ਰਾਜਸਥਾਨ ਤੋਂ ਅਗਵਾ ਤਿੰਨ ਭਰਾਵਾਂ ’ਚੋਂ ਦੋ ਦੀਆਂ ਲਾਸ਼ਾਂ ਦਿੱਲੀ ’ਚ ਮਿਲੀਆਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁਲਜ਼ਮ ਬੱਚਿਆਂ ਨੂੰ ਦਿੱਲੀ ਲੈ ਗਏ ਸਨ ਅਤੇ ਐਤਵਾਰ ਨੂੰ ਗਿਆਨ ਸਿੰਘ ਨੂੰ ਬੁਲਾ ਕੇ 8 ਲੱਖ ਰੁਪਏ ਦੀ ਫਿਰੌਤੀ ਲਈ ਫੋਨ ਕੀਤਾ

The bodies of two of the three brothers abducted from Rajasthan were found in Delhi

 

ਜੈਪੁਰ: ਰਾਜਸਥਾਨ ਦੇ ਅਲਵਰ ਜ਼ਿਲ੍ਹੇ ਤੋਂ 15 ਅਕਤੂਬਰ ਨੂੰ ਅਗਵਾ ਕੀਤੇ ਗਏ ਤਿੰਨ ਨਾਬਾਲਗ਼ ਭਰਾਵਾਂ ’ਚੋਂ 2 ਦਾ ਮੰਗਲਵਾਰ ਨੂੰ ਦਿੱਲੀ ਵਿਚ ਕਤਲ ਕਰ ਦਿਤਾ ਗਿਆ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਤੀਜਾ ਨਾਬਾਲਗ਼ ਸੁਰੱਖਿਅਤ ਹੈ ਅਤੇ ਇਸ ਸਮੇਂ ਨਵੀਂ ਦਿੱਲੀ ਦੇ ਲਾਜਪਤ ਨਗਰ ਸਥਿਤ ਬਾਲ ਘਰ ਵਿਚ ਹੈ। ਭਿਵਾੜੀ ਦੇ ਪੁਲਿਸ ਸੁਪਰਡੈਂਟ ਸਾਂਤਨੂ ਕੁਮਾਰ ਨੇ ਦਸਿਆ ਕਿ 15 ਅਕਤੂਬਰ ਦੀ ਸ਼ਾਮ ਅਲਵਰ ਦੇ ਭਿਵਾੜੀ ਤੋਂ ਸਬਜ਼ੀ ਵਪਾਰੀ ਗਿਆਨ ਸਿੰਘ ਦੇ ਪੁੱਤਰਾਂ ਅਮਨ (13), ਵਿਪਿਨ (8) ਅਤੇ ਸ਼ਿਵਾ (7) ਨੂੰ ਅਗਵਾ ਕਰ ਲਿਆ ਗਿਆ ਸੀ। 

ਉਨ੍ਹਾਂ ਦਸਿਆ ਕਿ ਮੁਲਜ਼ਮ ਬੱਚਿਆਂ ਨੂੰ ਦਿੱਲੀ ਲੈ ਗਏ ਸਨ ਅਤੇ ਐਤਵਾਰ ਨੂੰ ਗਿਆਨ ਸਿੰਘ ਨੂੰ ਬੁਲਾ ਕੇ 8 ਲੱਖ ਰੁਪਏ ਦੀ ਫਿਰੌਤੀ ਲਈ ਫੋਨ ਕੀਤਾ। ਉਨ੍ਹਾਂ ਦਸਿਆ ਪਰ ਇਸ ਦੌਰਾਨ ਬੱਚਿਆਂ ਦੇ ਰੋਣ ਤੋਂ ਪਰੇਸ਼ਾਨ ਹੋ ਕੇ ਦੋਸ਼ੀਆਂ ਨੇ ਉਨ੍ਹਾਂ ਦਾ ਕਤਲ ਕਰ ਦਿਤਾ ਅਤੇ ਲਾਸ਼ਾਂ ਨੂੰ ਯਮੁਨਾ ਨਦੀ ਕੋਲ ਸੁੱਟ ਦਿਤਾ। ਉਨ੍ਹਾਂ ਦਸਿਆ ਕਿ ਮੁਲਜ਼ਮ ਮਹਾਵੀਰ ਤੇਲੀ ਅਤੇ ਮਾਂਝਾ ਕੁਸ਼ਵਾਹਾ ਬੱਚਿਆਂ ਦੇ ਗੁਆਂਢ ਵਿਚ ਰਹਿੰਦੇ ਸਨ, ਇਸ ਲਈ ਤਿੰਨੇ ਬੱਚੇ ਬਿਨਾਂ ਕਿਸੇ ਝਿਜਕ ਦੇ ਅਪਣੀ ਮਰਜ਼ੀ ਨਾਲ ਉਨ੍ਹਾਂ ਦੇ ਨਾਲ ਚਲੇ ਗਏ ਸਨ। 

