ਸਾਰੇ ਕਸ਼ਮੀਰੀਆਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾ ਰਿਹੈ: ਉਮਰ ਅਬਦੁੱਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਜੰਮੂ-ਕਸ਼ਮੀਰ ਦੇ ਲੋਕ ਕੇਂਦਰ ਸ਼ਾਸਤ ਪ੍ਰਦੇਸ਼ ਤੋਂ ਬਾਹਰ ਜਾਣ ਤੋਂ ਡਰਨ ਲੱਗ ਪਏ ਹਨ

All Kashmiris are being viewed with suspicion: Omar Abdullah

ਸ੍ਰੀਨਗਰ: ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਬੁਧਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕ ਕੇਂਦਰ ਸ਼ਾਸਤ ਪ੍ਰਦੇਸ਼ ਤੋਂ ਬਾਹਰ ਜਾਣ ਤੋਂ ਡਰਨ ਲੱਗ ਪਏ ਹਨ ਕਿਉਂਕਿ ਉਨ੍ਹਾਂ ਸਾਰਿਆਂ ਨੂੰ ਕੁੱਝ ਲੋਕਾਂ ਦੀਆਂ ਹਿੰਸਕ ਕਾਰਵਾਈਆਂ ਲਈ ਸ਼ੱਕੀ ਮੰਨਿਆ ਜਾਂਦਾ ਹੈ।

ਉਨ੍ਹਾਂ ਕਿਹਾ, ‘‘ਮੌਜੂਦਾ ਹਾਲਾਤ ’ਚ ਸ਼ਾਇਦ ਮਾਪੇ ਅਪਣੇ ਬੱਚਿਆਂ ਨੂੰ ਬਾਹਰ ਨਹੀਂ ਭੇਜਣਾ ਚਾਹੁਣਗੇ। ਜਦੋਂ ਸਾਨੂੰ ਹਰ ਪਾਸਿਉਂ ਸ਼ੱਕੀ ਨਜ਼ਰਾਂ ਨਾਲ ਵੇਖਿਆ ਜਾ ਰਿਹਾ ਹੈ, ਜਦ ਕਿਸੇ ਹੋਰ ਦੇ ਕੰਮ ਲਈ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦੋਂ ਸਾਰਿਆਂ ਨੂੰ ਉਸ ਦੇ ਦਾਇਰੇ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕੁੱਝ ਲੋਕਾਂ ਨੇ ਕੀਤਾ ਹੈ, ਤਾਂ ਇਹ ਸਪੱਸ਼ਟ ਹੈ ਕਿ ਸਾਡੇ ਲਈ ਬਾਹਰ ਜਾਣਾ ਮੁਸ਼ਕਲ ਹੋ ਜਾਂਦਾ ਹੈ।’’ ਮੁੱਖ ਮੰਤਰੀ ਨੇ ਅੱਗੇ ਕਿਹਾ, ‘‘ਅਜਿਹਾ ਕਹਿਣਾ ਚੰਗਾ ਨਹੀਂ ਲਗਦਾ ਪਰ ਅਸੀਂ ਕੀ ਕਰ ਸਕਦੇ ਹਾਂ, ਇਹੀ ਅਸਲੀਅਤ ਹੈ।’’

ਉਨ੍ਹਾਂ ਕਿਹਾ, ‘‘ਦਿੱਲੀ (ਲਾਲ ਕਿਲ੍ਹੇ ਨੇੜੇ ਕਾਰ ਧਮਾਕਾ) ਲਈ ਬਹੁਤ ਘੱਟ ਲੋਕ ਜ਼ਿੰਮੇਵਾਰ ਹਨ ਪਰ ਇਹ ਧਾਰਨਾ ਪੈਦਾ ਕੀਤੀ ਜਾ ਰਹੀ ਹੈ ਕਿ ਇਸ ਲਈ ਅਸੀਂ ਸਾਰੇ ਜ਼ਿੰਮੇਵਾਰ ਹਾਂ ਅਤੇ ਅਸੀਂ ਸਾਰੇ ਇਸ ਦਾ ਹਿੱਸਾ ਹਾਂ।’’ ਅਪਣੇ ਵਿਚਾਰ ਸਾਂਝੇ ਕਰਦੇ ਹੋਏ, ਅਬਦੁੱਲਾ ਨੇ ਕਿਹਾ ਕਿ ਉਹ ਕੌਮੀ ਰਾਜਧਾਨੀ ਵਿਚ ਜੰਮੂ-ਕਸ਼ਮੀਰ ਰਜਿਸਟਰੇਸ਼ਨ ਵਾਲੇ ਅਪਣੀ ਗੱਡੀ ਨੂੰ ਬਾਹਰ ਕੱਢਣ ਤੋਂ ਪਹਿਲਾਂ ਦੋ ਵਾਰ ਸੋਚਦੇ ਹਨ।

ਉਨ੍ਹਾਂ ਕਿਹਾ, ‘‘ਅੱਜ ਦਿੱਲੀ ’ਚ ਜੰਮੂ-ਕਸ਼ਮੀਰ ਰਜਿਸਟ੍ਰੇਸ਼ਨ ਵਾਲੀਆਂ ਗੱਡੀਆਂ ਚਲਾਉਣ ਨੂੰ ਵੀ ਅਪਰਾਧ ਮੰਨਿਆ ਜਾ ਰਿਹਾ ਹੈ। ਜਦੋਂ ਮੇਰੇ ਨਾਲ ਬਹੁਤ ਸਾਰੇ ਸੁਰੱਖਿਆ ਕਰਮਚਾਰੀ ਨਹੀਂ ਹਨ, ਤਾਂ ਮੈਂ ਖੁਦ ਸੋਚਦਾ ਹਾਂ ਕਿ ਮੈਨੂੰ ਅਪਣੀ ਕਾਰ ਬਾਹਰ ਕੱਢਣੀ ਚਾਹੀਦੀ ਹੈ ਜਾਂ ਨਹੀਂ, ਕਿਉਂਕਿ ਮੈਨੂੰ ਨਹੀਂ ਪਤਾ ਕਿ ਕੋਈ ਮੈਨੂੰ ਰੋਕੇਗਾ ਅਤੇ ਮੈਨੂੰ ਪੁੱਛੇਗਾ ਕਿ ਮੈਂ ਕਿੱਥੋਂ ਆਇਆ ਸੀ ਅਤੇ ਮੈਂ ਉੱਥੇ ਕਿਉਂ ਆਇਆ ਸੀ।’’

ਦੱਸਣਯੋਗ ਹੈ ਕਿ 10 ਨਵੰਬਰ ਨੂੰ ਦਿੱਲੀ ’ਚ ਹੋਏ ਕਾਰ ਧਮਾਕੇ ’ਚ 15 ਲੋਕਾਂ ਦੀ ਮੌਤ ਹੋ ਗਈ ਸੀ। ਧਮਾਕੇ ਤੋਂ ਬਾਅਦ ਪੁਲਿਸ ਨੇ ਸੁਰੱਖਿਆ ਦੇ ਸਖਤ ਉਪਾਵਾਂ ਦੇ ਹਿੱਸੇ ਵਜੋਂ ਇਕੱਲੇ ਫਰੀਦਾਬਾਦ ਵਿਚ ਹੀ ਜੰਮੂ-ਕਸ਼ਮੀਰ ਦੇ 500 ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਹੈ।