Billionaires' Wealth Report: ਅਰਬਪਤੀਆਂ ਦੀ ਜਾਇਦਾਦ 2024 ’ਚ ਤਿੰਨ ਗੁਣਾ ਤੇਜ਼ੀ ਨਾਲ 200 ਅਬਰ ਡਾਲਰ ਤਕ ਵਧੀ : ਰਿਪੋਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

Billionaires' Wealth Report: ਹਰ ਹਫ਼ਤੇ ਲਗਭਗ ਚਾਰ ਲੋਕ ਬਣ ਰਹੇ ਅਰਬਪਤੀ : ਆਕਸਫ਼ੈਮ 

Billionaires' wealth triples to $200 billion in 2024: Report

 

Billionaires' Wealth Report: ਦਾਵੋਸ, 20 ਜਨਵਰੀ : ਦੁਨੀਆਂ ਭਰ ਦੇ ਅਰਬਪਤੀਆਂ ਦੀ ਜਾਇਦਾਦ 2024 ਵਿਚ 2,000 ਤੋਂ 15,000 ਅਮਰੀਕੀ ਡਾਲਰ ਹੋ ਗਈ ਜੋ 2023 ਦੇ ਮੁਕਾਬਲੇ ਤਿੰਨ ਗੁਣਾ ਵੱਧ ਹੈ। ਇਹ ਜਾਣਕਾਰੀ ਅਧਿਕਾਰ ਸਮੂਹ ‘ਆਕਸਫ਼ੈਮ ਇੰਟਰਨੈਸ਼ਨਲ’ ਦੀ ਗਲੋਬਲ ਅਸਮਾਨਤਾ ’ਤੇ ਤਾਜ਼ਾ ਰਿਪੋਰਟ ’ਚ ਦਿਤੀ ਗਈ। ਵਿਸ਼ਵ ਆਰਥਕ ਫ਼ੋਰਮ (ਡਬਲਯੂਈਐਫ਼) ਦੀ ਸਾਲਾਨਾ ਬੈਠਕ ਤੋਂ ਕੁਝ ਘੰਟੇ ਪਹਿਲਾਂ ਸੋਮਵਾਰ ਨੂੰ ‘ਟੇਕਰਸ, ਨਾਟ ਮੇਕਰਸ’ ਸਿਰਲੇਖ ਵਾਲੀ ਇਹ ਰਿਪੋਰਟ ਇੱਥੇ ਜਾਰੀ ਕੀਤੀ ਗਈ। ਆਕਸਫ਼ੈਮ ਇੰਟਰਨੈਸ਼ਨਲ ਨੇ ਅਰਬਪਤੀਆਂ ਦੀ ਦੌਲਤ ਵਿਚ ਹੋਏ ਭਾਰੀ ਵਾਧੇ ਅਤੇ ਗ਼ਰੀਬੀ ਵਿਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਵਿਚ 1990 ਤੋਂ ਬਾਅਦ ਕੋਈ ਖ਼ਾਸ ਬਦਲਾਅ ਨਹੀਂ ਆਉਣ ਦੀ ਤੁਲਨਾ ਕੀਤੀ ਹੈ।

ਆਕਸਫ਼ੈਮ ਨੇ ਕਿਹਾ ਕਿ 2024 ਵਿਚ ਏਸ਼ੀਆ ’ਚ ਅਰਬਪਤੀਆਂ ਦੀ ਜਾਇਦਾਦ ਵਿਚ 299 ਅਰਬ ਅਮਰੀਕੀ ਡਾਲਰ ਦਾ ਵਾਧਾ ਹੋਇਆ। ਉਸਨੇ ਇਹ ਵੀ ਅੰਦਾਜ਼ਾ ਲਗਾਇਆ ਕਿ ਹੁਣ ਤੋਂ ਇਕ ਦਹਾਕੇ ਦੇ ਅੰਦਰ ਘੱਟੋ-ਘੱਟ ਪੰਜ ਖਰਬਪਤੀ ਹੋਣਗੇ। ਸਾਲ 2024 ਵਿਚ ਅਰਬਪਤੀਆਂ ਦੀ ਸੂਚੀ ਵਿਚ 204 ਨਵੇਂ ਲੋਕ ਸ਼ਾਮਲ ਹੋਏ। ਔਸਤਨ, ਹਰ ਹਫ਼ਤੇ ਲਗਭਗ ਚਾਰ ਨਾਮ ਇਸ ਵਿਚ ਸ਼ਾਮਲ ਹੋਏ।  ਇਸ ਸਾਲ ਇਕੱਲੇ ਏਸ਼ੀਆ ਤੋਂ 41 ਨਵੇਂ ਅਰਬਪਤੀ ਇਸ ਸੂਚੀ ਵਿਚ ਸ਼ਾਮਲ ਹੋਏ।
ਅਰਬਪਤੀਆਂ ਦੀ ਜਾਇਦਾਦ 2024 ਵਿਚ ਔਸਤਨ 5.7 ਅਰਬ ਅਮਰੀਕੀ ਡਾਲਰ ਪ੍ਰਤੀ ਦਿਨ ਦੀ ਦਰ ਨਾਲ ਵਧੀ, ਜਦੋਂ ਕਿ ਅਰਬਪਤੀਆਂ ਦੀ ਗਿਣਤੀ 2023 ’ਚ 2,565 ਤੋਂ ਵਧ ਕੇ 2,769 ਹੋ ਗਈ।

