ਕਿਸਾਨਾਂ ਦੇ ਤਿਆਗ ਅਤੇ ਸੰਘਰਸ਼ ਕਾਰਨ ਵਾਪਸ ਹੋਏ ਖੇਤੀ ਕਾਨੂੰਨ : ਅੰਨਾ ਹਜ਼ਾਰੇ 

ਏਜੰਸੀ

ਖ਼ਬਰਾਂ, ਰਾਸ਼ਟਰੀ

ਜੇਕਰ ਆਉਣ ਵਾਲੇ ਸਮੇਂ ਵਿਚ ਫਿਰ ਕਿਸੇ ਨੇ ਅਜਿਹਾ ਤਸ਼ੱਦਦ ਕੀਤਾ ਤਾਂ ਲੋਕ ਵੱਡੇ ਪੱਧਰ 'ਤੇ ਆਵਾਜ਼ ਚੁੱਕੀ ਜਾਵੇਗੀ। ਇਹ ਸਾਡੀ ਰਿਵਾਇਤ ਹੈ। 

Anna Hzare

ਨਵੀਂ ਦਿੱਲੀ : ਕੇਂਦਰ ਸਰਕਾਰ ਵਲੋਂ ਖੇਤੀ ਕਾਨੂੰਨ ਵਾਪਸ ਕਰਨ ਦੇ ਫ਼ੈਸਲੇ 'ਤੇ ਸਮਾਜਸੇਵੀ ਅੰਨਾ ਹਜ਼ਾਰੇ ਨੇ ਕਿਹਾ ਕਿ ਇਹ ਕਿਸਾਨਾਂ ਦੀ ਜਿੱਤ ਹੈ।  ਉਨ੍ਹਾਂ ਕਿਹਾ ਕਿ ਸੰਘਰਸ਼, ਤਿਆਗ, ਅੰਦੋਲਨ ਇਹ ਸਾਡੇ ਦੇਸ਼ ਦਾ ਇਤਿਹਾਸ ਰਹੇ ਹਨ।  ਆਜ਼ਾਦੀ ਤੋਂ ਪਹਿਲਾਂ ਵੀ ਕਈ ਸੰਘਰਸ਼ ਲੜੇ ਸਨ।  ਇਨ੍ਹਾਂ ਦੀ ਬਦੌਲਤ ਹੀ ਸਾਨੂੰ ਆਜ਼ਾਦੀ ਮਿਲੀ ਹੈ।  

ਹਜ਼ਾਰੇ ਨੇ ਕਿਹਾ ਕਿ ਸਾਰੇ ਕਿਸਾਨ ਭਾਈਚਾਰੇ ਲਈ ਜਿਨ੍ਹਾਂ ਨੇ ਇਸ ਸੰਘਰਸ਼ ਵਿਚ ਹਿੱਸਾ ਪਾਇਆ ਹੈ, ਉਨ੍ਹਾਂ ਦਾ ਧੰਨਵਾਦ ਕਰਦਾ ਹਾਂ ਅਤੇ ਮੈਨੂੰ ਲਗਦਾ ਹੈ ਕਿ ਉਨ੍ਹਾਂ ਦਾ ਇਹ ਤਿਆਗ ਅਤੇ ਬਲੀਦਾਨ ਨਿਹਫ਼ਲ ਨਹੀਂ ਹੋਵੇਗਾ।  ਇਹ ਹਮੇਸ਼ਾਂ ਕਿਸਾਨਾਂ ਲਈ ਪ੍ਰੇਰਨਾ ਬਣ ਕੇ ਰਹੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿਚ ਫਿਰ ਕਿਸੇ ਨੇ ਅਜਿਹਾ ਤਸ਼ੱਦਦ ਕੀਤਾ ਤਾਂ ਲੋਕ ਵੱਡੇ ਪੱਧਰ 'ਤੇ ਆਵਾਜ਼ ਚੁੱਕੀ ਜਾਵੇਗੀ। ਇਹ ਸਾਡੀ ਰਿਵਾਇਤ ਹੈ। 


ਇੱਕ ਸਵਾਲ ਦਾ ਜਵਾਬ ਦਿੰਦਿਆਂ ਅੰਨਾ ਹਜ਼ਾਰੇ ਨੇ ਕਿਹਾ ਕਿ ਸਰਕਾਰ ਦੇ ਮਨ ਵਿਚ ਕੀ ਚੱਲ ਰਿਹਾ ਹੈ, ਇਹ ਮੈਂ ਨਹੀਂ ਜਾਣਦਾ।  ਸਰਕਾਰ ਕਦੋਂ ਕਿਹੜਾ ਫ਼ੈਸਲਾ ਲਵੇਗੀ ਇਹ ਕਹਿਣਾ ਮੁਸ਼ਕਿਲ ਹੈ ਪਰ ਜੋ ਖੇਤੀ ਕਾਨੂੰਨ ਵਾਪਸ ਲੈਣ ਵਾਲਾ ਫ਼ੈਸਲਾ ਹੈ ਇਹ ਸ਼ਲਾਘਾਯੋਗ ਹੈ। 

ਅੰਨਾ ਹਜ਼ਾਰੇ ਨੇ ਇਸ ਫ਼ੈਸਲੇ ਨੂੰ ਕਿਸਾਨਾਂ ਦੇ ਤਿਆਗ ਅਤੇ ਸੰਘਰਸ਼ ਦੀ ਜਿੱਤ ਕਰਾਰ ਦਿਤਾ।  ਉਨ੍ਹਾਂ ਕਿਹਾ ਕੀ ਇਸ ਵਿਚ ਸਿਆਸਤ ਨੂੰ ਲਿਆਉਣਾ ਗ਼ਲਤ ਹੋਵੇਗਾ।  ਇਹ ਕਿਸਾਨਾਂ ਦੇ ਬਲੀਦਾਨ ਕਾਰਨ ਹੀ ਸੰਭਵ ਹੋਇਆ ਹੈ।