ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਮਾਮਲਾ: ਭਾਰਤ ਅਤੇ ਕੈਨੇਡਾ ਨੇ ਇਕ-ਦੂਜੇ ਦੇ ਸਫ਼ੀਰਾਂ ਨੂੰ ਕਢਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੈਨੇਡੀਆਈ ਸਫ਼ੀਰ ਨੂੰ ਅਗਲੇ ਪੰਜ ਦਿਨਾਂ ’ਚ ਭਾਰਤ ਤੋਂ ਬਾਹਰ ਜਾਣ ਦਾ ਹੁਕਮ

Hardeep Singh Nijjar

ਨਵੀਂ ਦਿੱਲੀ: ਇਕ ਗਰਮਖ਼ਿਆਲੀ ਆਗੂ ਹਰਦੀਪ ਸਿੰਘ ਨਿੱਝਰ ਦੇ ਜੂਨ ’ਚ ਹੋਏ ਕਤਲ ਨਾਲ ਭਾਰਤ ਦੇ ‘ਸੰਭਾਵਤ’ ਸਬੰਧਾਂ ਦੇ ਦੋਸ਼ਾਂ ਦਾ ਹਵਾਲਾ ਦੇ ਕੇ ਇਕ ਭਾਰਤੀ ਅਧਿਕਾਰੀ ਨੂੰ ਕੈਨੇਡਾ ਤੋਂ ਕੱਢੇ ਜਾਣ ਤੋਂ ਕੁਝ ਹੀ ਘੰਟੇ ਬਾਅਦ ਭਾਰਤ ਨੇ ਇਕ ਕੈਨੇਡੀਆਈ ਸਫ਼ੀਰ ਨੂੰ ਕੱਢਣ ਦਾ ਮੰਗਲਵਾਰ ਨੂੰ ਐਲਾਨ ਕਰ ਦਿਤਾ। 
ਭਾਰਤ ’ਚ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਵਿਦੇਸ਼ ਮੰਤਰਾਲੇ ਵਲੋਂ ਤਲਬ ਕੀਤਾ ਗਿਆ ਅਤੇ ਸੀਨੀਅਰ ਕੈਨੇਡੀਆਈ ਸਫ਼ੀਰ ਨੂੰ ਕੱਢਣ ਦੇ ਫ਼ੈਸਲੇ ਬਾਰੇ ਸੂਚਿਤ ਕੀਤਾ ਗਿਆ।

ਮੰਤਰਾਲੇ ਨੇ ਕਿਹਾ ਕਿ ਕੈਨੇਡੀਆਈ ਸਫ਼ੀਰ ਨੂੰ ਕੱਢਣ ਦਾ ਫੈਸਲਾ ‘ਸਾਡੇ ਅੰਦਰੂਨੀ ਮਾਮਲਿਆਂ ’ਚ ਕੈਨੇਡੀਆਈ ਸਫ਼ੀਰਾਂ ਦੀ ਦਖ਼ਲਅੰਦਾਜ਼ੀ ਅਤੇ ਭਾਰਤ ਵਿਰੋਧੀ ਗਤੀਵਿਧੀਆਂ ’ਚ ਉਨ੍ਹਾਂ ਦੀ ਸ਼ਮੂਲੀਅਤ’ ਨੂੰ ਲੈ ਕੇ ਭਾਰਤ ਦੀ ਵਧਦੀ ਚਿੰਤਾ ਨੂੰ ਦਰਸਾਉਂਦਾ ਹੈ। ਉਸ ਨੇ ਇਕ ਬਿਆਨ ’ਚ ਕਿਹਾ, ‘‘ਸਬੰਧਤ ਸਫ਼ੀਰ ਨੂੰ ਅਗਲੇ ਪੰਜ ਦਿਨਾਂ ’ਚ ਭਾਰਤ ਤੋਂ ਜਾਣ ਦਾ ਹੁਕਮ ਦਿਤਾ ਗਿਆ ਹੈ।’’

ਇਸ ਤੋਂ ਪਹਿਲਾਂ, ਭਾਰਤ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਇਨ੍ਹਾਂ ਦੋਸ਼ਾਂ ਨੂੰ ‘ਬੇਤੁਕਾ’ ਅਤੇ ‘ਬੇਬੁਨਿਆਦ’ ਦੱਸ ਕੇ ਸਿਰੇ ਤੋਂ ਖ਼ਾਰਜ ਕਰ ਦਿਤਾ ਸੀ ਕਿ ਗਰਮਖ਼ਿਆਲੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ’ਚ ਭਾਰਤ ਸਰਕਾਰ ਦੇ ਏਜੰਟ ਦਾ ‘ਸੰਭਾਵਤ ਹੱਥ’ ਹੈ। 

ਟਰੂਡੋ ਵਲੋਂ ਸੰਸਦ ’ਚ ਇਸ ਬਾਬਤ ਦੋਸ਼ ਲਾਏ ਜਾਣ ਤੋਂ ਬਾਅਦ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਐਲਾਨ ਕੀਤਾ ਸੀ ਕਿ ‘ਇਕ ਸੀਨੀਅਰ ਭਾਰਤੀ ਸਫ਼ੀਰ’ ਨੂੰ ਕੈਨੇਡਾ ਤੋਂ ਕੱਢ ਦਿਤਾ ਗਿਆ ਹੈ। 

ਕੈਨੇਡੀਆਈ ਨਾਗਰਿਕ ਨਿੱਝਰ ਦਾ ਦੋ ਅਣਪਛਾਤੇ ਬੰਦੂਕਧਾਰੀਆਂ ਨੇ ਬੀਤੀ 18 ਜੂਨ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ’ਚ ਇਕ ਗੁਰਦੁਆਰੇ ਬਾਹਰ ਗੋਲੀ ਮਾਰ ਕੇ ਕਤਲ ਕਰ ਦਿਤਾ ਸੀ। 

ਟਰੂਡੋ ਨੇ ਸੰਸਦ ’ਚ ਕਿਹਾ ਸੀ ਕਿ ਜੂਨ ’ਚ ਹੋਏ ਨਿੱਝਰ ਦੇ ਕਤਲ ਅਤੇ ਭਾਰਤ ਸਰਕਾਰ ਦੇ ਏਜੰਟ ਵਿਚਕਾਰ ‘ਸੰਭਾਵਤ ਸਬੰਧ ਦੇ ਪੁਖਤਾ ਦੋਸ਼ਾਂ’ ਦੀ ਕੈਨੇਡਾ ਦੀ ਸੁਰਖਿਆ ਏਜੰਸੀਆਂ ਪੂਰੀ ਸਰਗਰਮੀ ਨਾਲ ਜਾਂਚ ਕਰ ਰਹੀਆਂ ਹਨ। 

ਵਿਦੇਸ਼ ਮੰਤਰਾਲੇ ਨੇ ਭਾਰਤ ’ਤੇ ਲਾਏ ਦੋਸ਼ਾਂ ਨੂੰ ਲੈ ਕੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕੈਨੇਡਾ ’ਚ ਹਿੰਸਾ ਦੇ ਕਿਸੇ ਵੀ ਕੰਮ ’ਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ ‘ਬੇਤੁਕੇ’ ਅਤੇ ‘ਬੇਬੁਨਿਆਦ’ ਹਨ।