ਤ੍ਰਿਣਮੂਲ ਕਾਂਗਰਸ ਸੰਸਦ ਮੈਂਬਰ ਨੇ ਉਤਾਰੀ ਸਪੀਕਰ ਅਤੇ ਚੇਅਰਮੈਨ ਦੀ ਨਕਲ, ਰਾਹੁਲ ਗਾਂਧੀ ਨੇ ਬਣਾਈ ਵੀਡੀਓ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਜ ਸਭਾ ਦੇ ਚੇਅਰਮੈਨ ਤੇ ਲੋਕ ਸਭਾ ਸਪੀਕਰ ਦੀ ਨਕਲ ਕਰਨਾ ਅਸਵੀਕਾਰਯੋਗ: ਧਨਖੜ 

File Phto

ਨਵੀਂ ਦਿੱਲੀ : ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਸੰਸਦ ਭਵਨ ਕੰਪਲੈਕਸ ’ਚ ਪ੍ਰਦਰਸ਼ਨ ਦੌਰਾਨ ਇਕ ਲੋਕ ਸਭਾ ਮੈਂਬਰ ਵਲੋਂ ਉਪ ਰਾਸ਼ਟਰਪਤੀ ਅਤੇ ਸਪੀਕਰ ਦੀ ਕਥਿਤ ਤੌਰ ’ਤੇ ਨਕਲ ਕਰਨ ਦੀ ਘਟਨਾ ’ਤੇ ਸਖ਼ਤ ਇਤਰਾਜ਼ ਜਤਾਇਆ ਹੈ। ਸੰਸਦ ਦੇ ਦੋਹਾਂ ਸਦਨਾਂ ਤੋਂ ਵਿਰੋਧੀ ਧਿਰ ਦੇ 90 ਤੋਂ ਵੱਧ ਮੈਂਬਰਾਂ ਨੂੰ ਮੁਅੱਤਲ ਕੀਤੇ ਜਾਣ ਦੇ ਵਿਰੋਧ ’ਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਮੰਗਲਵਾਰ ਨੂੰ ਸੰਸਦ ਕੰਪਲੈਕਸ ’ਚ ਪ੍ਰਦਰਸ਼ਨ ਕੀਤਾ ਅਤੇ ਸਦਨ ਦੀ ‘ਮੌਕ ਕਾਰਵਾਈ’ ਕੀਤੀ। ਮੁਅੱਤਲ ਸੰਸਦ ਮੈਂਬਰਾਂ ਨੇ ਨਵੇਂ ਸੰਸਦ ਭਵਨ ਦੇ ਮਕਰ ਗੇਟ ’ਤੇ ਧਰਨਾ ਦਿਤਾ। 

ਇਸ ਦੌਰਾਨ ਤ੍ਰਿਣਮੂਲ ਕਾਂਗਰਸ ਦੇ ਲੋਕ ਸਭਾ ਮੈਂਬਰ ਕਲਿਆਣ ਬੈਨਰਜੀ ਨੇ ਰਾਜ ਸਭਾ ਦੇ ਚੇਅਰਮੈਨ ਅਤੇ ਲੋਕ ਸਭਾ ਦੇ ਸਪੀਕਰ ਵਲੋਂ ਸਦਨਾਂ ਦੀ ਕਾਰਵਾਈ ਦੇ ਸੰਚਾਲਨ ਦੀ ਨਕਲ ਕੀਤੀ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੀ ਇਸ ਮੌਕੇ ’ਤੇ ਖੜੇ ਸਨ ਅਤੇ ਉਹ ਬੈਨਰਜੀ ਦੀ ਮੋਬਾਈਲ ਫੋਨ ’ਤੇ ਵੀਡੀਉ ਬਣਾਉਂਦੇ ਨਜ਼ਰ ਆਏ।

ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਸੰਸਦ ਭਵਨ ’ਚ ਮਹਾਤਮਾ ਗਾਂਧੀ ਦੀ ਮੂਰਤੀ ਸਾਹਮਣੇ ਪ੍ਰਦਰਸ਼ਨ ਕੀਤਾ, ਜਿਸ ’ਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਵੀ ਹਿੱਸਾ ਲਿਆ। ਸਦਨ ਦੀ ਕਾਰਵਾਈ ਇਕ ਵਾਰ ਮੁਲਤਵੀ ਹੋਣ ਤੋਂ ਬਾਅਦ ਦੁਪਹਿਰ 12 ਵਜੇ ਸ਼ੁਰੂ ਹੁੰਦੇ ਹੀ ਚੇਅਰਮੈਨ ਧਨਖੜ ਨੇ ਇਸ ਘਟਨਾ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਅਜਿਹਾ ਗੈਰ-ਸੰਸਦੀ ਵਿਵਹਾਰ ਸਵੀਕਾਰ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਕਿਹਾ, ‘‘ਮੈਂ ਇਸ ਨੂੰ ਕੁਝ ਸਮਾਂ ਪਹਿਲਾਂ ਇਕ ਟੀ.ਵੀ. ਚੈਨਲ ’ਤੇ ਵੇਖਿਆ ਸੀ... ਗਿਰਾਵਟ ਦੀ ਕੋਈ ਸੀਮਾ ਨਹੀਂ ਹੈ... ਇਕ ਵੱਡਾ ਸਿਆਸਤਦਾਨ ਇਕ ਸੰਸਦ ਮੈਂਬਰ ਦੇ ਗੈਰ-ਸੰਸਦੀ ਵਿਹਾਰ ਨੂੰ ਫਿਲਮਾ ਰਿਹਾ ਸੀ... ਤੁਹਾਡੇ ਨਾਲੋਂ ਬਹੁਤ ਵੱਡੇ ਨੇਤਾ ਹਨ... ਮੈਂ ਸਿਰਫ ਇਹ ਕਹਿ ਸਕਦਾ ਹਾਂ ਕਿ ਉਨ੍ਹਾਂ ਨੂੰ ਚੰਗੀ ਮੱਤ ਆਵੇ... ਕੋਈ ਤਾਂ ਹੱਦ ਹੋਵੇ... ਕੁਝ ਥਾਵਾਂ ਨੂੰ ਛੱਡ ਦਿਉ।’’

ਜਦੋਂ ਇਕ ਮੈਂਬਰ ਨੇ ਇਸ ਬਾਰੇ ਵਿਸਥਾਰ ਨਾਲ ਜਾਣਨਾ ਚਾਹਿਆ ਤਾਂ ਧਨਖੜ ਨੇ ਕਿਹਾ ਕਿ ਰਾਜ ਸਭਾ ਦੇ ਚੇਅਰਮੈਨ ਅਤੇ ਲੋਕ ਸਭਾ ਸਪੀਕਰ ਦਾ ਦਫਤਰ ਬਹੁਤ ਵੱਖਰਾ ਹੈ, ਦੂਜੇ ਪਾਸੇ ਸਿਆਸੀ ਪਾਰਟੀਆਂ ਵਿਚਾਲੇ ਲਗਾਤਾਰ ਟਿਪਣੀ ਹੁੰਦੀ ਰਹਿੰਦੀ ਹੈ। ਉਨ੍ਹਾਂ ਕਿਹਾ, ‘‘ਪਰ ਅਪਣੀ ਪਾਰਟੀ ਦੇ ਕਿਸੇ ਵੱਡੇ ਨੇਤਾ ਦੀ ਕਲਪਨਾ ਕਰੋ... ਸੀਨੀਅਰ ਆਗੂ... ਇਕ ਹੋਰ ਪਾਰਟੀ ਦੇ ਸੀਨੀਅਰ ਮੈਂਬਰ ਦੀ ਵੀਡੀਉਗ੍ਰਾਫੀ ਕਰ ਰਿਹਾ ਸੀ। ਰਾਜ ਸਭਾ ਦੇ ਚੇਅਰਮੈਨ ਦੀ ਨਕਲ ਕਰ ਰਿਹਾ ਸੀ, ਲੋਕ ਸਭਾ ਦੇ ਸਪੀਕਰ ਦੀ ਨਕਲ ਕਰ ਰਿਹਾ। ਕਿੰਨੀ ਗਲਤ ਗੱਲ ਹੈ... ਕਿੰਨੀ ਸ਼ਰਮਿੰਦਗੀ ਦੀ ਗੱਲ ਹੈ। ਇਹ ਅਸਵੀਕਾਰਯੋਗ ਹੈ।’’

