ਜ਼ੁਬੀਨ ਗਰਗ ਦੀ ਮੌਤ ਦਾ ਮਾਮਲਾ : ਮੁਲਜ਼ਮਾਂ ਨਾਲ ਮੁੱਖ ਮੰਤਰੀ ਹਿਮੰਤਾ ਦੇ ਰਿਸ਼ਤੇ ਨੂੰ ਲੁਕਾਉਣ ਲਈ ਕੰਮ ਕਰ ਰਹੀ ਹੈ ਐਸ.ਆਈ.ਟੀ. : ਗੌਰਵ ਗੋਗੋਈ
ਕਿਹਾ ਕਿ ਜਾਂਚ ਚੱਲ ਰਹੀ ਹੈ ਅਤੇ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਸ਼ਿਆਮਕਾਨੂ ਮਹੰਤ ਅਤੇ ਸਿਧਾਰਥ ਸ਼ਰਮਾ ਬਾਰੇ ਸਾਰੀ ਜਾਣਕਾਰੀ ਜਨਤਕ ਕਰੇ
ਗੁਹਾਟੀ: ਅਸਾਮ ਕਾਂਗਰਸ ਦੇ ਪ੍ਰਧਾਨ ਗੌਰਵ ਗੋਗੋਈ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਸਿੰਗਾਪੁਰ ’ਚ ਸੂਬੇ ਦੇ ਦਿੱਗਜ ਗਾਇਕ ਜ਼ੁਬੀਨ ਗਰਗ ਦੀ ਮੌਤ ਦੀ ਜਾਂਚ ਸਹੀ ਦਿਸ਼ਾ ਵਲ ਨਹੀਂ ਵਧ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੂਬਾ ਸਰਕਾਰ ਨੇ ਨਿਆਂਇਕ ਹਿਰਾਸਤ ’ਚ ਸ਼ਿਆਮਕਾਨੂ ਮਹੰਤ ਅਤੇ ਸਿਧਾਰਥ ਸ਼ਰਮਾ ਨੂੰ ਬਚਾਉਣ ਲਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਹੈ ਕਿਉਂਕਿ ਉਨ੍ਹਾਂ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਨੇੜਲੇ ਸਬੰਧ ਹਨ।
ਉਨ੍ਹਾਂ ਕਿਹਾ ਕਿ ਜਾਂਚ ਚੱਲ ਰਹੀ ਹੈ ਅਤੇ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਸ਼ਿਆਮਕਾਨੂ ਮਹੰਤ ਅਤੇ ਸਿਧਾਰਥ ਸ਼ਰਮਾ ਬਾਰੇ ਸਾਰੀ ਜਾਣਕਾਰੀ ਜਨਤਕ ਕਰੇ। ਗੋਗੋਈ ਨੇ ਇੱਥੇ ਵਿਰੋਧੀ ਪਾਰਟੀਆਂ ਵਲੋਂ ਗਾਇਕ-ਸੰਗੀਤਕਾਰ ਲਈ ਕਰਵਾਏ ਯਾਦਗਾਰੀ ਸਮਾਰੋਹ ਮੌਕੇ ਪੱਤਰਕਾਰਾਂ ਨੂੰ ਕਿਹਾ, ‘‘ਕੁੱਝ ਵੀ ਲੁਕਾਇਆ ਨਹੀਂ ਜਾਣਾ ਚਾਹੀਦਾ।’’
ਉਨ੍ਹਾਂ ਦੋਸ਼ ਲਾਇਆ ਕਿ ਜਿਸ ਤਰ੍ਹਾਂ ਹਿਮੰਤ ਬਿਸਵਾ ਸਰਮਾ ਐਸ.ਆਈ.ਟੀ. ਰਾਹੀਂ ਜਾਂਚ ਨੂੰ ਅੱਗੇ ਵਧਾ ਰਹੇ ਹਨ, ਉਸ ਤੋਂ ਲਗਦਾ ਹੈ ਕਿ ਮੁੱਖ ਮੰਤਰੀ ਨੇ ਸ਼ਿਆਮਕਾਨੂ ਮਹੰਤਾ ਨਾਲ ਅਪਣੇ ਨੇੜਲੇ ਸਬੰਧਾਂ ਨੂੰ ਲੁਕਾਉਣ ਲਈ ਐਸ.ਆਈ.ਟੀ. ਦਾ ਗਠਨ ਕੀਤਾ ਸੀ।
ਗਰਗ ਦੀ 19 ਸਤੰਬਰ ਨੂੰ ਸਿੰਗਾਪੁਰ ’ਚ ਸਮੁੰਦਰ ’ਚ ਤੈਰਾਕੀ ਦੌਰਾਨ ਮੌਤ ਹੋ ਗਈ ਸੀ, ਜਿੱਥੇ ਉਹ ਚੌਥੇ ਨੌਰਥ ਈਸਟ ਇੰਡੀਆ ਫੈਸਟੀਵਲ (ਐਨ.ਈ.ਆਈ.ਐਫ.) ’ਚ ਸ਼ਾਮਲ ਹੋਣ ਗਏ ਸਨ। ਸੂਬਾ ਪੁਲਿਸ ਦੀ ਸੀ.ਆਈ.ਡੀ. ਦੀ 10 ਮੈਂਬਰੀ ਐਸ.ਆਈ.ਟੀ. ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹੁਣ ਤਕ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚ ਐਨ.ਈ.ਆਈ.ਐਫ. ਦੇ ਪ੍ਰਬੰਧਕ ਮਹੰਤ, ਗਰਗ ਦੇ ਮੈਨੇਜਰ ਸ਼ਰਮਾ, ਉਸ ਦੇ ਚਚੇਰੇ ਭਰਾ ਅਤੇ ਪੁਲਿਸ ਅਧਿਕਾਰੀ ਸੰਦੀਪਨ, ਬੈਂਡ ਦੇ ਮੈਂਬਰ ਸ਼ੇਖਰਜਯੋਤੀ ਗੋਸਵਾਮੀ ਅਤੇ ਅਮ੍ਰਿਤਪ੍ਰਵਾ ਮਹੰਤ, ਅਤੇ ਉਸ ਦੇ ਨਿੱਜੀ ਸੁਰੱਖਿਆ ਅਧਿਕਾਰੀ ਨੰਦੇਸ਼ਵਰ ਬੋਰਾ ਅਤੇ ਪ੍ਰਬਿਨ ਬੈਸ਼ਿਆ ਸ਼ਾਮਲ ਹਨ।
ਫੈਸਟੀਵਲ ਦਾ ਪ੍ਰਬੰਧਕ ਸਾਬਕਾ ਡੀ.ਜੀ.ਪੀ. ਭਾਸਕਰ ਜੋਤੀ ਮਹੰਤਾ ਦਾ ਛੋਟਾ ਭਰਾ ਹੈ, ਜੋ ਇਸ ਸਮੇਂ ਅਸਾਮ ਰਾਜ ਸੂਚਨਾ ਕਮਿਸ਼ਨ ਦੇ ਮੁਖੀ ਹਨ। ਉਨ੍ਹਾਂ ਦਾ ਇਕ ਹੋਰ ਵੱਡਾ ਭਰਾ ਨਾਨੀ ਗੋਪਾਲ ਮਹੰਤਾ ਹੈ, ਜੋ ਗੁਹਾਟੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਦੇ ਸਿੱਖਿਆ ਸਲਾਹਕਾਰ ਸਨ।
ਲੋਕ ਸਭਾ ’ਚ ਕਾਂਗਰਸ ਦੇ ਉਪ ਨੇਤਾ ਗੋਗੋਈ ਨੇ ਇਹ ਵੀ ਦੋਸ਼ ਲਾਇਆ ਕਿ ਗਰਗ ਦੇ ਮੈਨੇਜਰ ਅਤੇ ਭਾਜਪਾ ਵਿਚਾਲੇ ਸਬੰਧਾਂ ਨੂੰ ਲੁਕਾਉਣ ਲਈ ਐਸ.ਆਈ.ਟੀ. ਦਾ ਗਠਨ ਕੀਤਾ ਗਿਆ ਸੀ। ਇਹ ਦੋਸ਼ ਲਾਉਂਦੇ ਹੋਏ ਕਿ ਜਾਂਚ ਸਹੀ ਦਿਸ਼ਾ ਵਲ ਨਹੀਂ ਵਧ ਰਹੀ ਹੈ, ਉਨ੍ਹਾਂ ਕਿਹਾ, ‘‘ਕਾਨੂੰਨੀ ਮਾਹਿਰ, ਜੋ ਅਪਰਾਧਕ ਕਾਨੂੰਨਾਂ, ਅਦਾਲਤੀ ਪ੍ਰਣਾਲੀ ਨੂੰ ਜਾਣਦੇ ਹਨ, ਸਾਰੇ ਜਾਂਚ ਉਤੇ ਸਵਾਲ ਉਠਾ ਰਹੇ ਹਨ।’’
ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਜਾਂਚ ਦੀ ਅਗਵਾਈ ਕਰ ਰਹੇ ਹਨ ਅਤੇ ਇੰਝ ਜਾਪਦਾ ਹੈ ਕਿ ਉਹ ਅਪਣੇ ਅਕਸ ਨੂੰ ਬਚਾਉਣ ਲਈ ਵਧੇਰੇ ਚਿੰਤਤ ਹਨ। ਗੋਗੋਈ ਨੇ ਕਿਹਾ ਕਿ ਗਰਗ ਦੀ ਮੌਤ ਨਾਲ ਅਸਾਮ ਨੇ ਅਪਣੀ ਲੋਕਾਂ, ਅਪਣੇ ਸਭਿਆਚਾਰ ਅਤੇ ਸੁਭਾਅ ਲਈ ਬਹਾਦਰੀ ਨਾਲ ਬੋਲਣ ਵਾਲੀ ਆਵਾਜ਼ ਗੁਆ ਦਿਤੀ।