ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਦਾ ਭਰਾ 2 ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ’ਚ ਗ੍ਰਿਫਤਾਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਗੋਪਾਲ ਦੇ ਬੇਟੇ ਅਜੇ ਜੋਸ਼ੀ ਦਾ ਨਾਮ ਵੀ ਐਫ.ਆਈ.ਆਰ. ’ਚ ਸ਼ਾਮਲ

Dharwad: Union Minister Pralhad Joshi's brother Gopal Joshi being arrested by the police at Hubballi based on a cheating complaint lodged by a former JD(S) MLA's wife, in Dharwad district, Karnataka, Saturday, Oct. 19, 2024. (PTI Photo)

ਬੈਂਗਲੁਰੂ : ਜਨਤਾ ਦਲ (ਸੈਕੂਲਰ) ਦੇ ਸਾਬਕਾ ਵਿਧਾਇਕ ਦੀ ਪਤਨੀ ਦੀ ਸ਼ਿਕਾਇਤ ਦੇ ਆਧਾਰ ’ਤੇ  ਪੁਲਿਸ  ਨੇ ਸਨਿਚਰਵਾਰ  ਨੂੰ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ। 

ਬਸਵੇਸ਼ਵਰਨਗਰ ਪੁਲਿਸ ਨੇ ਵੀਰਵਾਰ ਰਾਤ ਨੂੰ ਗੋਪਾਲ ਜੋਸ਼ੀ ਅਤੇ ਵਿਜੇਲਕਸ਼ਮੀ ਜੋਸ਼ੀ ਵਿਰੁਧ  ਕੇਸ ਦਰਜ ਕੀਤਾ ਸੀ। ਗੋਪਾਲ ਦੇ ਬੇਟੇ ਅਜੇ ਜੋਸ਼ੀ ਦਾ ਨਾਮ ਵੀ ਐਫ.ਆਈ.ਆਰ. ’ਚ ਹੈ। ਇਹ ਸ਼ਿਕਾਇਤ ਨਾਗਥਾਨ ਦੇ ਸਾਬਕਾ ਵਿਧਾਇਕ ਡੀ.ਫੂਲ ਸਿੰਘ ਚਵਾਨ ਦੀ ਪਤਨੀ ਸੁਨੀਤਾ ਚਵਾਨ ਨੇ ਦਰਜ ਕਰਵਾਈ ਸੀ। ਫੂਲ ਸਿੰਘ ਚਵਾਨ 2023 ਦੀਆਂ ਵਿਧਾਨ ਸਭਾ ਚੋਣਾਂ ਹਾਰ ਗਏ ਸਨ। 

ਸੁਨੀਤਾ ਨੇ ਦੋਸ਼ ਲਾਇਆ ਹੈ ਕਿ ਗੋਪਾਲ ਜੋਸ਼ੀ ਨੇ ਮਈ ’ਚ ਹੋਈਆਂ ਲੋਕ ਸਭਾ ਚੋਣਾਂ ’ਚ ਉਸ ਦੇ ਪਰਵਾਰਕ ਮੈਂਬਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਟਿਕਟ ਦਿਵਾਉਣ ਦੇ ਨਾਂ ’ਤੇ  ਉਸ ਨਾਲ 2 ਕਰੋੜ ਰੁਪਏ ਦੀ ਠੱਗੀ ਮਾਰੀ ਸੀ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਵਿਜੈਲਕਸ਼ਮੀ ਨੂੰ ਉਸ ਨਾਲ ਪ੍ਰਹਿਲਾਦ ਜੋਸ਼ੀ ਦੀ ਭੈਣ ਵਜੋਂ ਜਾਣ-ਪਛਾਣ ਕਰਵਾਈ ਗਈ ਸੀ। 

ਹਾਲਾਂਕਿ, ਸੰਸਦੀ ਮਾਮਲਿਆਂ, ਕੋਲਾ ਅਤੇ ਖਣਨ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਕੋਈ ਭੈਣ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਉਸ ਦੇ ਸਿਰਫ ਤਿੰਨ ਭਰਾ ਸਨ, ਜਿਨ੍ਹਾਂ ਵਿਚੋਂ ਇਕ ਦੀ 1984 ਵਿਚ ਮਹਾਰਾਸ਼ਟਰ ਦੇ ਅਹਿਮਦਨਗਰ ਵਿਚ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਮੰਤਰੀ ਪਹਿਲਾਂ ਹੀ ਸਪੱਸ਼ਟ ਕਰ ਚੁਕੇ ਹਨ ਕਿ ਉਨ੍ਹਾਂ ਨੇ ਤਿੰਨ ਦਹਾਕੇ ਪਹਿਲਾਂ ਅਪਣੇ  ਭਰਾ (ਗੋਪਾਲ ਜੋਸ਼ੀ) ਨਾਲ ਸਬੰਧ ਤੋੜ ਲਏ ਸਨ। 

ਕੇਂਦਰੀ ਮੰਤਰੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਅਦਾਲਤ ’ਚ ਹਲਫਨਾਮਾ ਦਾਇਰ ਕੀਤਾ ਸੀ ਅਤੇ ਇਕ  ਜਨਤਕ ਨੋਟਿਸ ਵੀ ਪ੍ਰਕਾਸ਼ਤ ਕੀਤਾ ਸੀ, ਜਿਸ ’ਚ ਕਿਹਾ ਗਿਆ ਸੀ ਕਿ ਜੋ ਕੋਈ ਵੀ ਉਸ ਦਾ ਭਰਾ, ਰਿਸ਼ਤੇਦਾਰ ਜਾਂ ਦੋਸਤ ਹੋਣ ਦਾ ਦਾਅਵਾ ਕਰਦਾ ਹੈ ਅਤੇ ਕਿਸੇ ਵੀ ਵਿੱਤੀ ਲੈਣ-ਦੇਣ ’ਚ ਸ਼ਾਮਲ ਹੈ, ਉਹ ਉਸ ਲਈ ਲਾਜ਼ਮੀ ਨਹੀਂ ਹੋਵੇਗਾ।