ਦ੍ਰਿਸ਼ਟੀਹੀਣ ਜੂਡੋ ਖਿਡਾਰਨ ਨੇ ਫਿਲਮ 'ਚ ਨਿਭਾਇਆ ਅਪਣਾ ਕਿਰਦਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫਿਲਮ ਵਿਚ ਕਿਸੇ ਅਦਾਕਾਰਾ ਨੇ ਨਹੀਂ ਸਗੋਂ, ਪ੍ਰਿਆ ਨੇ ਹੀ ਅਪਣਾ ਕਿਰਦਾਰ ਨਿਭਾਇਆ।

Judo player Priya

ਖੁਜਰਾਹੋ, ( ਭਾਸ਼ਾ) : ਹੋਸ਼ੰਗਾਬਾਦ ਦੇ ਨਿਮਸਾੜਿਆ ਪਿੰਡ ਦੀ ਦ੍ਰਿਸ਼ਟੀਹੀਣ ਲੜਕੀ ਪ੍ਰਿਆ ਕੌਮੀ ਪੱਧਰ ਦੀ ਜੂਡੋ ਦੀ ਖਿਡਾਰਨ ਹੈ। ਉਸ ਦਾ ਜੀਵਨ ਇਸ ਗੱਲ ਦਾ ਸਬੂਤ ਹੈ ਕਿ ਜੇਕਰ ਵਿਅਕਤੀ ਵਿਚ ਹਿੰਮਤ ਹੋਵੇ ਤਾਂ ਉਹ ਜਿੰਦਗੀ ਦੀ ਕਿਸੇ ਵੀ ਰੁਕਾਵਟ ਨੂੰ ਪਾਰ ਕਰ ਕੇ ਕਾਮਯਾਬ ਹੋ ਸਕਦਾ ਹੈ। ਪ੍ਰਿਆ ਜਨਮ ਤੋਂ ਹੀ ਦੇਖ ਨਹੀਂ ਸਕਦੀ। ਪਰ ਕੁਝ ਸਿੱਖਣ ਦਾ ਜਜ਼ਬਾ ਅਤੇ ਕੁਝ ਕਰ ਗੁਜ਼ਰਨ ਦੇ ਜਨੂਨ ਕਾਰਨ ਪ੍ਰਿਆ ਨੇ ਨਾ ਸਿਰਫ ਬਾਹਰਵੀਂ ਤੱਕ ਦੀ ਪੜ੍ਹਾਈ ਕੀਤੀ,

ਸਗੋਂ ਲਖਨਊ ਵਿਚ ਆਯੋਜਿਤ ਚੁਣੌਤੀਗ੍ਰਸਤਾਂ ਦੀਆਂ ਕੌਮੀ ਖੇਡਾਂ ਵਿਚ ਸੋਨ ਤਮਗਾ ਹਾਸਲ ਕੀਤਾ। ਪ੍ਰਿਆ ਦੀ ਇਸ ਉਪਲਬਧੀ 'ਤੇ ਅੱਠ ਮਿੰਟ ਦੀ ਇਕ ਛੋਟੀ ਫਿਲਮ 'ਮੇਰੀ ਉਡਾਨ' ਬਣਾਈ ਗਈ। ਇਸ ਫਿਲਮ ਵਿਚ ਕਿਸੇ ਅਦਾਕਾਰਾ ਨੇ ਨਹੀਂ ਸਗੋ, ਪ੍ਰਿਆ ਨੇ ਹੀ ਅਪਣਾ ਕਿਰਦਾਰ ਨਿਭਾਇਆ। ਖੁਜਰਾਹੋ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦੇ ਦੂਜੇ ਦਿਨ ਟੇਂਟ ਵਿਚ ਬਣੀ ਟਪਰਾ ਟਾਕੀਜ਼ ਵਿਖੇ ਦੇਸ਼ ਵਿਦੇਸ਼ ਦੀਆਂ ਫਿਲਮਾਂ ਦਿਖਾਈਆਂ ਗਈਆਂ।

ਇਹਨਾਂ ਫਿਲਮਾਂ ਦੀ ਦਰਸ਼ਕਾਂ ਵੱਲੋਂ ਸ਼ਲਾਘਾ ਕੀਤੀ ਗਈ। ਪਰ ਹੋਸ਼ੰਗਾਬਾਦ ਜਿਲ੍ਹੇ ਦੇ ਛੋਟੇ ਜਿਹੇ ਪਿੰਡ ਨਿਮਸਾੜਿਆ ਦੀ ਰਹਿਣ ਵਾਲੀ ਜੂਡੋ ਖਿਡਾਰਨ ਪ੍ਰਿਆ ਦੀ ਜਿੰਦਗੀ 'ਤੇ ਆਧਾਰਿਤ ਫਿਲਮ ਮੇਰੀ ਉਡਾਨ ਨੂੰ ਇਸ ਫੈਸਟੀਵਲ ਦੌਰਾਨ ਸੱਭ ਤੋਂ ਵੱਧ ਪ੍ਰਸੰਸਾ ਹਾਸਲ ਹੋਈ। ਪਰੇਸ਼ ਮਸੀਹ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਦੀ ਖਾਸੀਅਤ ਇਹ ਹੈ ਕਿ ਫਿਲਮ ਦਾ ਮੁੱਖ ਕਿਰਦਾਰ

ਜੂਡੋ ਦੀ ਕੌਮੀ ਖਿਡਾਰਨ ਪ੍ਰਿਆ ਨੇ ਹੀ ਨਿਭਾਇਆ ਹੈ। ਪ੍ਰਿਆ ਨੇ ਅਪਣੀ ਅਸਲ ਜਿੰਦਗੀ ਵਿਚ ਹੰਢਾਏ ਗਏ ਸੰਘਰਸ਼ ਨੂੰ ਫਿਲਮ ਵਿਚ ਵੀ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ। ਇਹ ਫਿਲਮ ਯਕੀਨੀ ਤੌਰ 'ਤੇ ਉਹਨਾਂ ਅਣਗਿਣਤ ਲੋਕਾਂ ਲਈ ਵੱਖਰੀ ਮਿਸਾਲ ਪੇਸ਼ ਕਰਦੀ ਹੈ ਜੋ ਸਰੀਰਕ ਪੱਖੋਂ ਚੁਣੌਤੀਗ੍ਰਸਤ ਹਨ।