ਕਾਬੁਲ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਸਮੇਤ ਦੋ ਲੋਕਾਂ ਨੂੰ ਲਿਆਂਦਾ ਜਾ ਰਿਹੈ ਭਾਰਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਅੱਜ ਸਵੇਰੇ ਦੋ ਅਫ਼ਗ਼ਾਨ ਸਿੱਖਾਂ ਨੂੰ ਅਫ਼ਗ਼ਾਨਿਸਤਾਨ ਤੋਂ ਕਢਿਆ ਗਿਆ।

Two people including chief granthi of Kabul Gurdwara Sahib are being brought to India

 

ਨਵੀਂ ਦਿੱਲੀ  : ਕਾਬੁਲ ’ਚ ਕਰਤੇ ਪਰਵਾਨ ਗੁਰਦੁਆਰਾ ਸਾਹਿਬ ’ਚ ਮੁੱਖ ਗ੍ਰੰਥੀ ਸਮੇਤ ਅਫ਼ਗਾਨ ਸਿੱਖ ਨੂੰ ਕਾਬੁਲ ਤੋਂ ਕਢਿਆ ਗਿਆ ਹੈ ਅਤੇ ਤਹਿਰਾਨ ਦੇ ਰਸਤਿਓਂ ਭਾਰਤ ਲਿਆਂਦਾ ਜਾ ਰਿਹਾ ਹੈ। ਕੇਂਦਰ ਸਰਕਾਰ ਨਾਲ ਤਾਲਮੇਲ ਅਤੇ ‘ਸੋਬਤੀ ਫ਼ਾਊਂਡੇਸ਼ਨ’ ਦੀ ਮਦਦ ਨਾਲ ਦੋਹਾਂ ਭਾਰਤੀ ਮੂਲ ਦੇ ਅਫ਼ਗ਼ਾਨ ਸਿੱਖਾਂ ਨੂੰ ਅਫ਼ਗ਼ਾਨਿਸਤਾਨ ਤੋਂ ਕੱਢਣ ਦਾ ਕੰਮ ਕਰ ਰਹੇ ਇੰਡੀਅਨ ਵਰਲਡ ਫ਼ੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਵੀਰਵਾਰ ਨੂੰ ਦਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਅੱਜ ਸਵੇਰੇ ਦੋ ਅਫ਼ਗ਼ਾਨ ਸਿੱਖਾਂ ਨੂੰ ਅਫ਼ਗ਼ਾਨਿਸਤਾਨ ਤੋਂ ਕਢਿਆ ਗਿਆ।

ਚੰਡੋਕ ਨੇ ਅੱਗੇ ਕਿਹਾ ਕਿ ਇਕ ਸ਼ਖ਼ਸ ਸਤਵੀਰ ਸਿੰਘ ਹੈ, ਜੋ ਪਿਛਲੇ 21 ਸਾਲਾਂ ਤੋਂ ਗੁਰਦੁਆਰਾ ਕਰਤੇ ਪਰਵਾਨ, ਕਾਬੁਲ ਦੇ ਮੁੱਖ ਗ੍ਰੰਥੀ ਦੇ ਰੂਪ ਵਿਚ ਸੇਵਾ ਨਿਭਾ ਰਹੇ ਹਨ। ਇਕ ਸੋਰਜੀਤ ਸਿੰਘ ਹੈ, ਜੋ ਖੋਸਤ ਸੂਬੇ ਦੇ ਅਫ਼ਗ਼ਾਨ ਨਾਗਰਿਕ ਹਨ ਅਤੇ ਉੱਥੇ ਸਥਿਤ ਇਕ ਗੁਰਦੁਆਰਾ ਦੇ ਕਾਰਜਕਾਰੀ ਮੈਂਬਰ ਹਨ। ਦੋਹਾਂ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ। ਦੋਵੇਂ ਸਿੱਖ ਅੱਜ ਰਾਤ ਤਹਿਰਾਨ ’ਚ ਠਹਿਰਣਗੇ ਅਤੇ ਕਲ ਰਾਤ ਈਰਾਨ ਦੀ ਮਹਾਨ ਏਅਰ ਦੀ ਉਡਾਣ ਤੋਂ ਦਿੱਲੀ ਹਵਾਈ ਅੱਡੇ ਪਹੁੰਚਣਗੇ। 

ਚੰਡੋਕ ਨੇ ਅੱਗੇ ਕਿਹਾ ਕਿ ਉਹ ਅਫ਼ਗ਼ਾਨਿਸਤਾਨ ਵਿਚ ਫਸੇ ਅਫ਼ਗ਼ਾਨ ਸਿਖਾਂ ਅਤੇ ਹਿੰਦੂਆਂ ਦੀ ਨਿਜੀ ਤੌਰ ’ਤੇ ਨਿਗਰਾਨੀ ਅਤੇ ਮਦਦ ਕਰ ਰਹੇ ਹਨ। ਉਨ੍ਹਾਂ ਦੀ ਛੇਤੀ ਸੁਰੱਖਿਆ ਵਾਪਸੀ ਲਈ ਕੇਂਦਰ ਸਰਕਾਰ ਨਾਲ ਤਾਲਮੇਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਤਾਰੀਖ਼ ’ਚ ਹਿੰਦੂ ਅਤੇ ਸਿੱਖ ਭਾਈਚਾਰੇ ਦੇ 218 ਅਫ਼ਗ਼ਾਨ ਨਾਗਰਿਕ ਕੇਂਦਰ ਸਰਕਾਰ ਤੋਂ ਈ-ਵੀਜ਼ਾ ਜਾਰੀ ਹੋਣ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਨੇ ਵਿਦੇਸ਼ ਮੰਤਰਾਲਾ ਵਿਚ ਪਾਕਿਸਤਾਨ, ਅਫ਼ਗ਼ਾਨਿਸਤਾਨ ਅਤੇ ਈਰਾਨ ਸਬੰਧੀ ਮਾਮਲਿਆਂ ਨੂੰ ਵੇਖਣ ਵਾਲੇ ਵਿਭਾਗ, ਗ੍ਰਹਿ ਮੰਤਰਾਲਾ, ਕਾਬੁਲ ਵਿਚ ਈਰਾਨੀ ਦੂਤਘਰ ਅਤੇ ਸੋਬਤੀ ਫ਼ਾਊਂਡੇਸ਼ਨ ਦਾ ਭਾਰਤੀ ਮੂਲ ਦੇ ਅਫ਼ਗ਼ਾਨ ਸਿੱਖਾਂ ਨੂੰ ਕੰਢਣ ’ਚ ਮਦਦ ਕਰਨ ਲਈ ਧਨਵਾਦ ਕੀਤਾ।