'ਭਾਰਤ ਜੋੜੋ ਯਾਤਰਾ' ਦੇ ਖਾਲਸਾ ਸਟੇਡੀਅਮ ਇੰਦੌਰ 'ਚ ਰੁਕਣ 'ਤੇ ਧਮਾਕੇ ਦੀ ਧਮਕੀ ਦੇਣ ਵਾਲੇ ਦੋ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੋ ਵਿਅਕਤੀ ਹਿਰਾਸਤ ਵਿੱਚ, ਤਿੰਨ ਹੋਰਾਂ ਦੀ ਪਛਾਣ

Image

 

ਭੋਪਾਲ - ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਦੇ ਖਾਲਸਾ ਸਟੇਡੀਅਮ ਵਿੱਚ ਰਾਹੁਲ ਗਾਂਧੀ ਦੀ ਅਗਵਾਈ ਵਾਲੀ ‘ਭਾਰਤ ਜੋੜੋ ਯਾਤਰਾ’ 28 ਨਵੰਬਰ ਨੂੰ ਰੁਕਣ ਦੀ ਸੂਰਤ ਵਿੱਚ ਬੰਬ ਧਮਾਕੇ ਦੀ ਧਮਕੀ ਵਾਲੀ ਗੁਮਨਾਮ ਚਿੱਠੀ ਦੇ ਸੰਬੰਧ ਵਿੱਚ ਪੁਲੀਸ ਨੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ।

ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਸ਼ਨੀਵਾਰ ਨੂੰ ਕਿਹਾ ਕਿ ਦੋ ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ, ਜਦਕਿ ਤਿੰਨ ਹੋਰਾਂ ਦੀ ਪਛਾਣ ਕਰ ਲਈ ਗਈ ਹੈ।

ਮਹੱਤਵਪੂਰਨ ਗੱਲ ਇਹ ਹੈ ਕਿ ਡਾਕ ਰਾਹੀਂ ਭੇਜੇ ਗਏ ਇੱਕ ਗੁੰਮਨਾਮ ਪੱਤਰ ਵਿੱਚ ਧਮਕੀ ਦਿੱਤੀ ਗਈ ਸੀ, ਕਿ ਜੇਕਰ ‘ਭਾਰਤ ਜੋੜੋ ਯਾਤਰਾ’ ਦਾ ਵਿਸ਼ਰਾਮ 28 ਨਵੰਬਰ ਨੂੰ ਇੰਦੌਰ ਦੇ ਖਾਲਸਾ ਸਟੇਡੀਅਮ ਵਿੱਚ ਹੋਇਆ, ਤਾਂ ਇੰਦੌਰ ਵਿੱਚ ਵੱਖ-ਵੱਖ ਥਾਵਾਂ ’ਤੇ ਵੱਡੇ ਬੰਬ ਧਮਾਕੇ ਕੀਤੇ ਜਾਣਗੇ, ਅਤੇ ਰਾਹੁਲ ਗਾਂਧੀ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਕਮਲਨਾਥ ਨੂੰ ਮਾਰਿਆ ਜਾਵੇਗਾ। ਪੱਤਰ ਵਿੱਚ 1984 ਦੇ ਸਿੱਖ ਕਤਲੇਆਮ ਦਾ ਵੀ ਜ਼ਿਕਰ ਹੈ।

ਇਹ ਪੱਤਰ ਵੀਰਵਾਰ ਸ਼ਾਮ ਨੂੰ ਇੰਦੌਰ ਦੇ ਜੂਨੀ ਖੇਤਰ ਵਿੱਚ ਇੱਕ ਮਿਠਾਈ-ਨਮਕੀਨ ਦੀ ਦੁਕਾਨ ਦੇ ਪਤੇ 'ਤੇ ਪ੍ਰਾਪਤ ਹੋਇਆ ਸੀ ਅਤੇ ਇੰਦੌਰ ਪੁਲਿਸ ਨੇ ਭਾਰਤੀ ਦੰਡਾਵਲੀ ਦੀ ਧਾਰਾ 507 (ਅਣਪਛਾਤੇ ਵਿਅਕਤੀ ਦੁਆਰਾ ਅਪਰਾਧਿਕ ਧਮਕੀ) ਤਹਿਤ ਅਣਪਛਾਤੇ ਵਿਅਕਤੀ ਖ਼ਿਲਾਫ਼ ਐਫ਼.ਆਈ.ਆਰ. ਦਰਜ ਕੀਤੀ ਸੀ। .

