RG Kar Hospital case: ਜੂਨੀਅਰ ਡਾਕਟਰਾਂ ਦੀ ਭੁੱਖ ਹੜਤਾਲ 15ਵੇਂ ਦਿਨ ਵੀ ਜਾਰੀ, ਜਾਣੋ ਕੀ ਕੀਤਾ ਨਵਾਂ ਐਲਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

RG Kar Hospital case: ਮਮਤਾ ਨੇ ਜੂਨੀਅਰ ਡਾਕਟਰਾਂ ਨੂੰ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ, ਸਿਹਤ ਸਕੱਤਰ ਨੂੰ ਹਟਾਉਣ ਦੀ ਮੰਗ ਨਾਮਨਜ਼ੂਰ

Kolkata: Junior doctors and others take part in a protest march over the alleged sexual assault and murder of a trainee doctor, in Kolkata, Saturday, Oct. 19, 2024. (PTI Photo)

ਡਾਕਟਰਾਂ ਨੇ ਮੰਗਾਂ ਨਾ ਮੰਨੇ ਜਾਣ ’ਤੇ 22 ਅਕਤੂਬਰ ਨੂੰ ਹੜਤਾਲ ’ਤੇ ਜਾਣ ਦੀ ਧਮਕੀ ਦਿਤੀ

RG Kar Hospital case : ਕੋਲਕਾਤਾ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਨਿਚਰਵਾਰ ਨੂੰ ਆਰ.ਜੀ. ਕਰ ਹਸਪਤਾਲ ’ਚ ਅਪਣੀ ਸਹਿਕਰਮੀ ਨਾਲ ਜਬਰ ਜਨਾਹ ਅਤੇ ਕਤਲ ਦਾ ਵਿਰੋਧ ਕਰ ਰਹੇ ਜੂਨੀਅਰ ਡਾਕਟਰਾਂ ਨੂੰ ਭੁੱਖ ਹੜਤਾਲ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਦੀਆਂ ਜ਼ਿਆਦਾਤਰ ਮੰਗਾਂ ’ਤੇ ਵਿਚਾਰ ਕੀਤਾ ਜਾ ਚੁਕਿਆ ਹੈ। ਉਨ੍ਹਾਂ ਜੂਨੀਅਰ ਡਾਕਟਰਾਂ ਦੀ ਸਿਹਤ ਸਕੱਤਰ ਨੂੰ ਹਟਾਉਣ ਦੀ ਮੰਗ ਨੂੰ ਨਾਮਨਜ਼ੂਰ ਕਰ ਦਿਤਾ। 

ਮੁੱਖ ਸਕੱਤਰ ਮਨੋਜ ਪੰਤ ਅਤੇ ਗ੍ਰਹਿ ਸਕੱਤਰ ਨੰਦਿਨੀ ਚੱਕਰਵਰਤੀ ਨੇ ਐਸਪਲਾਨੇਡ ਵਿਖੇ ਪ੍ਰਦਰਸ਼ਨ ਵਾਲੀ ਥਾਂ ਦਾ ਦੌਰਾ ਕੀਤਾ। ਪ੍ਰਦਰਸ਼ਨਕਾਰੀ ਡਾਕਟਰਾਂ ਨਾਲ ਫ਼ੋਨ ’ਤੇ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਰ ਕਿਸੇ ਨੂੰ ਵਿਰੋਧ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ ਪਰ ਇਸ ਨਾਲ ਸਿਹਤ ਸੇਵਾਵਾਂ ਪ੍ਰਭਾਵਤ ਨਹੀਂ ਹੋਣੀਆਂ ਚਾਹੀਦੀਆਂ। ਉਨ੍ਹਾਂ ਕਿਹਾ, ‘‘ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਅਪਣੀ ਭੁੱਖ ਹੜਤਾਲ ਵਾਪਸ ਲੈ ਲਉ।’’ ਜੂਨੀਅਰ ਡਾਕਟਰ ਸੂਬੇ ਦੇ ਸਿਹਤ ਸਕੱਤਰ ਨਾਰਾਇਣ ਸਵਰੂਪ ਨਿਗਮ ਨੂੰ ਹਟਾਉਣ ਸਮੇਤ ਹੋਰ ਮੰਗਾਂ ਦੀ ਮੰਗ ਕਰ ਰਹੇ ਹਨ। 

