Kolkata News: ਆਰਜੀ ਕਰ ਮਾਮਲਾ: ਅਦਾਲਤ ਅੱਜ ਦੁਪਹਿਰ ਬਾਅਦ ਦੋਸ਼ੀ ਨੂੰ ਸੁਣਾਏਗੀ ਸਜ਼ਾ

ਏਜੰਸੀ

ਖ਼ਬਰਾਂ, ਰਾਸ਼ਟਰੀ

RG Kar case: ਹੋ ਸਕਦੀ ਹੈ ਉਮਰ ਕੈਦ ਦੀ ਸਜ਼ਾ

RG Kar case: Court to pronounce sentence to convict in afternoon May be life imprisonment

 

RG Kar case: ਕੋਲਕਾਤਾ ਦੇ ਸਰਕਾਰੀ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਇਕ ਮਹਿਲਾ ਸਿਖਿਆਰਥੀ ਡਾਕਟਰ ਨਾਲ ਬਲਾਤਕਾਰ ਕਰਨ ਤੋਂ ਬਾਅਦ ਹਤਿਆ ਦੇ ਦੋਸ਼ੀ ਪਾਏ ਗਏ ਸੰਜੇ ਰਾਏ ਨੂੰ ਅੱਜ ਦੁਪਹਿਰ ਇੱਥੇ ਇਕ ਅਦਾਲਤ ਵਲੋਂ ਸਜ਼ਾ ਸੁਣਾਈ ਜਾਵੇਗੀ। ਜਿਨ੍ਹਾਂ ਧਾਰਾਵਾਂ ਤਹਿਤ ਰਾਏ ਨੂੰ ਦੋਸ਼ੀ ਠਹਿਰਾਇਆ ਗਿਆ ਹੈ, ਉਨ੍ਹਾਂ ਤਹਿਤ ਉਸ ਨੂੰ ਘੱਟੋ-ਘੱਟ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ, ਜਦਕਿ ਵੱਧ ਤੋਂ ਵੱਧ ਮੌਤ ਦੀ ਸਜ਼ਾ ਹੋ ਸਕਦੀ ਹੈ।

ਸਿਆਲਦਾਹ ਅਦਾਲਤ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਨਿਰਬਾਨ ਦਾਸ ਨੇ ਸਨਿਚਰਵਾਰ ਨੂੰ ਰਾਏ ਨੂੰ ਪਿਛਲੇ ਸਾਲ 9 ਅਗੱਸਤ ਨੂੰ ਹਸਪਤਾਲ ਵਿਚ ਪੋਸਟ ਗ੍ਰੈਜੂਏਟ ਸਿਖਿਆਰਥੀ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਹਤਿਆ ਦਾ ਦੋਸ਼ੀ ਠਹਿਰਾਇਆ। ਇਸ ਘਿਨਾਉਣੇ ਅਪਰਾਧ ਨੇ ਦੇਸ਼ ਭਰ ਵਿੱਚ ਰੋਸ ਪੈਦਾ ਕਰ ਦਿਤਾ ਅਤੇ ਲੰਬੇ ਸਮੇਂ ਤਕ ਵਿਰੋਧ ਪ੍ਰਦਰਸ਼ਨ ਜਾਰੀ ਰਹੇ।

ਸੰਜੇ ਨੂੰ 10 ਅਗੱਸਤ, 2024 ਨੂੰ ਆਰਜੀ ਕਰ ਹਸਪਤਾਲ ਦੇ ਸੈਮੀਨਾਰ ਰੂਮ ਵਿਚ 31 ਸਾਲਾ ਡਾਕਟਰ ਦੀ ਲਾਸ਼ ਮਿਲਣ ਤੋਂ ਇਕ ਦਿਨ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਜੱਜ ਨੇ ਉਸ ਨੂੰ ਭਾਰਤੀ ਨਿਆਂਇਕ ਸੰਹਿਤਾ (ਬੀਐਨਐਸ) ਦੀ ਧਾਰਾ 64, 66 ਅਤੇ 103 (1) ਦੇ ਤਹਿਤ ਦੋਸ਼ੀ ਠਹਿਰਾਇਆ ਹੈ। ਬੀਐਨਐਸ ਦੀ ਧਾਰਾ 64 (ਕੁਕਰਮ) ਤਹਿਤ ਘੱਟੋ-ਘੱਟ 10 ਸਾਲ ਦੀ ਸਜ਼ਾ ਦਾ ਪ੍ਰਬੰਧ ਹੈ, ਜੋ ਉਮਰ ਕੈਦ ਤੱਕ ਜਾ ਸਕਦੀ ਹੈ। ਧਾਰਾ 66 ਤਹਿਤ ਘੱਟੋ-ਘੱਟ 20 ਸਾਲ ਦੀ ਸਜ਼ਾ ਦੀ ਵਿਵਸਥਾ ਹੈ ਅਤੇ ਇਹ ਉਮਰ ਕੈਦ ਤੱਕ ਜਾ ਸਕਦੀ ਹੈ। 

ਬੀਐਨਐਸ ਦੀ ਧਾਰਾ 103(1) (ਕਤਲ) ਦੇ ਤਹਿਤ, ਦੋਸ਼ੀ ਲਈ ਮੌਤ ਦੀ ਸਜ਼ਾ ਜਾਂ ਉਮਰ ਕੈਦ ਦੀ ਵਿਵਸਥਾ ਹੈ। ਕੋਲਕਾਤਾ ਹਾਈ ਕੋਰਟ ਨੇ ਮਾਮਲੇ ਦੀ ਜਾਂਚ ਕੋਲਕਾਤਾ ਪੁਲਿਸ ਤੋਂ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਸੌਂਪ ਦਿਤੀ ਸੀ। ਜੱਜ ਨੇ ਕਿਹਾ ਕਿ ਰਾਏ ਦੇ ਬਿਆਨ ’ਤੇ ਦੁਪਹਿਰ 12.30 ਵਜੇ ਸੁਣਵਾਈ ਹੋਵੇਗੀ ਅਤੇ ਉਸ ਤੋਂ ਬਾਅਦ ਸਜ਼ਾ ਸੁਣਾਈ ਜਾਵੇਗੀ।