ਸ਼ਿਵਸੈਨਾ ਦਾ ਨਵਾਂ ਨਾਰ੍ਹਾ : ਹਰ ਹਿੰਦੂ ਦੀ ਇਹੋ ਪੁਕਾਰ, ਪਹਿਲਾਂ ਮੰਦਰ, ਫਿਰ ਸਰਕਾਰ
ਬੈਠਕ ਤੋਂ ਬਾਅਦ ਊਧਵ ਠਾਕਰੇ ਨੇ ਨਾਰ੍ਹਾ ਦਿਤਾ 'ਹਰ ਹਿੰਦੂ ਦੀ ਇਹੋ ਪੁਕਾਰ, ਪਹਿਲਾਂ ਮੰਦਰ ਫਿਰ ਸਰਕਾਰ'।
ਨਵੀਂ ਦਿਲੀ, ( ਭਾਸ਼ਾ ) : ਸ਼ਿਵ ਸੈਨਾ ਮੁਖੀ ਊਧਵ ਠਾਕਰੇ 24 ਅਤੇ 25 ਨਵੰਬਰ ਨੂੰ ਅਯੁੱਧਿਆ ਦੌਰੇ ਤੇ ਜਾਣ ਵਾਲੇ ਹਨ। ਇਸ ਦੌਰਾਨ ਉਨ੍ਹਾਂ ਨੇ ਇਕ ਨਵਾਂ ਨਾਰ੍ਹਾ ਦੇ ਕੇ ਰਾਮ ਮੰਦਰ ਦੀ ਉਸਾਰੀ ਦੀ ਮੰਗ ਕੀਤੀ ਹੈ। ਅਪਣੇ ਦੌਰੇ ਤੋਂ ਪਹਿਲਾਂ ਤਿਆਰੀਆਂ ਦਾ ਜਇਜ਼ਾ ਲੈਣ ਲਈ ਊਧਵ ਠਾਕਰੇ ਨੇ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਬੈਠਕ ਕੀਤੀ। ਇਸ ਬੈਠਕ ਵਿਚ ਮਹਾਰਾਸ਼ਟਰਾ ਤੋਂ ਬਾਹਰ ਤੋਂ ਵੀ ਪਾਰਟੀ ਦੇ ਕਈ ਨੇਤਾਵਾਂ ਨੇ ਸ਼ਮੂਲੀਅਤ ਕੀਤੀ। ਅਪਣੇ ਇਸ ਖਾਸ ਦੌਰੇ ਲਈ ਠਾਕਰੇ ਨੇ ਪਾਰਟੀ ਕਰਮਚਾਰੀਆਂ ਨੂੰ 24 ਨਵੰਬਰ ਨੂੰ ਪੂਰੇ ਰਾਜ ਵਿਚ ਮਹਾਆਰਤੀ ਦਾ ਆਯੋਜਨ ਕਰਨ ਲਈ ਕਿਹਾ ਹੈ।
ਨਾਲ ਹੀ 24 ਨਵੰਬਰ ਨੂੰ ਅਯੁੱਧਿਆ ਵਿਚ ਸੂਰਜ ਪੂਜਾ ਦਾ ਆਯੋਜਨ ਕਰਨ ਲਈ ਵੀ ਕਿਹਾ ਹੈ। ਬੈਠਕ ਤੋਂ ਬਾਅਦ ਊਧਵ ਠਾਕਰੇ ਨੇ ਨਾਰ੍ਹਾ ਦਿਤਾ 'ਹਰ ਹਿੰਦੂ ਦੀ ਇਹੋ ਪੁਕਾਰ, ਪਹਿਲਾਂ ਮੰਦਰ ਫਿਰ ਸਰਕਾਰ'। ਸ਼ਿਵਸੈਨਾ ਪਿਛਲੇ ਮਹੀਨੇ ਦੁਸ਼ਹਿਰਾ ਰੈਲੀ ਤੋਂ ਬਾਅਦ ਤੋਂ ਹੀ ਜ਼ੋਰਦਾਰ ਤਰੀਕੇ ਨਾਲ ਰਾਮ ਮੰਦਰ ਉਸਾਰੀ ਦੀ ਮੰਗ ਕਰ ਰਹੀ ਹੈ। ਪਾਰਟੀ ਨੇ ਭਾਜਪਾ ਦੇ ਹਮਲਾ ਬੋਲਦਿਆਂ ਇਹ ਵੀ ਕਿਹਾ ਹੈ ਕਿ ਸੱਤਾ ਵਿਚ ਆਉਣ ਤੋਂ ਚਾਰ ਸਾਲ ਬਾਅਦ ਵੀ ਭਾਜਪਾ ਰਾਮ ਮੰਦਰ ਨਿਰਮਾਣ ਵਿਚ ਫੇਲ ਹੋ ਗਈ ਹੈ। ਸ਼ਿਵਸੈਨਾ ਨੇ ਕਿਹਾ ਕਿ ਰਾਮ ਮੰਦਰ ਦੀ ਉਸਾਰੀ ਲਈ ਆਰਡੀਨੈਂਸ ਲਿਆਉਣ ਵਿਚ ਦੇਰੀ ਹੋਣ ਨਾਲ ਇਹ ਸਾਫ ਪਤਾ ਚਲਦਾ ਹੈ
ਕਿ ਕੇਂਦਰ ਅਤੇ ਉਤਰ ਪ੍ਰਦੇਸ਼ ਵਿਚ ਭਾਜਪਾ ਸਰਕਾਰ ਮੰਦਰ ਦੀ ਉਸਾਰੀ ਲਈ ਇਛੁੱਕ ਨਹੀਂ ਹੈ। ਪਾਰਟੀ ਦੇ ਸੀਨੀਅਰ ਨੇਤਾ ਸੰਜੇ ਰਾਵਤ ਨੇ ਕਿਹਾ ਕਿ ਜੇਕਰ ਐਨਡੀਏ ਤਿੰਨ ਤਲਾਕ ਤੇ ਪਾਬੰਦੀ ਲਗਾਏ ਜਾਣ ਦਾ ਆਰਡੀਨੈਂਸ ਲਿਆ ਸਕਦੀ ਹੈ ਤਾਂ ਫਿਰ ਰਾਮ ਮੰਦਰ ਦੀ ਉਸਾਰੀ ਵਿਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਨਿਪਟਾਉਣ ਲਈ ਕੋਈ ਹੱਲ ਕਿਉਂ ਨਹੀਂ ਲੱਭਦੀ ? ਉਨ੍ਹਾਂ ਕਿਹਾ ਕਿ 2014 ਵਿਚ ਭਾਜਪਾ ਨੂੰ ਸੱਤਾ ਵਿਚ ਆਉਣ ਵਿਚ ਮਦਦ ਕਰਨ ਵਾਲੀ ਆਰਐਸਐਸ ਨੂੰ ਮੰਦਰ ਦੀ ਉਸਾਰੀ ਲਈ ਆਰਡੀਨੈਂਸ ਲਿਆਉਣ ਵਿਚ ਕਾਮਯਾਬੀ ਹਾਸਲ ਨਾ ਹੋਣ ਕਾਰਨ ਐਨਡੀਏ ਸਰਕਾਰ ਨੂੰ ਹਟਾ ਦੇਣਾ ਚਾਹੀਦਾ ਹੈ।