ਨਿਗਮ ਨੂੰ ਹਟਾਉਣ ਦੀ ਮੰਗ ’ਤੇ ਡਾਕਟਰਾਂ ਦੀ ਨਿਰਾਸ਼ਾ ਨੂੰ ਮਨਜ਼ੂਰ ਕਰਦੇ ਹੋਏ ਬੈਨਰਜੀ ਨੇ ਕਿਹਾ, ‘‘ਤੁਸੀਂ ਜਾਣਦੇ ਹੋ ਕਿ ਮੈਂ ਸਿਹਤ ਸਕੱਤਰ ਨੂੰ ਕਿਉਂ ਨਹੀਂ ਹਟਾਇਆ। ਇਕੋ ਸਮੇਂ ਇਕ ਵਿਭਾਗ ’ਚ ਹਰ ਕਿਸੇ ਨੂੰ ਹਟਾਉਣਾ ਸੰਭਵ ਨਹੀਂ ਹੈ। ਅਸੀਂ ਪਹਿਲਾਂ ਡੀ.ਐਚ.ਐੱਸ. ਅਤੇ ਡੀ.ਐਮ.ਈ. ਨੂੰ ਹਟਾ ਦਿਤਾ ਸੀ। ਕਿਰਪਾ ਕਰ ਕੇ ਸਿਆਸਤ ਤੋਂ ਉੱਪਰ ਉੱਠੋ ਅਤੇ ਕੰਮ ’ਤੇ ਵਾਪਸ ਜਾਓ।’’ ਉਨ੍ਹਾਂ ਕਿਹਾ, ‘‘ਤੁਸੀਂ ਕਿਵੇਂ ਫੈਸਲਾ ਕਰਦੇ ਹੋ ਕਿ ਕਿਸ ਅਧਿਕਾਰੀ ਨੂੰ ਹਟਾਇਆ ਜਾਵੇਗਾ ਜਾਂ ਨਹੀਂ? ਕੀ ਇਹ ਤਰਕਸੰਗਤ ਹੈ?’’

ਜੂਨੀਅਰ ਡਾਕਟਰ ਪੀੜਤਾ ਲਈ ਨਿਆਂ ਅਤੇ ਰਾਜ ਦੇ ਸਿਹਤ ਸੰਭਾਲ ਬੁਨਿਆਦੀ ਢਾਂਚੇ ’ਚ ਪ੍ਰਣਾਲੀਗਤ ਤਬਦੀਲੀਆਂ ਦੀ ਮੰਗ ਨੂੰ ਲੈ ਕੇ ਦੋ ਹਫ਼ਤਿਆਂ ਤੋਂ ਮਰਨ ਵਰਤ ’ਤੇ ਹਨ। ਹੁਣ ਤਕ ਭੁੱਖ ਹੜਤਾਲ ’ਤੇ ਬੈਠੇ 6 ਡਾਕਟਰਾਂ ਨੂੰ ਸਿਹਤ ਖਰਾਬ ਹੋਣ ਕਾਰਨ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ, ਜਦਕਿ 8 ਹੋਰ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ’ਤੇ ਹਨ। 

ਅੱਜ ਪੂਰੇ ਸੂਬੇ ’ਚੋਂ ਹੜਤਾਲ ’ਤੇ ਬੈਠੇ ਡਾਕਟਰਾਂ ਦੇ ਸਾਥੀ ਵੀ ਅੰਦੋਲਨ ’ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਚਿਤਾਵਨੀ ਦਿਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ 22 ਅਕਤੂਬਰ ਨੂੰ ਪਛਮੀ ਬੰਗਾਲ ’ਚ ਸਾਰੇ ਮੈਡੀਕਲ ਪੇਸ਼ੇਵਰਾਂ ਦੀ ਹੜਤਾਲ ਕਰ ਕੇ ਵਿਰੋਧ ਪ੍ਰਦਰਸ਼ਨ ਨੂੰ ਹੋਰ ਤੇਜ਼ ਕਰਨਗੇ। ਡਾਕਟਰ ਪਛਮੀ ਬੰਗਾਲ ਸਰਕਾਰ ’ਤੇ ਦਬਾਅ ਬਣਾਉਣ ਲਈ ਮੰਗਲਵਾਰ ਨੂੰ ਦੇਸ਼ ਵਿਆਪੀ ਹੜਤਾਲ ਕਰਨ ਬਾਰੇ ਦੂਜੇ ਸੂਬਿਆਂ ਦੇ ਅਪਣੇ ਹਮਰੁਤਬਾ ਨਾਲ ਵਿਚਾਰ ਵਟਾਂਦਰੇ ਕਰ ਰਹੇ ਹਨ।