ਇਸ ਦੌਰਾਨ ਸਮਾਜਵਾਦੀ ਪਾਰਟੀ ਦੀ ਜਯਾ ਬੱਚਨ ਨੇ ਕਿਹਾ ਕਿ ਸਦਨ ਦੀ ਕਾਰਵਾਈ ’ਚ ਹਿੱਸਾ ਲੈਣ ਲਈ ਮੈਂਬਰ ਦੂਰ-ਦੁਰਾਡੇ ਤੋਂ ਆਉਂਦੇ ਹਨ ਪਰ ਉਨ੍ਹਾਂ ਨੂੰ ਬੋਲਣ ਦਾ ਮੌਕਾ ਨਹੀਂ ਦਿਤਾ ਜਾ ਰਿਹਾ। ਧਨਖੜ ਨੇ ਉਨ੍ਹਾਂ ਨੂੰ ਅਪਣੀਆਂ ਸੀਟਾਂ ’ਤੇ ਬੈਠਣ ਲਈ ਕਿਹਾ। ਕਾਂਗਰਸ ਦੇ ਦੀਪੇਂਦਰ ਸਿੰਘ ਹੁੱਡਾ ਨੇ ਕੁਝ ਕਹਿਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਵਿਰੋਧੀ ਧਿਰ ਦੇ ਕੁਝ ਹੋਰ ਮੈਂਬਰ ਸੰਸਦ ਦੀ ਸੁਰੱਖਿਆ ’ਚ ਕਮੀ ਦੇ ਮੁੱਦੇ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਬਿਆਨ ਦੀ ਮੰਗ ਕਰ ਰਹੇ ਸਨ। ਧਨਖੜ ਨੇ ਇਸ ਤੋਂ ਬਾਅਦ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤਕ ਮੁਲਤਵੀ ਕਰ ਦਿੱਤੀ।     

ਇਥੇ ਹੀ ਬਸ ਨਹੀਂ, ਦੁਪਹਿਰ 2 ਵਜੇ ਜਿਵੇਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ, ਕੁਝ ਵਿਰੋਧੀ ਮੈਂਬਰਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿਤਾ, ਧਨਖੜ ਨੇ ਇਕ ਵਾਰ ਫਿਰ ਅਪਣੀ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਕਿਹਾ, ‘‘ਤੁਹਾਨੂੰ ਨਹੀਂ ਪਤਾ ਕਿ ਇਸ ਸੰਸਥਾ ਵਿਰੁਧ ਲੋਕਾਂ ਦੀ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਹੈ ਅਤੇ ਅੱਜ ਸਾਨੂੰ ਇਸ ਦੇ ਸਭ ਤੋਂ ਹੇਠਲੇ ਪੱਧਰ ਨੂੰ ਵੇਖਣ ਦਾ ਮੌਕਾ ਮਿਲਿਆ।’’ ਉਨ੍ਹਾਂ ਨੇ ਕਾਂਗਰਸ ਮੈਂਬਰ ਪੀ. ਚਿਦੰਬਰਮ ਨੂੰ ਕਿਹਾ, ‘‘ਤੁਸੀਂ ਬਹੁਤ ਸੀਨੀਅਰ ਮੈਂਬਰ ਹਨ ਅਤੇ ਤੁਹਾਨੂੰ ਸੋਚਣਾ ਚਾਹੀਦਾ ਹੈ ਕਿ ਮੇਰੇ ਦਿਲ ਵਿਚ ਕੀ ਚੱਲ ਰਿਹਾ ਹੋਵੇਗਾ ਜਦੋਂ ਤੁਹਾਡਾ ਇਕ ਸੀਨੀਅਰ ਨੇਤਾ ਇਕ ਸੰਸਦ ਮੈਂਬਰ ਵਲੋਂ ਮੇਰੇ ’ਤੇ ਨਿੱਜੀ ਤੌਰ ’ਤੇ ਹਮਲਾ ਕਰ ਕੇ ਚੇਅਰਮੈਨ ਦਾ ਮਜ਼ਾਕ ਉਡਾਉਣ ਦੀ ਵੀਡੀਉਗ੍ਰਾਫੀ ਕਰ ਰਿਹਾ ਸੀ।’’

