ਸਮੂਹਿਕ ਬਲਾਤਕਾਰ ਮਾਮਲੇ ਵਿਚ ਤਿੰਨ BSF ਜਵਾਨਾਂ ਸਣੇ ਪੰਜ ਵਿਅਕਤੀ ਗ੍ਰਿਫ਼ਤਾਰ
ਪੁਲਿਸ ਨੇ ਤਹਿਰੀਰ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਔਰਤ ਦਾ ਮੈਡੀਕਲ ਕਰਵਾਇਆ ਅਤੇ ਸਬੂਤ ਇਕੱਠੇ ਕੀਤੇ।
ਜੈਪੁਰ: ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਵਿਚ ਇਕ ਔਰਤ ਨਾਲ ਸਮੂਹਿਕ ਬਲਾਤਕਾਰ ਦੇ ਦੋਸ਼ ਵਿਚ ਪੁਲਿਸ ਨੇ ਸ਼ਨੀਵਾਰ ਨੂੰ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਤਿੰਨ ਜਵਾਨਾਂ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਪੀੜਤਾ ਤੋਂ ਮਿਲੀ ਤਹਿਰੀਰ ਦੇ ਆਧਾਰ 'ਤੇ ਰਾਏਸਿੰਘਨਗਰ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਉਸ ਨਾਲ ਪੰਜ ਲੋਕਾਂ ਨੇ ਸਮੂਹਿਕ ਬਲਾਤਕਾਰ ਕੀਤਾ। ਪੁਲਿਸ ਨੇ ਤਹਿਰੀਰ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਔਰਤ ਦਾ ਮੈਡੀਕਲ ਕਰਵਾਇਆ ਅਤੇ ਸਬੂਤ ਇਕੱਠੇ ਕੀਤੇ।
ਸਥਾਨਕ ਮੈਜਿਸਟ੍ਰੇਟ ਦੇ ਸਾਹਮਣੇ ਔਰਤ ਦੇ ਬਿਆਨ ਦਰਜ ਕੀਤੇ ਜਾਣ ਤੋਂ ਬਾਅਦ, ਪੁਲਿਸ ਨੇ ਇਸ ਮਾਮਲੇ ਵਿਚ ਸਾਰੇ ਪੰਜ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਲਿਆ। ਗੰਗਾਨਗਰ ਦੇ ਐਸਪੀ ਆਨੰਦ ਸ਼ਰਮਾ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਮੁਲਜ਼ਮਾਂ ਵਿਚ ਸਥਾਨਕ ਬੀਐਸਐਫ ਬਟਾਲੀਅਨ ਵਿਚ ਤਾਇਨਾਤ ਇਕ ਹੈੱਡ ਕਾਂਸਟੇਬਲ ਅਤੇ ਦੋ ਕਾਂਸਟੇਬਲ ਸ਼ਾਮਲ ਹਨ।
ਉਹਨਾਂ ਦੱਸਿਆ, ''35 ਸਾਲਾ ਔਰਤ ਸਵੇਰੇ ਥਾਣੇ ਪਹੁੰਚੀ ਅਤੇ ਕਿਹਾ ਕਿ ਉਸ ਦਾ ਜਾਣਕਾਰ ਵਿਅਕਤੀ ਘਿਓ ਅਤੇ ਹੋਰ ਸਾਮਾਨ ਖਰੀਦਣ ਦੇ ਬਹਾਨੇ ਉਸ ਨੂੰ ਇਕੱਲਿਆਂ ਥਾਂ 'ਤੇ ਲੈ ਗਿਆ। ਬੀਐਸਐਫ ਦਾ ਇਕ ਜਵਾਨ ਉਥੇ ਪਹਿਲਾਂ ਹੀ ਮੌਜੂਦ ਸੀ। ਦੋਵਾਂ ਨੇ ਉਸ ਨਾਲ ਬਲਾਤਕਾਰ ਕੀਤਾ।"
ਪੀੜਤਾ ਮੁਤਾਬਕ ਬਾਅਦ 'ਚ ਦੋਹਾਂ ਨੇ ਬੀਐੱਸਐੱਫ ਦੇ ਦੋ ਜਵਾਨਾਂ ਸਮੇਤ ਤਿੰਨ ਹੋਰ ਵਿਅਕਤੀਆਂ ਨੂੰ ਬੁਲਾਇਆ, ਜਿਨ੍ਹਾਂ ਨੇ ਉਸ ਨਾਲ ਬਲਾਤਕਾਰ ਕੀਤਾ। ਸ਼ਰਮਾ ਨੇ ਦੱਸਿਆ ਕਿ ਮੁੱਢਲੀ ਜਾਂਚ 'ਚ ਮਾਮਲਾ ਸਹੀ ਪਾਇਆ ਗਿਆ ਅਤੇ ਸਾਰੇ ਪੰਜਾਂ ਦੋਸ਼ੀਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।
ਅਧਿਕਾਰੀ ਨੇ ਦੱਸਿਆ ਕਿ ਬੀਐਸਐਫ ਦੇ ਜਵਾਨਾਂ ਦੀ ਸ਼ਮੂਲੀਅਤ ਸਪੱਸ਼ਟ ਹੋਣ ਤੋਂ ਬਾਅਦ ਬੀਐਸਐਫ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਉਹਨਾਂ ਅੱਗੇ ਕਿਹਾ, "ਬੀਐਸਐਫ ਅਧਿਕਾਰੀਆਂ ਨੇ ਸਹਿਯੋਗ ਕੀਤਾ ਅਤੇ ਤਿੰਨਾਂ ਕਰਮਚਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ। ਸਾਡੀ ਟੀਮ ਉਹਨਾਂ ਨੂੰ ਥਾਣੇ ਲੈ ਆਈ ਹੈ।"