ਧਮਕੀ ਪੱਤਰ ਬਾਰੇ ਪੁੱਛੇ ਜਾਣ 'ਤੇ ਗ੍ਰਹਿ ਮੰਤਰੀ ਮਿਸ਼ਰਾ ਨੇ ਭੋਪਾਲ 'ਚ ਪੱਤਰਕਾਰਾਂ ਨੂੰ ਕਿਹਾ, ''ਦੋ ਸ਼ੱਕੀਆਂ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ। ਤਿੰਨ ਹੋਰ ਸ਼ੱਕੀਆਂ ਦੀ ਵੀ ਪਛਾਣ ਹੋ ਗਈ ਹੈ। ਇਸ ਸੰਬੰਧੀ ਪੁਲੀਸ ਦੀ ਟੀਮ ਹਰਿਆਣਾ ਗਈ ਹੈ।"

ਖ਼ਾਸ ਗੱਲ ਇਹ ਹੈ ਕਿ 'ਭਾਰਤ ਜੋੜੋ ਯਾਤਰਾ' 'ਚ ਸ਼ਾਮਲ ਲੋਕਾਂ ਦਾ 28 ਨਵੰਬਰ ਨੂੰ ਇੰਦੌਰ ਦੇ ਖਾਲਸਾ ਸਟੇਡੀਅਮ 'ਚ ਰਾਤ ਦਾ ਰੁਕਣ ਦਾ ਪ੍ਰੋਗਰਾਮ ਹੈ, ਜਿਸ 'ਚ ਕੁਝ ਦਿਨ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੌਰਾਨ ਕਾਂਗਰਸੀ ਆਗੂ ਕਮਲਨਾਥ ਦੀ ਮੌਜੂਦਗੀ ਨੂੰ ਲੈ ਕੇ ਵਿਵਾਦ ਹੋਇਆ ਸੀ। ਇੱਕ ਧਾਰਮਿਕ ਪ੍ਰੋਗਰਾਮ 'ਚ ਪ੍ਰਬੰਧਕਾਂ ਵੱਲੋਂ ਕਮਲਨਾਥ ਦਾ ਸਨਮਾਨ ਕਰਨ 'ਤੇ ਪ੍ਰਸਿੱਧ ਕੀਰਤਨੀਏ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ 1984 ਸਿੱਖ ਕਤਲੇਆਮ ਦਾ ਜ਼ਿਕਰ ਕਰਦੇ ਹੋਏ ਮੰਚ ਤੋਂ ਪ੍ਰਬੰਧਕਾਂ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ।

ਇਸ ਵਿਵਾਦ ਤੋਂ ਬਾਅਦ ਭਾਜਪਾ ਦੇ ਸਥਾਨਕ ਨੇਤਾਵਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਕਮਲਨਾਥ ਰਾਹੁਲ ਗਾਂਧੀ ਦੀ ਅਗਵਾਈ 'ਚ 'ਭਾਰਤ ਜੋੜੋ ਯਾਤਰਾ' ਨਾਲ ਸਟੇਡੀਅਮ 'ਚ ਕਦਮ ਰੱਖਦੇ ਹਨ ਤਾਂ ਪਾਰਟੀ ਵਰਕਰ ਕਾਲੇ ਝੰਡੇ ਦਿਖਾ ਕੇ ਉਨ੍ਹਾਂ ਦਾ ਵਿਰੋਧ ਕਰਨਗੇ।

ਮਿਸ਼ਰਾ ਨੇ ਕਿਹਾ ਕਿ ਪਦਯਾਤਰਾ ਦੀ ਅਗਵਾਈ ਕਰ ਰਹੇ ਕਾਂਗਰਸ ਨੇਤਾ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਸੁਰੱਖਿਆ ਪ੍ਰਦਾਨ ਕਰਨਾ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ।

ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਦੱਸਿਆ ਕਿ ਯਾਤਰਾ ਮਹਾਰਾਸ਼ਟਰ ਤੋਂ 20 ਨਵੰਬਰ ਨੂੰ ਮੱਧ ਪ੍ਰਦੇਸ਼ ਦੇ ਬੁਰਹਾਨਪੁਰ 'ਚ ਪ੍ਰਵੇਸ਼ ਕਰੇਗੀ।