ਅਧਿਕਾਰੀ ਨੇ ਦਸਿਆ ਕਿ ਹਾਲਾਂਕਿ ਸ਼ਿਵਾ (7) ਕਤਲ ਦੀ ਕੋਸ਼ਿਸ਼ ਵਿਚ ਬਚ ਗਿਆ ਅਤੇ ਉਸ ਨੂੰ ਐਤਵਾਰ ਸਵੇਰੇ ਹੋਸ਼ ਆਇਆ। ਜਦੋਂ ਸਥਾਨਕ ਲੋਕਾਂ ਨੇ ਉਸ ਨੂੰ ਰੋਂਦੇ ਦੇਖਿਆ ਤਾਂ ਉਹ ਉਸ ਨੂੰ ਸਥਾਨਕ ਥਾਣੇ ਲੈ ਗਏ। ਇਸ ਵਿਚ ਪੁਲਿਸ ਨੇ ਫਿਰੌਤੀ ਮੰਗਣ ਵਾਲੇ ਮੋਬਾਈਲ ਨੰਬਰ ਦੇ ਆਧਾਰ ’ਤੇ ਮੁਲਜ਼ਮਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ। ਉਨ੍ਹਾਂ ਦਸਿਆ,‘‘ਪੁਛਗਿਛ ਦੌਰਾਨ ਮੁਲਜ਼ਮ ਮਹਾਵੀਰ ਤੇਲੀ ਅਤੇ ਮਾਂਝਾ ਕੁਸ਼ਵਾਹਾ ਨੇ ਬੱਚਿਆਂ ਦਾ ਕਤਲ ਕਰਨ ਦੀ ਗੱਲ ਕਬੂਲੀ। ਪੁਲਿਸ ਅਨੁਸਾਰ ਦੋਸ਼ੀ ਮੂਲ ਰੂਪ ਨਾਲ ਬਿਹਾਰ ਦੇ ਰਹਿਣ ਵਾਲੇ ਹਨ ਅਤੇ ਭਿਵਾੜੀ ’ਚ ਪੀੜਤ ਪਰਵਾਰ ਦੇ ਘਰ ਨੇੜੇ ਹੀ ਰਹਿੰਦੇ ਸਨ। ਸ਼ੁਰੂਆਤੀ ਜਾਂਚ ਅਨੁਸਾਰ, ਦੋਸ਼ੀ ਨਸ਼ੇ ਦੇ ਆਦੀ ਹਨ। ਉਨ੍ਹਾਂ ’ਚੋਂ ਇਕ ਛੋਟੀ ਜਿਹੀ ਦੁਕਾਨ ਚਲਾਉਂਦਾ ਹੈ, ਜਦੋਂ ਕਿ ਦੂਜਾ ਇਕ ਕਾਰਖਾਨੇ ਵਿਚ ਕੰਮ ਕਰਦਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।