ਮਸ਼ਹੂਰ ਗਾਇਕ ਜ਼ੁਬੀਨ ਗਰਗ ਦਾ ਸਿੰਗਾਪੁਰ ’ਚ ਸਕੂਬਾ ਡਾਈਵਿੰਗ ਕਰਦੇ ਹੋਏ ਦਿਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

PM ਮੋਦੀ ਨੇ ਪ੍ਰਗਟਾਇਆ ਦੁੱਖ

Famous singer Zubin Garg dies while scuba diving in Singapore

ਗੁਹਾਟੀ : ਆਸਾਮ ਦੇ ਮਸ਼ਹੂਰ ਗਾਇਕ ਅਤੇ ਨੌਜੁਆਨਾਂ ਦੇ ਦਿਲਾਂ ਦੀ ਧੜਕਣ ਜ਼ੁਬੀਨ ਗਰਗ ਦੀ ਸ਼ੁਕਰਵਾਰ  ਨੂੰ ਸਿੰਗਾਪੁਰ ’ਚ ਸਕੂਬਾ ਡਾਈਵਿੰਗ ਦੌਰਾਨ ਮੌਤ ਹੋ ਗਈ। ਉਹ 52 ਸਾਲਾਂ ਦੇ ਸਨ।

ਦੱਖਣ-ਪੂਰਬੀ ਏਸ਼ੀਆਈ ਦੇਸ਼ ਸਿੰਗਾਪੁਰ ’ਚ ਇਕ ਫੈਸਟੀਵਲ ਦੇ ਪ੍ਰਬੰਧਕਾਂ ਨੇ ਦਸਿਆ  ਕਿ ਸਕੂਬਾ ਡਾਈਵਿੰਗ ਦੌਰਾਨ ਗਰਗ ਨੂੰ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਉਹ ਸ਼ੁਕਰਵਾਰ ਤੋਂ ਸ਼ੁਰੂ ਹੋਣ ਵਾਲੇ ਤਿੰਨ ਦਿਨਾਂ ਨੌਰਥ ਈਸਟ ਫੈਸਟੀਵਲ ਵਿਚ ਹਿੱਸਾ ਲੈਣ ਲਈ ਸਿੰਗਾਪੁਰ ਗਏ ਸਨ।

‘ਗੈਂਗਸਟਰ’ ਫ਼ਿਲਮ ਦੇ ਗੀਤ ‘ਯਾ ਅਲੀ’ ਤੋਂ ਮਸ਼ਹੂਰ ਹੋਏ ਜ਼ੁਬਿਨ ਬਾਰੇ ਪ੍ਰਬੰਧਕਾਂ ਨੇ ਇਕ ਬਿਆਨ ਵਿਚ ਕਿਹਾ, ‘‘ਬਹੁਤ ਦੁੱਖ ਦੇ ਨਾਲ ਅਸੀਂ ਜ਼ੁਬੀਨ ਗਰਗ ਦੇ ਦੇਹਾਂਤ ਦੀ ਖ਼ਬਰ ਸਾਂਝੀ ਕਰਦੇ ਹਾਂ। ਸਕੂਬਾ ਡਾਈਵਿੰਗ ਦੌਰਾਨ, ਉਨ੍ਹਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਅਤੇ ਸਿੰਗਾਪੁਰ ਜਨਰਲ ਹਸਪਤਾਲ ਲਿਜਾਣ ਤੋਂ ਪਹਿਲਾਂ ਤੁਰਤ  ਸੀ.ਪੀ.ਆਰ. ਦਿਤਾ ਗਿਆ। ਉਨ੍ਹਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ 2:30 ਵਜੇ ਆਈ.ਸੀ.ਯੂ. ’ਚ ਮ੍ਰਿਤਕ ਐਲਾਨ ਦਿਤਾ ਗਿਆ।’’

ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਖ਼ਬਰ ਕੇਂਦਰੀ ਵਿਦੇਸ਼ ਰਾਜ ਮੰਤਰੀ ਪਬਿਤਰਾ ਮਾਰਗਰਿਟਾ ਤੋਂ ਮਿਲੀ ਹੈ। ਸਰਮਾ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ, ‘‘ਇਹ ਬਹੁਤ ਦੁਖਦਾਈ ਖ਼ਬਰ ਹੈ ਅਤੇ ਸੂਬੇ ਤੇ ਦੇਸ਼ ਲਈ ਬਹੁਤ ਵੱਡਾ ਘਾਟਾ ਹੈ।’’

ਇਕ  ‘ਐਕਸ’ ਪੋਸਟ ’ਚ, ਉਨ੍ਹਾਂ ਕਿਹਾ, ‘‘ਅੱਜ ਅਸਾਮ ਨੇ ਅਪਣੇ  ਪਸੰਦੀਦਾ ਸਪੂਤਾਂ ’ਚੋਂ ਇਕ  ਨੂੰ ਗੁਆ ਦਿਤਾ। ਇਹ ਦੱਸਣ ਲਈ ਮੇਰੇ ਕੋਲ ਸ਼ਬਦ ਨਹੀਂ ਹਨ ਕਿ ਜ਼ੁਬੇਨ ਸੂਬੇ ਲਈ ਕੀ ਅਰਥ ਰੱਖਦਾ ਸੀ। ਉਹ ਬਹੁਤ ਜਲਦੀ ਚਲਾ ਗਿਆ ਹੈ। ਇਹ ਜਾਣ ਦੀ ਉਮਰ ਨਹੀਂ ਸੀ।’’

ਉਨ੍ਹਾਂ ਅੱਗੇ ਕਿਹਾ, ‘‘ਜ਼ੁਬੀਨ ਦੀ ਆਵਾਜ਼ ਵਿਚ ਲੋਕਾਂ ਨੂੰ ਊਰਜਾਵਾਨ ਕਰਨ ਦੀ ਬੇਮਿਸਾਲ ਯੋਗਤਾ ਸੀ ਅਤੇ ਉਸ ਦਾ ਸੰਗੀਤ ਸਾਡੇ ਦਿਮਾਗ ਅਤੇ ਆਤਮਾ ਨਾਲ ਸਿੱਧਾ ਬੋਲਦਾ ਸੀ। ਉਨ੍ਹਾਂ ਨੇ ਇਕ  ਅਜਿਹਾ ਖਲਾਅ ਛੱਡ ਦਿਤਾ ਹੈ ਜੋ ਕਦੇ ਭਰਿਆ ਨਹੀਂ ਜਾ ਸਕਦਾ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਨੂੰ ਅਸਾਮ ਦੇ ਸਭਿਆਚਾਰ  ਦੇ ਇਕ  ਦਿੱਗਜ ਵਜੋਂ ਯਾਦ ਰੱਖਣਗੀਆਂ, ਅਤੇ ਉਨ੍ਹਾਂ ਦੀਆਂ ਰਚਨਾਵਾਂ ਆਉਣ ਵਾਲੇ ਦਿਨਾਂ ਅਤੇ ਸਾਲਾਂ ਵਿਚ ਬਹੁਤ ਸਾਰੇ ਪ੍ਰਤਿਭਾਸ਼ਾਲੀ ਕਲਾਕਾਰਾਂ ਨੂੰ ਪ੍ਰੇਰਿਤ ਕਰਨਗੀਆਂ।’’

ਅਸਾਮ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ’ਚ ਪਾਰਟੀ ਦੇ ਉਪ ਨੇਤਾ ਗੌਰਵ ਗੋਗੋਈ ਨੇ ਗਰਗ ਦੇ ਦਿਹਾਂਤ ਉਤੇ  ਸੋਗ ਪ੍ਰਗਟ ਕੀਤਾ ਅਤੇ ਉਨ੍ਹਾਂ ਨੂੰ ‘ਹਰ ਅਸਾਮੀ ਦਾ ਮਾਣ’ ਦਸਿਆ।