ਗੈਰਕਾਨੂੰਨੀ ਫੰਡਿੰਗ ਮਾਮਲੇ ਵਿਚ ਪਾਕਿਸਤਾਨ ਅਦਾਲਤ ਨੇ ਹਾਫਿਜ਼ ਸਈਦ ਨੂੰ ਸੁਣਾਈ 10 ਸਾਲ ਦੀ ਸਜ਼ਾ
ਹਾਫਿਜ਼ ਸਈਦ ਨੂੰ ਪਿਛਲੇ ਸਾਲ 17 ਜੁਲਾਈ ਨੂੰ ਅੱਤਵਾਦੀ ਫੰਡਿੰਗ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ
ਇਸਲਾਮਾਬਾਦ - ਮੁੰਬਈ ਹਮਲੇ ਦੇ ਮਾਸਟਰ ਮਾਈਂਡ ਅਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੂੰ ਇਕ ਗੈਰਕਾਨੂੰਨੀ ਫੰਡਿੰਗ ਮਾਮਲੇ ਵਿਚ ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਨੇ ਦਸ ਸਾਲ ਕੈਦ ਦੀ ਸਜਾ ਸੁਣਾਈ ਹੈ। ਸਈਦ ਨੂੰ ਸੰਯੁਕਤ ਰਾਸ਼ਟਰ ਦੁਆਰਾ ਅੱਤਵਾਦੀ ਐਲਾਨ ਕੀਤਾ ਗਿਆ ਹੈ ਅਤੇ ਅਮਰੀਕਾ ਨੇ ਉਸ 'ਤੇ ਇਕ ਕਰੋੜ ਡਾਲਰ ਦਾ ਇਨਾਮ ਰੱਖਿਆ ਹੈ।
ਹਾਫਿਜ਼ ਸਈਦ ਨੂੰ ਪਿਛਲੇ ਸਾਲ 17 ਜੁਲਾਈ ਨੂੰ ਅੱਤਵਾਦੀ ਫੰਡਿੰਗ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਅੱਤਵਾਦ ਰੋਕੂ ਅਦਾਲਤ ਨੇ ਇਸ ਸਾਲ ਫਰਵਰੀ ਵਿਚ ਉਸ ਨੂੰ 11 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਫਿਲਹਾਲ ਉਹ ਲਾਹੌਰ ਦੇ ਹਾਈ ਸਿਕਿਊਰਟੀ ਵਾਲੇ ਕੋਟ ਲਖਪਤ ਜੇਲ੍ਹ ਵਿਚ ਬੰਦ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਨੇ ਜਮਾਤ-ਉਦ-ਦਾਵਾ ਦੇ ਬੁਲਾਰੇ ਨੂੰ ਅੱਤਵਾਦੀ ਫੰਡਿੰਗ ਦੇ ਦੋ ਮਾਮਲਿਆਂ ਵਿੱਚ 32 ਸਾਲ ਦੀ ਕੈਦ ਦੀ ਸਜਾ ਸੁਣਾਈ ਸੀ।
ਅਦਾਲਤ ਨੇ ਅੱਤਵਾਦੀ ਫੰਡਿੰਗ ਦੇ ਮਾਮਲੇ ਵਿਚ ਸਈਦ ਦੇ ਰਿਸ਼ਤੇਦਾਰਾਂ ਸਮੇਤ ਜਮਾਤ-ਉਦ-ਦਾਵਾ ਦੇ ਦੋ ਹੋਰ ਨੇਤਾਵਾਂ ਨੂੰ ਵੀ ਦੋਸ਼ੀ ਠਹਿਰਾਇਆ।
ਇਕ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ, “ਅੱਤਵਾਦ ਵਿਰੋਧੀ ਅਦਾਲਤ ਦੇ ਜੱਜ ਏਜਾਜ਼ ਅਹਿਮਦ ਬੁੱਟਰ ਨੇ ਜਮਾਤ-ਉਦ-ਦਾਵਾ ਦੇ ਬੁਲਾਰੇ ਯਾਹੀਆ ਮੁਜਾਹਿਦ ਨੂੰ ਦੋ ਮੁੱਢਲੇ ਕੇਸਾਂ ਨਾਲ ਸਬੰਧਤ ਕੇਸ ਵਿਚ 32 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਪ੍ਰੋਫੈਸਰ ਜ਼ਫਰ ਇਕਬਾਲ ਅਤੇ ਪ੍ਰੋਫੈਸਰ ਹਾਫਿਜ਼ ਅਬਦੁੱਲ ਰਹਿਮਾਨ ਮੱਕੀ ਨੂੰ ਦੋ ਮਾਮਲਿਆਂ ਵਿਚ ਕ੍ਰਮਵਾਰ 16 ਅਤੇ ਇਕ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।