ਇਸ ਮਹੀਨੇ ਦੇ ਆਖਰ ਤੱਕ ਦੇਸ਼ ਦੇ ਹਰ ਘਰ 'ਚ ਹੋਵੇਗਾ ਬਿਜਲੀ ਕੁਨੈਕਸ਼ਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਭਾਗਿਆ ਦੀ ਵੈਬਸਾਈਟ ਮੁਤਾਬਕ ਚਾਰ ਰਾਜਾਂ ਵਿਚ ਲਗਭਗ 3.58 ਪਰਵਾਰਾਂ ਤੱਕ ਬਿਜਲੀ ਪਹੁੰਚਾਉਣ ਦਾ ਕੰਮ ਬਾਕੀ ਹੈ।

Saubhagya Yojana

ਨਵੀਂ ਦਿੱਲੀ : ਦੇਸ਼ ਦੇ ਹਰ ਘਰ ਵਿਚ ਇਸ ਮਹੀਨੇ ਦੇ ਆਖਰ ਤੱਕ ਬਿਜਲੀ ਦੀ ਪਹੁੰਚ ਨੂੰ ਯਕੀਨੀ ਬਣਾਇਆ ਜਾਵੇਗ। ਇਸ ਦੇ ਲਈ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ  ਸੁਭਾਗਿਆ ਯੋਜਨਾ ਅਧੀਨ 2.44 ਕਰੋੜ ਪਰਵਾਰਾਂ ਨੂੰ ਬਿਜਲੀ ਕੁਨੈਕਸ਼ਨ ਮਿਲ ਚੁੱਕਾ ਹੈ। ਯੋਜਨਾ ਦਾ ਮੁੱਖ ਟੀਚਾ 2.48 ਕਰੋੜ ਪਰਵਾਰਾਂ ਤੱਕ ਬਿਜਲੀ ਪਹੁੰਚਾਉਣ ਦਾ ਹੈ। ਸਰਕਾਰ ਨੇ ਪ੍ਰਧਾਨ ਮੰਤਰੀ ਸਹਿਜ ਬਿਜਲੀ ਹਰ ਘਰ ਯੋਜਨਾ ਦੀ ਸ਼ੁਰੂਆਤ ਸਤੰਬਰ 2017 ਵਿਚ ਕੀਤੀ ਸੀ। ਇਸ ਦਾ ਬਜਟ 16,230 ਕਰੋੜ ਰੁਪਏ ਹੈ।

ਇਕ ਅਧਿਕਾਰੀ ਨੇ ਦੱਸਿਆ ਕਿ ਸੁਭਾਗਿਆ ਯੋਜਨਾ ਅਧੀਨ ਨਿਰਧਾਰਤ ਕੀਤੇ ਗਏ 100 ਫ਼ੀ ਸਦੀ ਘਰਾਂ ਦੇ ਬਿਜਲੀਕਰਨ ਦੇ ਟੀਚੇ ਨੂੰ ਇਸ ਮਹੀਨੇ ਦੇ ਆਖਰ ਤੱਕ ਪੂਰਾ ਕਰ ਲਿਆ ਜਾਵੇਗਾ। ਅਧਿਕਾਰੀ ਨੇ ਕਿਹਾ ਕਿ ਹਰ ਰੋਜ਼ 30,000 ਪਰਵਾਰਾਂ ਨੂੰ ਬਿਜਲੀ ਦਾ ਕੁਨੈਕਸ਼ਨ ਉਪਲਬਧ ਕਰਵਾਇਆ ਜਾ ਰਿਹਾ ਹੈ। ਬਾਕੀ ਬਚੇ ਲਗਭਗ ਚਾਰ ਲੱਖ ਪਰਵਾਰਾਂ ਨੂੰ ਇਸ ਮਹੀਨੇ ਦੇ ਆਖਰ ਤਕ ਬਿਜਲੀ ਕੁਨੈਕਸ਼ਨ ਉਪਲਬਧ ਹੋ ਜਾਵੇਗਾ। ਦੇਸ਼ ਦੇ 100 ਫ਼ੀ ਸਦੀ ਘਰਾਂ ਤੱਕ ਬਿਜਲੀ ਪਹੁੰਚਾਉਣਾ ਸਾਡਾ ਟੀਚਾ ਸੀ।

ਹਾਲਾਂਕਿ ਇਸ ਨੂੰ ਨਿਰਧਾਰਤ ਮਿਆਦ ਦਸੰਬਰ 2018 ਦੀ ਹੱਦ ਤੱਕ ਪੂਰਾ ਨਹੀਂ ਕੀਤਾ ਜਾ ਸਕਿਆ। ਕੇਂਦਰੀ ਬਿਜਲੀ ਮੰਤਰੀ ਆਰ.ਕੇ.ਸਿੰਘ ਦੀ ਅਗਵਾਈ ਵਿਚ ਜੁਲਾਈ 2018 ਵਿਚ ਰਾਜਾਂ ਦੇ ਬਿਜਲੀ ਮੰਤਰੀਆਂ ਦੀ ਸ਼ਿਮਲਾ ਵਿਚ ਹੋਈ ਬੈਠਕ ਦੌਰਾਨ ਸੁਭਾਗਿਆ ਯੋਜਨਾ ਨੂੰ 31 ਮਾਰਚ 2019 ਦੇ ਅਸਲ ਟੀਚੇ ਦੀ ਬਜਾਏ 31 ਦਸੰਬਰ 2018 ਤੱਕ ਪੂਰਾ ਕਰਨ ਦਾ ਟੀਚਾ ਮਿੱਥਿਆ ਗਿਆ ਸੀ।

ਅਧਿਕਾਰੀ ਮੁਤਾਬਕ ਕੁਝ ਰਾਜਾਂ ਵਿਚ ਚੋਣਾਂ ਅਤੇ ਮਾਓਵਾਦੀ ਸਮੱਸਿਆਵਾਂ ਕਾਰਨ ਕੰਮ ਦੀ ਰਫਤਾਰ 'ਤੇ ਅਸਰ ਪਿਆ ਹੈ। ਜਦਕਿ ਕੁਝ ਰਾਜਾਂ ਵਿਚ ਠੇਕੇਦਾਰਾਂ ਨਾਲ ਜੁੜੇ ਮੁੱਦੇ ਵੀ ਸਾਹਮਣੇ ਆਏ। ਸੁਭਾਗਿਆ ਦੀ ਵੈਬਸਾਈਟ ਮੁਤਾਬਕ ਚਾਰ ਰਾਜਾਂ ਵਿਚ ਲਗਭਗ 3.58 ਪਰਵਾਰਾਂ ਤੱਕ ਬਿਜਲੀ ਪਹੁੰਚਾਉਣ ਦਾ ਕੰਮ ਬਾਕੀ ਹੈ। ਬਾਕੀ ਰਹਿੰਦੇ ਪਰਵਾਰਾਂ ਵਿਚ ਅਸਮ ਦੇ 1,63,016, ਰਾਜਸਥਾਨ ਦੇ 88,219, ਮੇਘਾਲਿਆ ਦੇ 86,317 ਅਤੇ ਛੱਤੀਸਗੜ੍ਹ  ਦੇ 20,293 ਪਰਵਾਰ ਸ਼ਾਮਲ ਹਨ।