Babu Singh Maan ਨੇ ਮੋਦੀ ਸਰਕਾਰ ਨੂੰ ਪਾਈ ਝਾੜ, ਮੋਦੀ ਸਰਕਾਰ ਪੰਜਾਬੀਆਂ ਨੂੰ ਵੋਟਾਂ ਸਮਝਦੀ ਹੈ|
ਸਰਕਾਰ ਦੇ ਪੈਰਾਂ ਹੋਠੋਂ ਜ਼ਮੀਨ ਖੁਸਕ ਜਾਣੀ ਹੈ ਪਰ ਜਿੱਤ ਕਿਸਾਨਾਂ ਦੀ ਹੀ ਹੋਣੀ ਹੈ
ਨਵੀਂ ਦਿੱਲੀ: (ਚਰਨਜੀਤ ਸਿੰਘ ਸੁਰਖਾਬ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ।
ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ। ਇਕੱਲੇ ਪੰਜਾਬ ਦੇ ਕਿਸਾਨ ਹੀ ਨਹੀਂ ਬਲਕਿ ਹਰਿਆਣਾ ਦੇ ਕਿਸਾਨ ਵੀ ਦਿੱਲੀ ਮੋਰਚੇ ਵਿਚ ਡਟੇ ਹੋਏ ਹਨ। ਕਲਾਕਾਰਾਂ ਦਾ ਵੀ ਪੂਰਾ ਸਮਰਥਨ ਮਿਲ ਰਿਹਾ ਹੈ।
ਸਪੋਕਸਮੈਨ ਦੇ ਪੱਤਰਕਾਰ ਵੱਲੋਂ ਉੱਘੇ ਗੀਤਕਾਰ ਬਾਬੂ ਸਿੰਘ ਮਾਨ ਨਾਲ ਗੱਲਬਾਤ ਕੀਤੀ। ਬਾਬੂ ਸਿੰਘ ਮਾਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਕਿਸਾਨ ਦਾ ਜ਼ਮੀਨ ਨਾਲ ਜਜ਼ਬਾਤੀ ਰਿਸ਼ਤਾ ਹੁੰਦਾ ਹੈ।
ਜ਼ਮੀਨ ਨਾਲ ਪੁੱਤ,ਧੀ ਵਾਲਾ ਰਿਸ਼ਤਾ ਹੁੰਦਾ ਹੈ। ਇਸ ਰਿਸ਼ਤੇ ਨੂੰ ਤੋੜਨ ਦਾ ਕੰਮ ਪੁਰਾਣੀਆਂ ਪੁਸ਼ਤਾਂ ਤੋਂ ਚੱਲਦਾ ਆ ਰਿਹਾ ਹੈ। ਉਹਨਾਂ ਕਿਹਾ ਕਿ ਇਸ ਰਿਸ਼ਤੇ ਨੂੰ ਤੋੜਨਾ ਇੱਕ ਤਰ੍ਹਾਂ ਦਾ ਰੂਹ ਨੂੰ ਚੀਰਨ ਵਾਲਾ ਕੰਮ ਹੈ ਤੇ ਜਦੋਂ ਰੂਹ ਚੀਰੀ ਜਾਵੇ ਉਦੋਂ ਫਿਰ ਦੁੱਖ ਤਾਂ ਹੁੰਦਾ ਹੈ ਤੇ ਉਹ ਦੁੱਖ ਬਹੁਤ ਦੂਰ ਤੱਕ ਜਾਂਦਾ ਹੈ।
ਇਹ ਜਜ਼ਬਾਤੀ ਹੈ, ਜਜ਼ਬਾਤ ਵਿਚੋਂ ਉਠਿਆ ਅੰਦੋਲਨ ਹੈ। ਉਹਨਾਂ ਕਿਹਾ ਕਿ ਸਾਡਾ ਰਿਸ਼ਤਾ ਹੀ ਜ਼ਮੀਨ ਨਾਲ ਹੁੰਦਾ ਹੈ, ਜੇ ਮੁੰਡੇ ਦਾ ਰਿਸ਼ਤਾ ਕਰਵਾਉਣਾ ਹੋਵੇ ਤਾਂ ਕੁੜੀ ਵਾਲੇ ਪਹਿਲਾਂ ਜ਼ਮੀਨ ਬਾਰੇ ਪੁੱਛਦੇ ਹਨ ਵੀ ਕਿੰਨੀ ਜ਼ਮੀਨ ਹੈ ਜੇ ਹੁਣ ਸਾਡੇ ਕੋਲੋਂ ਉਹ ਜ਼ਮੀਨ ਹੀ ਖੋਹ ਲੈਣਗੇ ਫਿਰ ਰਹਿ ਕੀ ਜਾਵੇਗਾ।
ਸਰਕਾਰ ਬੰਦਿਆਂ ਨੂੰ ਜਿਉਂਦਿਆਂ ਨੂੰ ਮਾਰ ਰਹੀ ਹੈ। ਸਰਕਾਰ ਕਹਿ ਰਹੀ ਹੈ ਵੀ ਇਹ ਗੁੰਮਰਾਹ ਹੋਏ ਹਨ ਇੱਕ ਬੰਦਾ ਗੁੰਮਰਾਹ ਹੋਵੇਗਾ, ਦੋ ਬੰਦੇ ਹੋਣਗੇ, ਕਰੋੜਾਂ ਬੰਦੇ ਤਾਂ ਨਹੀਂ ਹੋਣਗੇ ਗੁੰਮਰਾਹ। ਬਾਬੂ ਸਿੰਘ ਨੇ ਕਿਹਾ ਕਿ ਅਸੀਂ ਰੂਹ ਦੀਆਂ ਗੱਲਾਂ ਕਰਦੇ ਹਾਂ ਇਹ ਵੋਟਾਂ ਦੀਆਂ ਗੱਲਾਂ ਕਰਦੇ ਹਨ।
ਇਹ ਸਾਨੂੰ ਵੋਟਾਂ 'ਚ ਗਿਣਦੇ ਹਨ, ਇਹ ਸਾਨੂੰ ਬੰਦੇ ਨਹੀਂ ਗਿਣਦੇ। ਇਹ ਨਹੀਂ ਜਾਣਦੇ ਵੀ ਇਹਨਾਂ ਵਿਚ ਰੂਹ ਵੀ ਹੈ, ਇਹ ਵੀ ਪ੍ਰਮਾਤਮਾ ਦੇ ਜੀਅ ਹਨ। ਉਹਨਾਂ ਕਿਹਾ ਕਿ ਇਸ ਸਰਕਾਰ ਨੇ ਬਹੁਤ ਜਿਆਦਾ ਬਦਲਾਅ ਕਰਨ ਦੀ ਕੋਸ਼ਿਸ ਕੀਤੀ ਹੈ।
ਉਹਨਾਂ ਕਿ ਹੁਣ ਸਾਰੇ ਦੇਸ਼ ਦੇ ਕਿਸਾਨਾਂ ਨੂੰ ਪਤਾ ਲੱਗ ਰਿਹਾ ਹੈ ਕਿ ਐਮਐਸਪੀ ਕੀ ਹੈ, ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ ਵੀ ਐਮਐਸਪੀ ਹੁੰਦੀ ਕੀ ਹੈ। ਉਹਨਾਂ ਕਿਹਾ ਸਰਕਾਰ ਦੇ ਪੈਰਾਂ ਹੋਠੋਂ ਜ਼ਮੀਨ ਖੁਸਕ ਜਾਣੀ ਹੈ ਪਰ ਜਿੱਤ ਕਿਸਾਨਾਂ ਦੀ ਹੀ ਹੋਣੀ ਹੈ