ਆਕਸਫ਼ੈਮ ਨੇ ਕਿਹਾ ਕਿ ਦੁਨੀਆਂ ਦੇ 10 ਸਭ ਤੋਂ ਅਮੀਰ ਲੋਕਾਂ ਦੀ ਦੌਲਤ ਵਿਚ ਔਸਤਨ ਪ੍ਰਤੀ ਦਿਨ ਲਗਭਗ 10 ਕਰੋੜ ਅਮਰੀਕੀ ਡਾਲਰ ਦਾ ਵਾਧਾ ਹੋਇਆ ਹੈ। ਉਹ ਰਾਤੋ-ਰਾਤ ਅਪਣੀ 99 ਪ੍ਰਤੀਸ਼ਤ ਦੌਲਤ ਗੁਆ ਬੈਠਣ ਤਾਂ ਵੀ ਉਹ ਅਰਬਪਤੀ ਬਣੇ ਰਹਿਣਗੇ। 

ਆਕਸਫ਼ੈਮ ਇੰਟਰਨੈਸ਼ਨਲ ਦੇ ਕਾਰਜਕਾਰੀ ਨਿਰਦੇਸ਼ਕ ਅਮਿਤਾਭ ਬੇਹਾਰ ਨੇ ਕਿਹਾ, “ਸਾਡੀ ਗਲੋਬਲ ਅਰਥਵਿਵਸਥਾ ਉੱਤੇ ਕੁਝ ਖ਼ਾਸ ਲੋਕਾਂ ਦਾ ਕਬਜ਼ਾ ਇੰਨਾ ਵੱਧ ਗਿਆ ਹੈ, ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਅਰਬਪਤੀਆਂ ਨੂੰ ਰੋਕਣ ਵਿਚ ਅਸਫ਼ਲ ਰਹਿਣ ਕਾਰਨ ਹੁਣ ਲੋਕ ਜਲਦੀ ਹੀ ਖਰਬਪਤੀ ਬਣਨ ਜਾ ਰਹੇ ਹਨ। ਅਰਬਪਤੀਆਂ ਦੁਆਰਾ ਦੌਲਤ ਇਕੱਠੀ ਕਰਨ ਦੀ ਦਰ ਨਾ ਸਿਰਫ਼ ਤਿੰਨ ਗੁਣਾ ਵਧੀ ਹੈ, ਬਲਕਿ ਉਨ੍ਹਾਂ ਦੀ ਤਾਕਤ ਵੀ ਵਧੀ ਹੈ।”ਉਨ੍ਹਾਂ ਕਿਹਾ, ‘‘...ਅਸੀਂ ਇਸ ਰਿਪੋਰਟ ਨੂੰ ਇਕ ਚਿਤਾਵਨੀ ਵਜੋਂ ਪੇਸ਼ ਕਰਦੇ ਹਾਂ ਕਿ ਦੁਨੀਆ ਭਰ ਵਿਚ ਆਮ ਲੋਕ ਕੁੱਝ ਕੁ ਲੋਕਾਂ ਦੀ ਅਥਾਹ ਦੌਲਤ ਅੱਗੇ ਕੁਚਲੇ ਜਾ ਰਹੇ ਹਨ।’’