ਕਿਸਾਨਾਂ ਕੋਲ ਪਹੁੰਚ ਰਹੇ ਕੋਰਟ ਦੇ ਸੰਮਨ, ਗੁਰਨਾਮ ਚੜੂਨੀ ਨੇ ਕਿਹਾ- ਘਬਰਾਉਣ ਦੀ ਲੋੜ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਖ਼ਿਲਾਫ਼ ਕਈ ਕੇਸ ਦਰਜ ਕੀਤੇ ਗਏ ਸਨ ਅਤੇ ਇਹ ਕੇਸ ਅਦਾਲਤ ਵਿਚ ਚੱਲ ਰਹੇ ਹਨ।

Gurnam Singh Charuni

 

ਚੰਡੀਗੜ੍ਹ: ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਖ਼ਿਲਾਫ਼ ਕਈ ਕੇਸ ਦਰਜ ਕੀਤੇ ਗਏ ਸਨ ਅਤੇ ਇਹ ਕੇਸ ਅਦਾਲਤ ਵਿਚ ਚੱਲ ਰਹੇ ਹਨ। ਭਾਵੇਂ ਸਰਕਾਰ ਨੇ ਇਹਨਾਂ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਪਰ ਕਿਸਾਨਾਂ ਨੂੰ ਅਦਾਲਤ ਵਲੋਂ ਸੰਮਨ ਪਹੁੰਚ ਰਹੇ ਹਨ। ਇਸ ਦੇ ਚਲਦਿਆਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਨਾ ਘਬਰਾਉਣ।

Gurnam Singh Charuni

ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਹਰਿਆਣਾ ਦੇ ਕਈ ਕਿਸਾਨਾਂ ਨੂੰ ਨੋਟਿਸ ਆ ਰਹੇ ਹਨ। ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਸਮਾਪਤੀ ਸਮੇਂ ਸਰਕਾਰ ਨੇ ਕੇਸ ਵਾਪਸ ਲੈਣ ਦਾ ਫੈਸਲਾ ਕੀਤਾ ਸੀ। ਹਾਲਾਂਕਿ ਅਦਾਲਤੀ ਕੇਸਾਂ ਵਿਚ ਸਮਾਂ ਲੱਗਦਾ ਹੈ। ਜੇ ਕਿਸੇ ਕਿਸਾਨ ਵੀਰ ਨੂੰ ਸੰਮਨ ਆ ਜਾਵੇ ਤਾਂ ਉਹ ਸੰਮਨ ਨਾ ਲੈਣ। ਜੇਕਰ ਉਹ ਸੰਮਨ ਲੈ ਵੀ ਲੈਂਦੇ ਹਨ ਤਾਂ ਅਦਾਲਤ ਵਿਚ ਪੇਸ਼ ਹੋਣ ਦੀ ਲੋੜ ਨਹੀਂ ਹੈ।

Farmers Protest

ਗੁਰਨਾਮ ਸਿੰਘ ਚੜੂਨੀ ਨੇ ਦੱਸਿਆ ਕਿ ਇਸ ਸਬੰਧੀ ਸੀਆਈਡੀ ਮੁਖੀ ਨਾਲ ਪਹਿਲਾਂ ਵੀ ਦੋ ਮੀਟਿੰਗਾਂ ਹੋ ਚੁੱਕੀਆਂ ਹਨ। ਆਉਣ ਵਾਲੇ ਸਮੇਂ ਵਿਚ ਵੀ ਮੀਟਿੰਗ ਹੋਵੇਗੀ। ਉਹਨਾਂ ਕਿਹਾ ਕਿ ਸਰਕਾਰ ਨੇ ਜੋ ਫੈਸਲਾ ਲਿਆ ਹੈ, ਉਸ 'ਤੇ ਨਜ਼ਰ ਰੱਖੀ ਜਾ ਰਹੀ ਹੈ। ਕਿਸਾਨ ਉਡੀਕ ਕਰ ਰਹੇ ਹਨ। ਘਬਰਾਉਣ ਦੀ ਲੋੜ ਨਹੀਂ। ਜਿਵੇਂ ਹੀ ਹਦਾਇਤਾਂ ਆਉਣਗੀਆਂ, ਕਿਸਾਨਾਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ।

Gurnam Singh Charuni

ਦੱਸ ਦੇਈਏ ਕਿ ਹਰਿਆਣਾ ਵਿਚ ਕਿਸਾਨ ਅੰਦੋਲਨ ਦੌਰਾਨ ਕਰੀਬ 276 ਕੇਸ ਦਰਜ ਕੀਤੇ ਗਏ ਸਨ। ਇਹਨਾਂ ਵਿਚੋਂ 4 ਮਾਮਲੇ ਗੰਭੀਰ ਹਨ। ਪੁਲਿਸ ਵਲੋਂ ਦਰਜ 272 ਕੇਸਾਂ ਵਿਚੋਂ 178 ਕੇਸਾਂ ਵਿਚ ਚਾਰਜਸ਼ੀਟ ਤਿਆਰ ਕੀਤੀ ਗਈ। 158 ਕੇਸ ਅਜੇ ਵੀ ਟਰੇਸ ਨਹੀਂ ਹੋਏ। 8 ਦੀ ਕੈਂਸਲੇਸ਼ਨ ਰਿਪੋਰਟ ਤਿਆਰ ਕਰ ਲਈ ਗਈ ਹੈ। ਚਾਰ ਕੇਸਾਂ ਦੀਆਂ ਕੈਂਸਲੇਸ਼ਨ ਰਿਪੋਰਟਾਂ ਦਾਇਰ ਕੀਤੀਆਂ ਗਈਆਂ ਹਨ। 29 ਕੇਸਾਂ ਨੂੰ ਰੱਦ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ।