ਮੁਕੱਦਮੇਬਾਜ਼ੀ ਤੋਂ ਬਚਣ ਲਈ ਪੁੱਤਰਾਂ, ਧੀਆਂ, ਪਤੀ ਤੋਂ ਬਿਨਾਂ ਔਰਤਾਂ ਵਸੀਅਤ ਜ਼ਰੂਰ ਕਰਨ : ਸੁਪਰੀਮ ਕੋਰਟ
ਔਰਤਾਂ ਨੇ ਸਿੱਖਿਆ, ਰੁਜ਼ਗਾਰ ਅਤੇ ਉੱਦਮਤਾ ਜ਼ਰੀਏ ਉਨ੍ਹਾਂ ਨੇ ਅਪਣੀ ਜਾਇਦਾਦ ਹਾਸਲ ਕੀਤੀ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੁਧਵਾਰ ਨੂੰ ਪੁੱਤਰਾਂ, ਧੀਆਂ ਅਤੇ ਪਤੀਆਂ ਤੋਂ ਬਗੈਰ ਸਾਰੀਆਂ ਔਰਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਪਣੇ ਪੇਕੇ ਅਤੇ ਸਹੁਰੇ ਪਰਵਾਰ ਵਿਚਾਲੇ ਮੁਕੱਦਮੇਬਾਜ਼ੀ ਦੇ ਵਿਵਾਦਾਂ ਤੋਂ ਬਚਣ ਲਈ ਵਸੀਅਤ ਕਰ ਕੇ ਰੱਖਣ।
ਹਿੰਦੂ ਉਤਰਾਧਿਕਾਰੀ ਐਕਟ, 1956 ਦਾ ਹਵਾਲਾ ਦਿੰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਉਸ ਸਮੇਂ ਸੰਸਦ ਨੇ ਇਹ ਮੰਨ ਲਿਆ ਹੋ ਸਕਦਾ ਹੈ ਕਿ ਔਰਤਾਂ ਕੋਲ ਅਪਣੀ ਜਾਇਦਾਦ ਨਹੀਂ ਹੋਵੇਗੀ, ਪਰ ਇਨ੍ਹਾਂ ਦਹਾਕਿਆਂ ਵਿਚ ਔਰਤਾਂ ਦੀ ਤਰੱਕੀ ਨੂੰ ਘੱਟ ਨਹੀਂ ਸਮਝਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਹਿੰਦੂ ਔਰਤਾਂ ਸਮੇਤ ਇਸ ਦੇਸ਼ ਦੀਆਂ ਔਰਤਾਂ ਨੇ ਸਿੱਖਿਆ, ਰੁਜ਼ਗਾਰ ਅਤੇ ਉੱਦਮਤਾ ਜ਼ਰੀਏ ਉਨ੍ਹਾਂ ਨੇ ਅਪਣੀ ਜਾਇਦਾਦ ਹਾਸਲ ਕੀਤੀ ਹੈ।
ਸਿਖਰਲੀ ਅਦਾਲਤ ਨੇ ਕਿਹਾ, ‘‘ਜੇ ਕੋਈ ਹਿੰਦੂ ਔਰਤ ਪੁੱਤਰ, ਧੀਆਂ ਅਤੇ ਪਤੀ ਦੀ ਅਣਹੋਂਦ ਵਿਚ ਮਰ ਜਾਂਦੀ ਹੈ, ਅਤੇ ਅਜਿਹੀਆਂ ਸਵੈ-ਪ੍ਰਾਪਤ ਕੀਤੀਆਂ ਜਾਇਦਾਦਾਂ ਸਿਰਫ ਪਤੀ ਦੇ ਵਾਰਸਾਂ ਵਲੋਂ ਹੀ ਪ੍ਰਾਪਤ ਕੀਤੀਆਂ ਜਾਣਗੀਆਂ ਤਾਂ ਸੰਭਵ ਤੌਰ ਉਤੇ ਇਹ ਔਰਤ ਦੇ ਪੇਕੇ ਪਰਿਵਾਰ ਦੀ ਜਲਣ ਦਾ ਕਾਰਨ ਬਣ ਸਕਦਾ ਹੈ। ਅਸੀਂ ਇਸ ਸਬੰਧ ’ਚ ਵੀ ਕੋਈ ਟਿਪਣੀ ਨਹੀਂ ਕਰਦੇ।’’
ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਉਹ ਹਿੰਦੂ ਉਤਰਾਧਿਕਾਰੀ ਐਕਟ, 1956 ਦੀਆਂ ਧਾਰਾਵਾਂ ਨੂੰ ਚੁਨੌਤੀ ਦੇਣ ਵੇਲੇ ਸਾਵਧਾਨੀ ਨਾਲ ਅੱਗੇ ਵਧੇਗੀ ਅਤੇ ਉਹ ਹਿੰਦੂ ਸਮਾਜਕ ਢਾਂਚੇ ਅਤੇ ਇਸ ਦੇ ਬੁਨਿਆਦੀ ਸਿਧਾਂਤਾਂ ਨੂੰ ਤੋੜਨ ਤੋਂ ਸਾਵਧਾਨ ਰਹੇਗੀ ਜੋ ਹਜ਼ਾਰਾਂ ਸਾਲਾਂ ਤੋਂ ਮੌਜੂਦ ਹਨ। ਇਸ ਵਿਚ ਕਿਹਾ ਗਿਆ ਸੀ ਕਿ ਔਰਤਾਂ ਦੇ ਅਧਿਕਾਰ ਮਹੱਤਵਪੂਰਨ ਹਨ ਪਰ ਸਮਾਜਕ ਢਾਂਚੇ ਅਤੇ ਔਰਤਾਂ ਨੂੰ ਅਧਿਕਾਰ ਦੇਣ ਵਿਚ ਸੰਤੁਲਨ ਹੋਣਾ ਚਾਹੀਦਾ ਹੈ।