ਚੰਗਾ ਸੀ ਇੰਡੀਆ ‘ਚ ਨਾ ਹੀ ਜੰਮਦੇ, Modi ਸਰਕਾਰ ਤਾਂ ਨਾ ਦੇਖਣੀ ਪੈਂਦੀ: Rupinder Handa
ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ਼...
ਨਵੀਂ ਦਿੱਲੀ (ਮਨੀਸ਼ਾ): ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ਼ ਦਿੱਲੀ ਦੇ ਬਾਰਡਰਾਂ ‘ਤੇ ਡਟੇ ਹੋਏ ਹਨ। ਕਿਸਾਨੀ ਮੋਰਚੇ ‘ਤੇ ਦਿਨ-ਰਾਤ ਡਟੇ ਕਿਸਾਨਾਂ ਦੇ ਹੌਂਸਲਿਆਂ ਨੂੰ ਬੁਲੰਦ ਕਰਨ ਲਈ ਲਗਾਤਾਰ ਵੱਖ-ਵੱਖ ਗਾਇਕਾ ਵੱਲੋਂ ਦਿੱਲੀ ਦੇ ਬਾਰਡਰਾਂ ‘ਤੇ ਕਿਸਾਨ ਅੰਦੋਲਨ ਵਿਚ ਸ਼ਿਰਕਤ ਕੀਤੀ ਗਈ ਹੈ।
ਉਥੇ ਹੀ ਅੱਜ ਪੰਜਾਬੀ ਗਾਇਕਾ ਅਤੇ ਅਦਾਕਾਰਾ ਰੁਪਿੰਦਰ ਹਾਂਡਾ ਉਚੇਚੇ ਤੌਰ ‘ਤੇ ਕਿਸਾਨੀ ਮੋਰਚੇ ‘ਤੇ ਪਹੁੰਚੇ ਉਨ੍ਹਾਂ ਨੇ ਹਮੇਸ਼ਾਂ ਹੀ ਆਪਣੇ ਗੀਤਾਂ ਰਾਹੀਂ ਹੱਕ ਸੱਚ ਦੀ ਗੱਲ ਕੀਤੀ ਹੈ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫ਼ੁੱਲਤ ਵੀ ਕੀਤਾ ਹੈ। ਕਿਸਾਨ ਜਥੇਬੰਦੀਆਂ, ਗਾਇਕਾਂ ਨੂੰ ਐਨ.ਆਈ.ਏ ਵੱਲੋਂ ਭੇਜੇ ਗਏ ਨੋਟਿਸਾਂ ਨੂੰ ਲੈ ਹਾਂਡਾ ਨੇ ਕਿਹਾ ਕਿ ਸਰਕਾਰ ਬਹੁਤ ਬੁਰੀ ਤਰ੍ਹਾਂ ਡਰੀ ਹੋਈ ਹੈ ਤੇ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਕੀ ਕੀਤਾ ਜਾਵੇ ਕਿਉਂਕਿ ਸਰਕਾਰ ਅਪਣੀ ਬਦਨੀਤੀ ਦੀ ਚਾਲ ਨਾਲ ਇਸ ਅੰਦੋਲਨ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਪਰ ਮੋਦੀ ਸਰਕਾਰ ਨੂੰ ਨਹੀਂ ਪਤਾ ਕਿ ਕਿੰਨਾਂ ਨਾਲ ਪੇਚਾ ਪਿਆ ਹੈ।
