ਫਲਾਈਟ 'ਚ ਔਰਤ 'ਤੇ ਪਿਸ਼ਾਬ ਕਰਨ ਦਾ ਮਾਮਲਾ: ਏਅਰ ਇੰਡੀਆ ਨੂੰ ਲੱਗਿਆ 30 ਲੱਖ ਰੁਪਏ ਜੁਰਮਾਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਾਇਲਟ ਨੂੰ 3 ਮਹੀਨਿਆਂ ਲਈ ਕੀਤਾ ਗਿਆ ਮੁਅੱਤਲ 

representational Image

ਨਵੀਂ ਦਿੱਲੀ :  ਏਅਰ ਇੰਡੀਆ ਦੀ ਫਲਾਈਟ 'ਚ ਪਿਸ਼ਾਬ ਦੀ ਘਟਨਾ ਲਈ ਏਅਰਲਾਈਨਜ਼ 'ਤੇ 30 ਲੱਖ ਦਾ ਜੁਰਮਾਨਾ ਲਗਾਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਾਇਲਟ ਨੂੰ ਵੀ 3 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੌਰਾਨ ਮੁਲਜ਼ਮ ਸ਼ੰਕਰ ਮਿਸ਼ਰਾ ਦੇ ਵਕੀਲਾਂ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ 'ਤੇ ਲਗਾਈ ਗਈ ਚਾਰ ਮਹੀਨਿਆਂ ਦੀ ਪਾਬੰਦੀ ਗਲਤ ਹੈ।

26 ਨਵੰਬਰ 2022 ਨੂੰ ਏਅਰ ਇੰਡੀਆਦੀ ਇੱਕ ਮਹਿਲਾ ਯਾਤਰੀ ਨਾਲ ਦੁਰਵਿਵਹਾਰ ਕਰਨ ਲਈ ਡੀਸੀਸੀਏ ਨੇ ਏਅਰਲਾਈਨ ਨੂੰ ਜੁਰਮਾਨਾ ਕੀਤਾ ਹੈ। ਫਲਾਈਟ ਦੇ ਪਾਇਲਟ-ਇਨ-ਕਮਾਂਡ ਦਾ ਲਾਇਸੈਂਸ ਆਪਣੀ ਡਿਊਟੀ ਨਿਭਾਉਣ ਵਿੱਚ ਅਸਫਲ ਰਹਿਣ ਕਾਰਨ ਤਿੰਨ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਏਆਈ ਦੇ ਡਾਇਰੈਕਟਰ-ਇਨ-ਫਲਾਈਟ ਸੇਵਾਵਾਂ 'ਤੇ 3 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

ਦਰਅਸਲ, 26 ਨਵੰਬਰ 2022 ਨੂੰ ਨਿਊਯਾਰਕ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ ਵਿੱਚ ਇੱਕ ਯਾਤਰੀ ਸ਼ੰਕਰ ਮਿਸ਼ਰਾ ਨੇ ਇੱਕ ਬਜ਼ੁਰਗ ਔਰਤ ਉੱਤੇ ਪਿਸ਼ਾਬ ਕਰ ਦਿੱਤਾ ਸੀ। ਇਸ ਤੋਂ ਬਾਅਦ, ਇਮੀਗ੍ਰੇਸ਼ਨ ਬਿਊਰੋ ਨੇ ਦਿੱਲੀ ਪੁਲਿਸ ਦੇ ਇਸ਼ਾਰੇ 'ਤੇ ਵਿਅਕਤੀ ਵਿਰੁੱਧ ਲੁੱਕ ਆਊਟ ਸਰਕੂਲਰ (LOC) ਜਾਰੀ ਕੀਤਾ ਸੀ।

ਇਸ ਤੋਂ ਇਲਾਵਾ ਮੁਲਜ਼ਮਾਂ ਬਾਰੇ ਜਾਣਕਾਰੀ ਮਿਲਣ ਦੇ ਸਿਲਸਿਲੇ ਵਿੱਚ ਦਿੱਲੀ ਪੁਲਿਸ ਦੀ ਇੱਕ ਟੀਮ ਮੁਲਜ਼ਮ ਐਸ ਮਿਸ਼ਰਾ ਦੇ ਇੱਕ ਰਿਸ਼ਤੇਦਾਰ ਨੂੰ ਮਿਲਣ ਲਈ ਮੁੰਬਈ ਪਹੁੰਚੀ ਸੀ ਅਤੇ ਪੁੱਛਗਿੱਛ ਵੀ ਕੀਤੀ। ਇਸ ਤੋਂ ਪਹਿਲਾਂ ਏਅਰ ਇੰਡੀਆ ਨੇ ਆਪਣੇ ਪੱਧਰ 'ਤੇ ਕਾਰਵਾਈ ਕਰਦੇ ਹੋਏ ਦੋਸ਼ੀ 'ਤੇ 30 ਦਿਨਾਂ ਲਈ ਯਾਤਰਾ ਪਾਬੰਦੀ ਲਗਾ ਦਿੱਤੀ ਸੀ। ਦੋਸ਼ੀ ਨੂੰ ਦਿੱਲੀ ਪੁਲਿਸ ਨੇ 6 ਦਸੰਬਰ ਨੂੰ ਬੈਂਗਲੁਰੂ ਤੋਂ ਗ੍ਰਿਫ਼ਤਾਰ ਕੀਤਾ ਸੀ।

ਇਸ ਤੋਂ ਪਹਿਲਾਂ ਦੋਸ਼ੀ ਯਾਤਰੀ ਸ਼ੰਕਰ ਮਿਸ਼ਰਾ 'ਤੇ ਚਾਰ ਮਹੀਨਿਆਂ ਲਈ ਪਾਬੰਦੀ ਲਗਾਈ ਗਈ ਸੀ। ਏਅਰ ਇੰਡੀਆ ਦੇ ਬੁਲਾਰੇ ਦੇ ਅਨੁਸਾਰ, ਸਾਬਕਾ ਜ਼ਿਲ੍ਹਾ ਜੱਜ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਅੰਦਰੂਨੀ ਕਮੇਟੀ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਸ਼ੰਕਰ ਮਿਸ਼ਰਾ ਨੂੰ ਦੁਰਵਿਵਹਾਰ ਵਾਲਾ ਯਾਤਰੀ ਪਾਇਆ। ਜਾਂਚ ਤੋਂ ਬਾਅਦ ਸ਼ੰਕਰ ਮਿਸ਼ਰਾ 'ਤੇ ਸਿਵਲ ਏਵੀਏਸ਼ਨ ਦੀਆਂ ਸਬੰਧਤ ਵਿਵਸਥਾਵਾਂ ਅਨੁਸਾਰ ਚਾਰ ਮਹੀਨਿਆਂ ਲਈ ਉਡਾਣ ਭਰਨ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।