2014 ਤੋਂ ਬਾਅਦ 6000 ਅੱਤਵਾਦੀਆਂ ਨੇ ਕੀਤਾ ਆਤਮ ਸਮਰਪਣ: ਅਨੁਰਾਗ ਠਾਕੁਰ
ਕਿਹਾ- ਜੰਮੂ-ਕਸ਼ਮੀਰ 'ਚ ਅੱਤਵਾਦੀ ਘਟਨਾਵਾਂ 'ਚ 168% ਕਮੀ ਆਈ
ਨਵੀਂ ਦਿੱਲੀ: ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਮੋਦੀ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਜੰਮੂ-ਕਸ਼ਮੀਰ 'ਚ ਅੱਤਵਾਦੀ ਘਟਨਾਵਾਂ 'ਚ 168 ਫੀਸਦੀ ਕਮੀ ਆਈ ਹੈ ਅਤੇ 2015 'ਚ “ਖੱਬੇ ਪੱਖੀ ਅੱਤਵਾਦ ਦੀਆਂ ਘਟਨਾਵਾਂ 'ਚ 265 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ।'' ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੀ 'ਅੱਤਵਾਦ ਪ੍ਰਤੀ ਜ਼ੀਰੋ-ਟੌਲਰੈਂਸ ਨੀਤੀ' ਹੈ। ਉਹਨਾਂ ਕਿਹਾ, ‘‘ਸਰਕਾਰ ਨੇ ਨਿਰਣਾਇਕ ਕਾਰਵਾਈ ਕੀਤੀ ਜਿਸ ਦੇ ਠੋਸ ਨਤੀਜੇ ਸਾਹਮਣੇ ਆਏ।’’
ਠਾਕੁਰ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ, ‘‘2016 ਵਿਚ ਸਰਜੀਕਲ ਸਟਰਾਈਕ ਉੜੀ ਹਮਲੇ ਦੇ ਜਵਾਬ ਵਿਚ ਕੀਤੀ ਗਈ ਸੀ। 2019 ਵਿਚ ਬਾਲਾਕੋਟ ਹਵਾਈ ਹਮਲੇ ਪੁਲਵਾਮਾ ਬੰਬ ਧਮਾਕੇ ਦੇ ਜਵਾਬ ਵਿਚ ਕੀਤੇ ਗਏ ਸਨ, ਇਸ ਲਈ ਇਹਨਾਂ ਸਾਰੀਆਂ ਨਿਰਣਾਇਕ ਕਾਰਵਾਈਆਂ ਦੇ ਠੋਸ ਨਤੀਜੇ ਸਾਹਮਣੇ ਆਏ ਹਨ”।
ਉਹਨਾਂ ਕਿਹਾ ਕਿ 2014 ਤੋਂ ਬਾਅਦ ਅੱਤਵਾਦ ਕਾਰਨ ਹਿੰਸਾ 'ਚ 80 ਫੀਸਦੀ ਕਮੀ ਆਈ, ਨਾਗਰਿਕਾਂ ਦੀਆਂ ਮੌਤਾਂ 'ਚ 89 ਫੀਸਦੀ ਕਮੀ ਆਈ ਅਤੇ 6000 ਅੱਤਵਾਦੀਆਂ ਨੇ ਆਤਮ ਸਮਰਪਣ ਕੀਤਾ। ਕੇਂਦਰੀ ਮੰਤਰੀ ਨੇ ਕਿਹਾ, ''ਜੰਮੂ-ਕਸ਼ਮੀਰ 'ਚ ਮੋਦੀ ਸਰਕਾਰ ਦੇ ਕਾਰਜਕਾਲ 'ਚ ਅੱਤਵਾਦੀ ਘਟਨਾਵਾਂ 'ਚ 168 ਫੀਸਦੀ ਦੀ ਕਮੀ ਆਈ ਹੈ ਅਤੇ ਅੱਤਵਾਦੀ ਫੰਡਿੰਗ ਦੇ ਮਾਮਲਿਆਂ 'ਚ ਦੋਸ਼ੀ ਠਹਿਰਾਏ ਜਾਣ ਦੀ ਦਰ 94 ਫੀਸਦੀ ਤੋਂ ਜ਼ਿਆਦਾ ਹੈ”। ਠਾਕੁਰ ਨੇ ਕਿਹਾ, ''ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਉੱਤਰ-ਪੂਰਬੀ ਖੇਤਰ 'ਚ ਸ਼ਾਂਤੀ ਦਾ ਦੌਰ ਸ਼ੁਰੂ ਹੋ ਗਿਆ ਹੈ।