ਉਨ੍ਹਾਂ ਨੇ ਦੇਸ਼ ਦੇ ਮੀਡੀਆ, ਕਿਸਾਨ ਜਥੇਬੰਦੀਆਂ ਅਤੇ ਗਾਇਕਾਂ ਦਾ ਵੀ ਧਨਵਾਦ ਕੀਤਾ ਕਿਉਂਕਿ ਉਨ੍ਹਾਂ ਨੇ ਪੂਰੀ ਦੁਨੀਆਂ ‘ਚ ਇਸ ਸੰਘਰਸ਼ ਨੂੰ ਪਹੁੰਚਾਉਣ ਲਈ ਪੂਰਾ ਯੋਗਦਾਨ ਪਾਇਆ ਹੈ ਤਾਂ ਹੀ ਇਹ ਸੰਘਰਸ਼ ਹੁਣ ਸੰਯੋਕਤ ਸੰਘਰਸ ਬਣ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਨੂੰ ਭਾਰਤ ਸਮੇਤ ਸਾਰੇ ਦੇਸ਼ਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਦੀ ਜਨਤਾ ‘ਤੇ ਰਹਿਮ ਕਰਕੇ ਇਹ ਕਾਨੂੰਨ ਜਲਦ ਰੱਦ ਕਰ ਦੇਣੇ ਚਾਹੀਦੇ ਹਨ ਤਾਂ ਜੋ ਕਿਸਾਨ ਭਰਾ, ਲੋਕ ਆਪੋ-ਆਪਣੇ ਘਰਾਂ ਨੂੰ ਵਾਪਸ ਜਾਣ।
ਹਾਂਡਾ ਨੇ ਮੋਦੀ ਸਰਕਾਰ ਨੂੰ ਲਾਹਨਤਾਂ ਪਾਉਂਦਿਆਂ ਕਿਹਾ ਕਿ ਇੰਡੀਆ ਵਿਚ ਲੋਕਤੰਤਰ ਨਹੀਂ ਹੈ ਇੱਥੇ ਸਿਰਫ਼ ਮੋਦੀ ਵੱਲੋਂ ਤਾਨਾਸ਼ਾਹੀ ਚਲਾਈ ਜਾ ਰਹੀ ਹੈ ਕਿਉਂਕਿ ਸਰਕਾਰ ਵੱਲੋਂ ਹੁਕਮ ਦੇ ਦਿੱਤਾ ਜਾਂਦਾ ਪਰ ਲੋਕਤੰਤਰ ਕੀ ਕਹਿ ਰਿਹਾ ਉਨ੍ਹਾਂ ਦੀ ਆਵਾਜ਼ ਨੂੰ ਸਰਕਾਰ ਅਣਗੌਲਿਆ ਕਰਦੀ ਜਾ ਰਹੀ ਹੈ, ਨਾਲ ਉਨ੍ਹਾਂ ਕਿਹਾ ਕਿ ਮੈਨੂੰ ਇੰਡੀਆ ਵਿਚ ਜੰਮਣ ‘ਤੇ ਸ਼ਰਮ ਮਹਿਸੂਸ ਹੋ ਰਹੀ ਹੈ ਕਿਉਂਕਿ ਮੋਦੀ ਸਰਕਾਰ ਨੂੰ ਦੇਖਣ ਨਾਲੋਂ ਤਾਂ ਚੰਗਾ ਹੁੰਦਾ ਕਿ ਇੰਡੀਆ ਵਿਚ ਨਾ ਹੀ ਜੰਮਦੇ।
ਉਨ੍ਹਾਂ ਕਿਹਾ ਕਿ ਪੀਐਮ ਮੋਦੀ ਆਪਣਾ ਅਡੀਅਲ ਰਵੱਈਆਂ ਛੱਡ ਦੇਣ ਕਿਉਂਕਿ ਉਨ੍ਹਾਂ ਦੀ ਨੀਤੀ ਹੈ ਕਿ ਜੋ ਮੈਂ ਕਹਿ ਦਿੱਤਾ ਉਹ ਹੁਕਮ ਕੋਈ ਵਾਪਸ ਨਹੀਂ ਕਰਵਾ ਸਕਦਾ ਪਰ ਮੋਦੀ ਨੂੰ ਆਪਣੀ ਜ਼ਿੱਦ ਛੱਡਕੇ ਕਾਨੂੰਨ ਜਲਦ ਰੱਦ ਕਰ ਦੇਣੇ ਚਾਹੀਦੇ ਹਨ।