ਉਨ੍ਹਾਂ ਕਿਹਾ ਕਿ ਇਹ ਸਿਰਫ ਇਕ ਕਿਸਾਨ ਅਤੇ ਭਾਈਚਾਰੇ ਦਾ ਅਪਮਾਨ ਨਹੀਂ ਹੈ, ਇਹ ਰਾਜ ਸਭਾ ਦੇ ਚੇਅਰਮੈਨ ਦੇ ਅਹੁਦੇ ਦਾ ਵੀ ਅਪਮਾਨ ਹੈ ਅਤੇ ਉਹ ਵੀ ਇਕ ਸਿਆਸੀ ਪਾਰਟੀ ਦੇ ਮੈਂਬਰ ਵਲੋਂ ਜਿਸ ਨੇ ਇੰਨੇ ਲੰਮੇ ਸਮੇਂ ਤਕ ਦੇਸ਼ ’ਤੇ ਰਾਜ ਕੀਤਾ ਹੈ। ਉਨ੍ਹਾਂ ਕਿਹਾ, ‘‘ਤੁਸੀਂ ਕਾਂਗਰਸ ਪਾਰਟੀ ਦੇ ਟਵਿੱਟਰ ਹੈਂਡਲ ਦੀ ਵਰਤੋਂ ਮੇਰਾ ਅਪਮਾਨ ਕਰਨ, ਕਿਸਾਨ ਵਜੋਂ ਮੇਰੇ ਪਿਛੋਕੜ ਦਾ ਅਪਮਾਨ ਕਰਨ, ਜਾਟ ਵਜੋਂ ਮੇਰੇ ਅਹੁਦੇ ਦਾ ਅਪਮਾਨ ਕਰਨ, ਚੇਅਰਮੈਨ ਵਜੋਂ ਮੇਰੇ ਅਹੁਦੇ ਦਾ ਅਪਮਾਨ ਕਰਨ ਲਈ ਕੀਤੀ। ਇਹ ਮੁੱਦੇ ਬਹੁਤ ਗੰਭੀਰ ਹਨ।’’

ਇਸ ਤੋਂ ਬਾਅਦ ਚੇਅਰਮੈਨ ਨੇ ਉੱਚ ਸਦਨ ਦੀ ਕਾਰਵਾਈ ਦੁਪਹਿਰ 3 ਵਜੇ ਤਕ ਮੁਲਤਵੀ ਕਰ ਦਿਤੀ। ਇਸ ਤੋਂ ਪਹਿਲਾਂ ਸੰਸਦ ਦੀ ਸੁਰੱਖਿਆ ’ਚ ਲਾਪਰਵਾਹੀ ਅਤੇ ਮੈਂਬਰਾਂ ਦੀ ਮੁਅੱਤਲੀ ਵਾਪਸ ਲੈਣ ਦੀ ਮੰਗ ਦੇ ਮੁੱਦੇ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ’ਤੇ ਰਾਜ ਸਭਾ ’ਚ ਹੰਗਾਮਾ ਹੋਇਆ ਜਦੋਂ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਈ, ਜਿਸ ਕਾਰਨ ਉੱਚ ਸਦਨ ਦੀ ਕਾਰਵਾਈ ਪਹਿਲਾਂ ਦੁਪਹਿਰ 12 ਵਜੇ ਤਕ ਅਤੇ ਫਿਰ ਦੁਪਹਿਰ 2 ਵਜੇ ਤਕ ਮੁਲਤਵੀ ਕਰ ਦਿੱਤੀ ਗਈ।