਲਾਈਨ ਕੰਪਨੀਆਂ ਅਤੇ ਯਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ 85 ਫੀਸਦੀ ਯਾਤਰੀ ਸਮਰੱਥਾ ਨਾਲ ਹਵਾਈ ਯਾਤਰਾ ਸੰਭਵ ਹੋਵੇਗੀ। ਮੰਤਰਾਲੇ ਵੱਲੋਂ ਇਹ ਛੋਟ ਕੋਰੋਨਾ ਕੇਸ ਵਿੱਚ ਕਮੀ ਆਉਣ ਤੋਂ ਬਾਅਦ ਦਿੱਤੀ ਗਈ ਹੈ। ਦੱਸ ਦੇਈਏ, ਪਹਿਲਾਂ ਇਹ ਸਮਰੱਥਾ 72.5 ਫੀਸਦੀ ਸੀ, ਜਿਸ ਨੂੰ ਵਧਾ ਕੇ 85 ਫੀਸਦੀ ਕਰ ਦਿੱਤਾ ਗਿਆ ਹੈ।
ਦਰਅਸਲ, ਕੋਰੋਨਾ ਦੇ ਮਾਮਲਿਆਂ ਦੇ ਮੱਦੇਨਜ਼ਰ ਮੰਤਰਾਲੇ ਦੁਆਰਾ 12 ਅਗਸਤ ਨੂੰ ਆਦੇਸ਼ ਜਾਰੀ ਕੀਤਾ ਗਿਆ ਸੀ। ਇਸ ਦੇ ਤਹਿਤ ਸਿਰਫ 72.5 ਫੀਸਦੀ ਸਮਰੱਥਾ ਵਾਲੇ ਹਵਾਈ ਸਫਰ ਦੀ ਆਗਿਆ ਸੀ। ਮੰਤਰਾਲੇ ਦਾ ਕਹਿਣਾ ਹੈ ਕਿ ਨਵੀਂ ਸੋਧ ਅਗਲੇ ਹੁਕਮਾਂ ਤੱਕ ਲਾਗੂ ਰਹੇਗੀ।
ਜਦੋਂ ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਆਪਣੇ ਸਿਖਰ 'ਤੇ ਸਨ। ਉਸ ਸਮੇਂ ਹਵਾਈ ਯਾਤਰਾ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਤੋਂ ਬਾਅਦ, ਪੜਾਅਵਾਰ ਤਰੀਕੇ ਨਾਲ ਯਾਤਰੀਆਂ ਦੀ ਸਮਰੱਥਾ ਵਿੱਚ ਵਾਧਾ ਕੀਤਾ ਗਿਆ। ਪਿਛਲੇ ਸਾਲ ਮੰਤਰਾਲੇ ਨੇ 33 ਫੀਸਦੀ ਸਮਰੱਥਾ ਵਾਲੀਆਂ ਉਡਾਣਾਂ ਚਲਾਉਣ ਦੀ ਇਜਾਜ਼ਤ ਦਿੱਤੀ ਸੀ। ਇਸ ਸਾਲ 1 ਜੂਨ ਤੋਂ 5 ਜੁਲਾਈ ਤੱਕ ਇਸ ਸਮਰੱਥਾ ਨੂੰ ਵਧਾ ਕੇ 50 ਫੀਸਦੀ ਕਰ ਦਿੱਤਾ ਗਿਆ ਸੀ।
ਇਸ ਤੋਂ ਬਾਅਦ 5 ਜੁਲਾਈ ਤੋਂ 12 ਅਗਸਤ ਤਕ ਇਸ ਨੂੰ ਵਧਾ ਕੇ 65 ਫੀਸਦੀ ਕਰ ਦਿੱਤਾ ਗਿਆ। ਨਵਾਂ ਆਦੇਸ਼ ਲਾਗੂ ਹੋਣ ਤੋਂ ਪਹਿਲਾਂ, ਯਾਤਰੀਆਂ ਦੀ ਸਮਰੱਥਾ 72.5 ਪ੍ਰਤੀਸ਼ਤ ਸੀ।